ਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਦਾ ਘਲੂਘਾਰਾ ਸਿੱਖ ਕੌਮ ਦੇ ਇਤਿਹਾਸ ਦਾ ਉਹ ਅਸਹਿਣਯੋਗ ਦਰਦ ਹੈ, ਜਿਸ ਨੇ ਹਰ ਸਿੱਖ ਦੇ ਦਿਲ ‘ਤੇ ਡੂੰਘੇ ਜ਼ਖ਼ਮ ਛੱਡੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਘਰਾਂ ‘ਤੇ ਕੀਤਾ ਗਿਆ ਹਮਲਾ ਨਾ ਕੇਵਲ ਇਮਾਰਤਾਂ ‘ਤੇ ਹਮਲਾ ਸੀ, ਸਗੋਂ ਸਿੱਖ ਪੰਥ ਦੀ ਆਤਮਾ, ਮਰਯਾਦਾ ਅਤੇ ਧਾਰਮਿਕ ਅਜ਼ਾਦੀ ‘ਤੇ ਕੀਤਾ ਗਿਆ ਇੱਕ ਘਾਤਕ ਵਾਰ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਕਿਹਾ ਕਿ ਸਿੱਖ ਪੰਥ ਅੱਜ ਵੀ ਉਸ ਘਲੂਘਾਰੇ ਨੂੰ ਯਾਦ ਕਰਦਾ ਹੋਇਆ ਜੂਨ 84 ਦੇ ਮਹਾਨ ਸ਼ਹੀਦਾਂ ਨੂੰ ਨਿਮਰਤਾ ਸਹਿਤ ਸਿਜਦਾ ਕਰਦਾ ਹੈ ਅਤੇ ਉਨ੍ਹਾਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਵੇਲੇ ਦੀ ਸਰਕਾਰ ਦੀ ਕੜੀ ਨਿਖੇਧੀ ਕਰਦੇ ਹਾਂ, ਜਿਸ ਨੇ ਸੰਵਾਦ, ਸਮਝਦਾਰੀ ਅਤੇ ਇਨਸਾਫ਼ ਦੀ ਥਾਂ ਫੌਜੀ ਕਾਰਵਾਈ ਦਾ ਰਸਤਾ ਚੁਣਿਆ। ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਨਾ ਅਤੇ ਨਿਰਦੋਸ਼ ਸੰਗਤਾਂ ਦੀਆਂ ਜਾਨਾਂ ਜਾਣਾ ਮਨੁੱਖਤਾ ਅਤੇ ਲੋਕਤੰਤਰ ਦੋਵਾਂ ਲਈ ਇੱਕ ਕਾਲਾ ਅਧਿਆਇ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨਸਾਫ਼, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਅਵਾਜ਼ ਨੂੰ ਸਦਾ ਬੁਲੰਦ ਕਰਦੀ ਰਹੇਗੀ। ਜੂਨ 1984 ਦੇ ਘਲੂਘਾਰੇ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਸੀਂ ਉਸ ਵੇਲੇ ਦੀ ਸਰਕਾਰ ਨੂੰ ਇਸ ਦੁਖਾਂਤ ਲਈ ਇਤਿਹਾਸ ਦੇ ਕਟਘਰੇ ਵਿੱਚ ਖੜ੍ਹਾ ਕਰਦੇ ਹਾਂ। ਸੱਤਾ ਦੇ ਨਸ਼ੇ ਵਿੱਚ ਲਏ ਗਏ ਫ਼ੈਸਲਿਆਂ ਨੇ ਨਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ, ਸਗੋਂ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਗਹਿਰਾ ਆਘਾਤ ਪਹੁੰਚਾਇਆ।
ਇਹ ਕਾਰਵਾਈ ਲੋਕਤੰਤਰ ਦੇ ਨਾਮ ‘ਤੇ ਸੱਤਾ ਦੀ ਬੇਰਹਿਮ ਵਰਤੋਂ ਦਾ ਇੱਕ ਕਾਲਾ ਪ੍ਰਤੀਕ ਬਣ ਚੁੱਕੀ ਹੈ, ਜਿਸ ਦਾ ਦਰਦ ਅਤੇ ਪ੍ਰਭਾਵ ਪੀੜ੍ਹੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਜੂਨ 84 ਦੇ ਸ਼ਹੀਦਾਂ ਦੀ ਸ਼ਹਾਦਤ ਸਿੱਖ ਕੌਮ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ ਅਤੇ ਉਨ੍ਹਾਂ ਦੀ ਕੁਰਬਾਨੀ ਪੰਥ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। “ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੌ ਕਰੌ ਨਿਵਾਸ।” ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







