Home » ਸੰਸਾਰ » ਜਰਮਨੀ » ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਭਾਰਤੀ ਹਕੂਮਤ ਦੇ ਬੇਰਹਿਮ ਤਸ਼ੱਦਦ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖ਼ਤ ਨਿਖੇਧੀ।

ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਭਾਰਤੀ ਹਕੂਮਤ ਦੇ ਬੇਰਹਿਮ ਤਸ਼ੱਦਦ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖ਼ਤ ਨਿਖੇਧੀ।

SHARE ARTICLE

17 Views

ਸਿੱਖਾਂ ਤੋਂ ਬਾਅਦ ਹੁਣ ਆਮ ਨੌਜਵਾਨ ਵੀ ਰਾਜਸੀ ਦਮਨ ਦਾ ਸ਼ਿਕਾਰ; ਲੋਕਤੰਤਰ ਦੇ ਨਕਾਬ ਹੇਠ ਭਾਰਤੀ ਰਾਜ ਦਾ ਕਰੂਰ ਚਿਹਰਾ ਇੱਕ ਵਾਰ ਫਿਰ ਬੇਨਕਾਬ।

ਫਰੈਂਕਫਰਟ 23 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਨੇ ਦਿੱਲੀ ਦੇ ਸੰਸਦ ਮਾਰਗ ਅਤੇ ਜੰਤਰ-ਮੰਤਰ ਵਿਖੇ ਆਪਣੇ ਭਵਿੱਖ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਮੰਗ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਭਾਰਤੀ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ, ਅੱਥਰੂ ਗੈਸ ਦੇ ਗੋਲੀਆਂ ਦੀ ਵਰਤੋਂ ਅਤੇ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਅਤੇ ਸੰਵਿਧਾਨਕ ਹੱਕਾਂ ਦੀ ਮੰਗ ਸੀ, ਉਨ੍ਹਾਂ ਦਾ ਜਵਾਬ ਭਾਰਤੀ ਹਕੂਮਤ ਨੇ ਲਾਠੀਆਂ, ਹਿੰਸਾ ਅਤੇ ਦਹਿਸ਼ਤ ਨਾਲ ਦਿੱਤਾ। ਨਾਬਾਲਗ ਲੜਕੀਆਂ ਸਮੇਤ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਉਨ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਅਤੇ ਕਈਆਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ। ਇਹ ਘਟਨਾਵਾਂ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹਨ, ਸਗੋਂ ਇਹ ਉਸ ਰਾਜਸੀ ਸੋਚ ਦਾ ਪ੍ਰਗਟਾਵਾ ਵੀ ਹਨ ਜੋ ਆਪਣੇ ਹੀ ਨਾਗਰਿਕਾਂ ਦੀ ਆਵਾਜ਼ ਨੂੰ ਤਾਕਤ ਦੇ ਜ਼ੋਰ ਨਾਲ ਕੁਚਲਣ ਵਿੱਚ ਵਿਸ਼ਵਾਸ ਰੱਖਦੀ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਅਤੇ ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਜੋ ਕੁਝ ਦਿੱਲੀ ਦੀਆਂ ਸੜਕਾਂ ਉੱਤੇ ਭਾਰਤ ਦੇ ਨੌਜਵਾਨਾਂ ਨਾਲ ਹੋ ਰਿਹਾ ਹੈ, ਸਿੱਖ ਕੌਮ ਦਹਾਕਿਆਂ ਤੋਂ ਇਸੇ ਦਮਨ, ਇਸੇ ਜ਼ੁਲਮ ਅਤੇ ਇਸੇ ਰਾਜਸੀ ਹਿੰਸਾ ਦਾ ਸਾਹਮਣਾ ਕਰਦੀ ਆ ਰਹੀ ਹੈ। ਜਦੋਂ ਵੀ ਸਿੱਖਾਂ ਨੇ ਆਪਣੇ ਧਾਰਮਿਕ, ਰਾਜਨੀਤਿਕ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਉਨ੍ਹਾਂ ਨੂੰ ਗੋਲੀਆਂ, ਜੇਲ੍ਹਾਂ, ਝੂਠੇ ਕੇਸਾਂ ਅਤੇ ਰਾਜਸੀ ਦਹਿਸ਼ਤ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ਮੌਜੂਦਾ ਹਕੂਮਤ ਨੇ ਲੋਕਤੰਤਰ ਨੂੰ ਸਿਰਫ਼ ਚੋਣਾਂ ਤੱਕ ਸੀਮਤ ਕਰ ਦਿੱਤਾ ਹੈ। ਜੇ ਕੋਈ ਨਾਗਰਿਕ ਸਰਕਾਰ ਤੋਂ ਜਵਾਬ ਮੰਗੇ, ਭ੍ਰਿਸ਼ਟਾਚਾਰ ਵਿਰੁੱਧ ਬੋਲੇ ਜਾਂ ਆਪਣੇ ਸੰਵਿਧਾਨਕ ਹੱਕਾਂ ਦੀ ਮੰਗ ਕਰੇ, ਤਾਂ ਉਸ ਨੂੰ ਲਾਠੀਆਂ, ਅੱਥਰੂ ਗੈਸ, ਜੇਲ੍ਹਾਂ ਅਤੇ ਰਾਜਸੀ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਰਵੱਈਆ ਕਿਸੇ ਵੀ ਲੋਕਤੰਤਰੀ ਰਾਜ ਦੀ ਨਹੀਂ, ਸਗੋਂ ਇੱਕ ਤਾਨਾਸ਼ਾਹੀ ਪ੍ਰਣਾਲੀ ਦੀ ਪਛਾਣ ਹੁੰਦਾ ਹੈ।

ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਦੁਖਦਾਈ ਗੱਲ ਇਹ ਹੈ ਕਿ ਜਦੋਂ ਪੰਜਾਬ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਚੁੱਪੀ ਛਾ ਜਾਂਦੀ ਹੈ। ਫਿਰ ਵੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ “ਸਰਬੱਤ ਦੇ ਭਲੇ” ਦੇ ਸਿਧਾਂਤ ਅਨੁਸਾਰ ਹਰ ਉਸ ਵਿਅਕਤੀ ਦੇ ਨਾਲ ਖੜ੍ਹੀ ਹੈ ਜਿਸ ਨਾਲ ਰਾਜਸੀ ਜ਼ੁਲਮ ਹੁੰਦਾ ਹੈ। ਇਸੇ ਸਿਧਾਂਤ ਦੀ ਪਾਲਣਾ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦਿੱਲੀ ਦੇ ਨਿਰਦੋਸ਼ ਵਿਦਿਆਰਥੀਆਂ ਨਾਲ ਪੂਰੀ ਹਮਦਰਦੀ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੀ ਹੈ।

ਵਰਲਡ ਸਿੱਖ ਪਾਰਲੀਮੈਂਟ ਨੇ ਸੰਯੁਕਤ ਰਾਸ਼ਟਰ, ਯੂਰਪੀ ਸੰਸਦ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਦੁਨੀਆ ਦੇ ਜਮਹੂਰੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਲਗਾਤਾਰ ਵਧ ਰਹੇ ਰਾਜਸੀ ਦਮਨ, ਪੁਲਿਸ ਹਿੰਸਾ ਅਤੇ ਨਾਗਰਿਕ ਅਧਿਕਾਰਾਂ ਦੇ ਘਾਣ ਦਾ ਗੰਭੀਰ ਨੋਟਿਸ ਲੈਣ। ਭਾਰਤੀ ਹਕੂਮਤ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਜਮਹੂਰੀ ਮੁੱਲਾਂ ਦੀ ਅਣਦੇਖੀ ਅਤੇ ਆਪਣੇ ਹੀ ਨਾਗਰਿਕਾਂ ਉੱਤੇ ਜ਼ੁਲਮ ਕਿਸੇ ਵੀ ਸੱਭਿਆਚਾਰਕ ਅਤੇ ਜਮਹੂਰੀ ਸਮਾਜ ਵਿੱਚ ਕਬੂਲ ਨਹੀਂ ਕੀਤੇ ਜਾ ਸਕਦੇ।

ਵਰਲਡ ਸਿੱਖ ਪਾਰਲੀਮੈਂਟ ਨੇ ਦੁਨੀਆ ਭਰ ਵਿੱਚ ਵੱਸਦੇ ਸਮੂਹ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਦੇਸ਼ਾਂ ਦੀਆਂ ਸਰਕਾਰਾਂ, ਸੰਸਦਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੱਕ ਇਸ ਘਟਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ, ਤਾਂ ਜੋ ਭਾਰਤੀ ਰਾਜ ਦੇ ਦਮਨਕਾਰੀ ਚਿਹਰੇ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਬੇਨਕਾਬ ਕੀਤਾ ਜਾ ਸਕੇ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅੰਤਰਰਾਸ਼ਟਰੀ ਦਬਾਅ ਬਣਾਇਆ ਜਾ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News