ਨਿਰੰਕਾਰੀ ਲਹਿਰ ਦਾ ਪਿਛੋਕੜ : ਸਿੱਖੀ ਸ਼ਮਾਂ ਦੇ ਪਰਵਾਨੇ ਤੇ ਗੁਰੂ ਘਰ ਦੇ ਇਤਬਾਰੀ ਸਿੱਖ ” ਗੁਰੂ ਸਹਾਇ ” ਬਾਹਰੀ ਖੱਤਰੀ ਜੋ ਕਾਬਲ ਦੀ ਸੰਗਤ ਦੇ ਮੁਖੀ ਤੇ ਸ੍ਰੀ ਦਸਮੇਸ਼ ਜੀ ਦੇ ਪਰਮ ਸ਼ਰਧਾਲੂ ਸਿੱਖ ਸਨ, ਉਹਨਾਂ ਦਾ ਪੁੱਤਰ ” ਹਰ ਸਹਾਇ ” ਜੋ ਪਿਸ਼ੌਰ ਵਿੱਚ ਕਾਰੋਬਾਰ ਕਰਦੇ ਸਨ ,ਅਕਸਰ ਆਪਣੇ ਪਿਤਾ ਨਾਲ ਕਾਬਲ ਤੇ ਪਿਸ਼ੌਰ ਦੀਆਂ ਸੰਗਤਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਆਇਆ ਕਰਦੇ ਸਨ ।
ਇਸ ਸਮੇਂ, ਇੱਕ ਹੋਰ ਗੁਰਸਿੱਖ ਪਰਿਵਾਰ ਭਾਈ ਭਗਵਾਨ ਸਿੰਘ ਰੋਹਤਾਸ,ਜ਼ਿਲ੍ਹਾ ਜ਼ਿਹਲਮ ਦੇ ਰਹਿਣ ਵਾਲੇ ਜੋ ਦਸਮ ਗੁਰੂ ਜੀ ਦੇ ਖਜਾਨਚੀ ਸਿੱਖ ਸਨ ਅਤੇ ਇਹਨਾਂ ਦਾ ਪੁੱਤਰ ਸੀ ਭਾਈ ਵਿਸਾਖਾ ਸਿੰਘ ।
ਦੋਹਾਂ ਪਰਿਵਾਰਾਂ ਦੀ ਆਪਸੀ ਜਾਣ- ਪਹਿਚਾਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਜੋ ਬਾਅਦ ਵਿੱਚ ਰਿਸ਼ਤੇਦਾਰੀ ਵਿਚ ਬਦਲ ਗਈ, ਭਾਈ ਵਿਸਾਖਾ ਸਿੰਘ ਜੀ ਦੀ ਧੀ “ਲਡਿੱਕੀ” ਦਾ ਅਨੰਦ ਕਾਰਜ ਗੁਰੂ ਸਹਾਇ ਦੇ ਪੁੱਤਰ ਰਾਮ ਸਹਾਇ ਨਾਲ ਹੋਇਆ । ਬੀਬੀ ਲਡਿਕੀ ਅਤੇ,ਰਾਮ ਸਹਾਇ ਦੇ ਘਰ 15 ਵੈਸਾਖ ਸੰਮਤ 1840 (15 ਮਈ 1783 ਈ : ) ਨੂੰ ਨਿਰੰਕਾਰੀ ਲਹਿਰ ਦੇ ਬਾਨੀ “ਬਾਬਾ ਦਿਆਲ” ਜੀ
ਦਾ ਜਨਮ ਹੋਇਆ ।
ਬਾਬਾ ਦਿਆਲ ਜੀ ਨੂੰ ਗੁਰਸਿੱਖੀ ਦੀ ਗੁੜ੍ਹਤੀ ਦਾਦਕੇ ਅਤੇ ਨਾਨਕੇ ਪਰਿਵਾਰ ਦੋਹਾਂ ਖਾਨਦਾਨਾਂ ਵਿੱਚੋਂ ਵਿਰਸੇ ਵਿੱਚ ਮਿਲੀ ਸੀ।
ਬੀਬੀ ਲਡਿਕੀ ਵੱਲੋਂ ਗੁਰੂ ਘਰ ਤੇ ਅਥਾਹ ਸ਼ਰਧਾ ਤੇ ਵਿਸ਼ਵਾਸ ਰੱਖਣ ਕਰਕੇ ਪੇਕੇ ਪਰਿਵਾਰ ਨੇ ਉਹਨਾਂ ਨੂੰ ਆਨੰਦ ਕਾਰਜ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾਜ ਵਿੱਚ ਦਿੱਤੀ ਸੀ । ਗੁਰਬਾਣੀ ਪਾਠ,ਕਥਾ, ਕੀਰਤਨ, ਸਤਸੰਗ ਅਤੇ ਸੇਵਾ ਵਰਗੇ ਸ਼ੁਭ ਵਿਚਾਰਾਂ ਦਾ ਅਸਰ ਉਹਨਾਂ ਦੇ ਪੁੱਤਰ ਦਿਆਲ ਜੀ ਦੇ ਉੱਤੇ ਹੋਇਆ ।
30 ਸਾਲ ਦੀ ਭਰ ਜਵਾਨ ਉਮਰੇ ਵਿੱਚ ਬੀਬੀ ਲਡਿਕੀ ਅਕਾਲ ਚਲਾਣਾ ਕਰ ਗਈ ਅਤੇ ਬਾਬਾ ਦਿਆਲ ਜੀ ਆਪਣੇ ਮਾਮੇ ਮਿਲਖਾ ਸਿੰਘ ਜੀ ਨਾਲ ਰਾਵਲਪਿੰਡੀ ਆ ਗਏ ਜੋ ਧਾਰਮਿਕ ਰੁਚੀ ਵਾਲੇ ਬਜ਼ੁਰਗ ਸਨ ਪਰ ਬੀਬੀ ਲਡਿਕੀ ਦੇ ਅੰਤਿਮ ਸਮੇਂ ਆਪਣੇ ਪੁੱਤਰ ਨੂੰ ਕਹੇ ਬੋਲ ” ਬੇਟਾ ! ਮੈਂ ਇਸ ਸੰਸਾਰ ਤੋਂ ਜਾ ਰਹੀ ਹਾਂ, ਤੂੰ ਕੇਵਲ ਇੱਕ ਅਕਾਲ ਪੁਰਖ ਨੂੰ ਮੰਨੀ ਤੇ ਹਰ ਕਿਸਮ ਦੀ ਆਤਮਿਕ ਸਿੱਖਿਆ ਦੀ ਸੇਧ ਗੁਰਬਾਣੀ ਤੋਂ ਲੈਣੀ ਤੇ ਇਸਦਾ ਪ੍ਰਚਾਰ ਕਰਨਾ ” ਬਾਬਾ ਦਿਆਲ ਜੀ ਲਈ ਜੀਵਨ ਸੇਧ ਹੋ ਨਿੱਬੜੇ।
ਪਹਿਲਾਂ ਪਿਸ਼ੌਰ ਤੇ ਫਿਰ ਰਾਵਲਪਿੰਡੀ ਵਿੱਚ ਬਾਬਾ ਦਿਆਲ ਜੀ ਦੇ ਵੱਲੋਂ ਦੁਕਾਨਦਾਰੀ ਦੇ ਨਾਲ ਨਾਲ ਮਨਮੱਤ ਤੇ ਕੁਰੀਤੀਆਂ ਦੇ ਵਿਰੁੱਧ ਪ੍ਰਚਾਰ ਲਹਿਰ ਆਰੰਭ ਕੀਤੀ ਗਈ।
ਇਸ ਸਮੇਂ ਪਿੱਤਰ ਪੂਜਾ, ਸ਼ਰਾਧ ਪੂਜਾ ਅਤੇ ਦੇਹ ਪੂਜਾ ਦਾ ਦੰਭ ਪਖੰਡ ਬੜੇ ਵੱਡੇ ਰੂਪ ਵਿੱਚ ਪੈਰ ਪਸਾਰ ਰਿਹਾ ਸੀ,ਜਿਸਨੂੰ ਠੱਲ ਪਾਉਣ ਲਈ ਬਾਬਾ ਦਿਆਲ ਜੀ ਅੱਗੇ ਆਏ ਅਤੇ ਨਿਰੋਲ ਗੁਰੂ ਸ਼ਬਦ -ਗੁਰਬਾਣੀ ਦੀ ਓਟ ਲੈਣ ਸਬੰਧੀ ਲੋਕਾਂ ਨੂੰ ਜਾਗਰੁੱਕ ਕਰਨ ਲੱਗੇ । ਉਹ ਗੁਰਦੁਆਰਿਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਪ੍ਰਚਾਰ ਕਰਦੇ ਸਮੇਂ ਅਕਸਰ ਕਿਹਾ ਕਰਦੇ ਸਨ”ਜਪੋ ਪਿਆਰਿਓ ਧੰਨ ਨਿਰੰਕਾਰ, ਜੋ ਦੇਹਧਾਰੀ ਸੱਭ ਹੋਇ ਖੁਆਰ” ਧੰਨ ਨਿਰੰਕਾਰ ਦੀ ਧੁਨੀ ਬੁਲੰਦ ਕਰਨ ਕਰਕੇ ਆਪ ਜੀ ਦੀ ਇਸ ਲਹਿਰ ਦੇ ਨਾਲ ” ਨਿਰੰਕਾਰੀ ” ਸ਼ਬਦ ਜੁੜ ਗਿਆ। ਗੁਰਮਤਿ ਅਨੁਸਾਰੀ ਇਹ ਲਹਿਰ ਕੁੱਝ ਪੁਰਾਣ-ਪੰਥੀਆਂ ਨੂੰ ਚੰਗੀ ਨਾ ਲੱਗੀ ਤੇ ਬਾਬਾ ਦਿਆਲ ਜੀ ਦੇ ਵਿਚਾਰਾਂ ਦਾ ਵਿਰੋਧ ਕਰਦੇ ਹੋਏ ਬਰਾਦਰੀ ਦੇ ਕੁੱਝ ਲੋਕਾਂ ਨੇ ਉਹਨਾਂ ਨਾਲ ਵਰਤੋਂ ਵਿਹਾਰ ਬੰਦ ( ਬਾਈਕਾਟ ) ਕਰ ਦਿੱਤਾ।
ਉਪਰੰਤ ਆਪ ਜੀ ਮਾਮਾ ਭਾਈ ਮਿਲਖਾ ਸਿੰਘ ਜੀ ਨਾਲ ਰਾਵਲਪਿੰਡੀ ਆ ਗਏ ਜਿੱਥੇ ਗੁਰਮਤਿ ਪ੍ਰਚਾਰ ਲਈ ਇੱਕ ਵੱਖਰਾ ਸਥਾਨ ਤਿਆਰ ਕਰਵਾਇਆ ।
ਬਾਬਾ ਦਿਆਲ ਜੀ ਦੀ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਹੋ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਪ ਸਤਸੰਗ ਵਿੱਚ ਹਾਜ਼ਰ ਹੋਏ, ਸੰਗਤਾਂ ਦੇ ਜੋੜੇ ਝਾੜੇ ਤੇ ਆਪ ਜੀ ਦੀ ਮਨੋਹਰ ਕਥਾ ਸੁਣ ਕੇ ਗੁਰਦੁਆਰੇ ਦੇ ਨਾਂ ਜਗੀਰ ਲਾ ਦਿੱਤੀ ।
ਅਨੰਦ ਕਾਰਜ ਤੇ ਸੰਤਾਨ : 1809 ਈ : ਨੂੰ ਬਾਬਾ ਦਿਆਲ ਜੀ ਦੀ ਸ਼ਾਦੀ ਭੇਰੇ ਦੇ ਇੱਕ ਖੱਤਰੀ ਪਰਿਵਾਰ ਚਰਨ ਦਾਸ ਦੀ ਪੁੱਤਰੀ ” ਮੂਲਾਂ ਦੇਵੀ ” ਨਾਲ ਹੋਈ,ਜਿੰਨਾਂ ਦੀ ਕੁੱਖ ਤੋਂ ਤਿੰਨ ਸਪੁੱਤਰ ਬਾਬਾ ਦਰਬਾਰਾ ਸਿੰਘ ਜੀ,ਬਾਬਾ ਭਾਗ ਸਿੰਘ ਜੀ ਤੇ ਬਾਬਾ ਰੱਤਾ ਜੀ ( ਰਤਨ ਚੰਦ ) ਪੈਦਾ ਹੋਏ ।
ਬਾਬਾ ਦਿਆਲ ਜੀ ਨੇ ਲੰਮਾ ਸਮਾਂ ਵਹਿਮਾਂ, ਭਰਮਾਂ ,ਪਖੰਡ ਪੂਜਾ ਤੇ ਦੇਹਧਾਰੀ ਲੋਕਾਂ ਦੇ ਵਿਰੁੱਧ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ, ਖੁੱਲੇ ਦੀਵਾਨ ਦੇ ਵਿੱਚ ਅਨੰਦ ਕਾਰਜ ਦੀ ਮਰਿਆਦਾ ਆਪ ਜੀ ਨੇ ਹੀ ਸ਼ੁਰੂ ਕਰਵਾਈ ਸੀ । ਅਖੀਰ 30 ਜਨਵਰੀ 1855 ਈ : ਨੂੰ ਬਾਬਾ ਜੀ ਦਾ ਦੇਹਾਂਤ ਹੋਇਆ ।
ਆਪ ਜੀ ਤੋਂ ਮਗਰੋਂ ਵੱਡੇ ਸਪੁੱਤਰ ਬਾਬਾ ਦਰਬਾਰਾ ਸਿੰਘ ਜੀ ਉਤਰਾ-ਅਧਿਕਾਰੀ ਬਣੇ,ਫਿਰ ਬਾਬਾ ਰੱਤਾ ਸਿੰਘ ਜੀ, ਬਾਬਾ ਗੁਰਦਿੱਤਾ ਸਿੰਘ ਅਤੇ ਬਾਬਾ ਹਰਾ ਸਿੰਘ ਜੀ ਸਮੇਤ ਚੱਲ ਰਹੀ ਸਿਲਸਿਲੇ ਵਾਰ ਇਸ ਲੜੀ ਦੇ ਉਤਰਾ- ਅਧਿਕਾਰੀਆਂ ਨੇ ਗੁਰ ਮਰਿਆਦਾ, ਸਮਾਜ ਸੁਧਾਰ ਅਤੇ ਸਿੱਖਾਂ ਦੇ ਵਿਦਿਅਕ ਪ੍ਰਚਾਰ ਵੱਲ ਬਹੁਤ ਧਿਆਨ ਦਿੱਤਾ।
ਨਿਰੰਕਾਰੀ ਲਹਿਰ ਵਿੱਚ ਨਕਲੀਆਂ ਦੀ ਘੁਸਪੈਠ: ਬਾਬਾ ਰੱਤਾ ਜੀ ਨਿਰੰਕਾਰੀ ਦੇ ਇੱਕ ਪ੍ਰੇਮੀ ਭਾਈ ਬਿਸ਼ਨ ਸਿੰਘ ਦੇ ਘਰ ਮਾਤਾ ਮਾਇਆਵਤੀ ਦੀ ਕੁੱਖੋਂ ਬੂਟਾ ਸਿੰਘ ਦਾ ਜਨਮ ਪਿੰਡ ਅਧਵਾਲ,ਜ਼ਿਲ੍ਹਾ ਕੈਂਬਲਪੁਰ ਵਿਚ ਹੋਇਆ ।
ਇਸ ਦੇ ਤਿੰਨ ਭਰਾ ( ਭਾਈ ਸੰਤ ਸਿੰਘ , ਭਾਈ ਸੋਭਾ ਸਿੰਘ, ਭਾਈ ਬਚਨ ਸਿੰਘ) ਹੋਰ ਅਤੇ ਇੱਕ ਭੈਣ ( ਸਤ – ਭਰਾਈ ) ਵੀ ਸੀ ।
ਬੂਟਾ ਸਿੰਘ 1902 ਵਿੱਚ ਫੌਜ ਵਿੱਚ ਭਰਤੀ ਹੋਇਆ ਪਰ ਛੇਤੀ ਹੀ ਨੌਕਰੀ ਛੱਡ ਦਿੱਤੀ,ਇਸਦੀਆਂ ਦੋ ਸ਼ਾਦੀਆਂ ਹੋਈਆਂ ਪਰ ਸੰਤਾਨ ਕੋਈ ਨਾ ਕੋਈ ।
ਬੂਟਾ ਸਿੰਘ ਬੇਹੱਦ ਵਿਗੜੈਲ ਮਾਨਸਿਕਤਾ ਵਾਲਾ, ਇੱਕ ਨੰਬਰ ਦਾ ਆਯਾਸ਼ ਤੇ ਸ਼ਰਾਬੀ ਬੰਦਾ ਸੀ ਜਿਸ ਦੀਆਂ ਕੋਝੀਆਂ ਹਰਕਤਾਂ ਦਾ ਕਰਕੇ ਪਿਸ਼ੌਰ ਵਿੱਚ ਇਸ ਨੂੰ ਕਿਸੇ ਨੇ ਮੂੰਹ ਨਾ ਲਾਇਆ ਅਤੇ ਫਿਰ ਰਾਵਲਪਿੰਡੀ ਆ ਗਿਆ ਜਿੱਥੇ ਇਸ ਦਾ ਮਿਲਾਪ ਅਵਤਾਰ ਸਿੰਘ ਨਾਲ ਹੋਇਆ।
ਬੂਟਾ ਸਿੰਘ ਤੇ ਅਵਤਾਰ ਸਿੰਘ ਦੋਵੇਂ ਇੱਕੋ ਜਿਹੀ ਮਾਨਸਿਕਤਾ ਵਾਲੇ ਅਯਾਸ਼ ਕਿਸਮ ਦੇ ਬੰਦੇ ਸਨ ਜਿੰਨਾਂ ਨੇ ਪਹਿਲਾਂ ਪਿਸ਼ੌਰ ਅਤੇ ਫਿਰ ਰਾਵਲਪਿੰਡੀ ਵਿੱਚ ਨਿਰੰਕਾਰੀ ਲਹਿਰ ਦੇ ਬਰਾਬਰ ਆਪਣਾ ਵੱਖਰਾ ਗੁਰੂ ਡੰਮ,ਦੰਬ-ਪਖੰਡ ਤੇ ਨਕਲੀ ਨਿਰੰਕਾਰੀ ਮਿਸ਼ਨ ਦਾ ਮੁੱਢ ਬੰਨ੍ਹਣਾ ਚਾਹਿਆ ਪਰ ਦਾਲ ਨਾ ਗਲੀ ।
1943 ਈ: ਵਿੱਚ ਬੂਟਾ ਸਿੰਘ ਦੀ ਭਿਆਨਕ ਬਿਮਾਰੀ ਦੇ ਚੱਲਦੇ ਮੌਤ ਹੋ ਗਈ ਤੇ ਅਵਤਾਰ ਨੇ 1947 ਈ : ਦੀ ਵੰਡ ਤੋਂ ਬਾਅਦ ਦਿੱਲੀ ਜਾ ਡੇਰੇ ਲਾਏ ।
ਦਿੱਲੀ ਵਿੱਚ ਨਕਲੀ ਨਿਰੰਕਾਰੀ ਮੰਡਲ ਦਾ ਮੁੱਢ : ਅਵਤਾਰ ਸਿੰਘ ਨੇ ਪਹਾੜ ਗੰਜ ਦਿੱਲੀ ਵਿੱਚ ਜਿਉਂ ਹੀ ਦੇਹਧਾਰੀ ਗੁਰੂ ਡੰਮ ਦਾ ਜਾਲ ਤਣਿਆ ਤੇ ਭੋਲੇ ਪੰਛੀ ਜਾਲ ਵਿੱਚ ਫਸਣੇ ਸ਼ੁਰੂ ਹੋ ਗਏ।
ਇਸ ਨੇ ਆਪਣੇ ਸਖਸ਼ੀ ਪ੍ਰਚਾਰ ਦੇ ਲਈ ਕੁਝ ਪੇਡ ਏਜੰਟ ਅਤੇ ਪਰਿਵਾਰਿਕ ਮੈਂਬਰਾਂ ਨੂੰ ਤਿਆਰ ਕੀਤਾ,ਸਰਕਾਰੀ ਅਫਸਰਾਂ ਤੇ ਵਜ਼ੀਰਾਂ ਦੀ ਖੁਸ਼ਾਮਦ ਕਰਕੇ ਉਹਨਾਂ ਨਾਲ ਗੰਢ ਤੁੱਪ ਕਰ ਲਈ,ਬਸ ਫਿਰ ਕੀ,ਪਖੰਡ ਤੇ ਝੂਠ ਦੀ ਦੁਕਾਨ ਚੱਲਣੀ ਸ਼ੁਰੂ ਹੋ ਗਈ ।
“ਸੰਤ ਨਿਰੰਕਾਰੀ” ਨਾਮ ਦੇ ਰਸਾਲੇ ਵਿੱਚ ਖੁਸ਼ਾਮਦੀ ਕਵੀ ਤੇ ਲੇਖਕ ਇਸਦੀ ਝੂਠੀ ਉਸਤਤ ਦੇ ਪੁਲ ਬੰਨਦੇ ਅਤੇ ਰੱਬੀ ਅਵਤਾਰ ਬਣਾ ਕੇ ਪੇਸ਼ ਕਰਨ ਲੱਗੇ ।
ਅਵਤਾਰ ਸਿੰਘ ਦੇ ਅੰਧ ਵਿਸ਼ਵਾਸੀ ਚੇਲੇ ਚਾਟੜਿਆਂ ਨੇ ਉਸ ਨੂੰ ਰੱਬ ਬਣਾ ਕੇ ਪ੍ਰਚਾਰਿਆ ਅਤੇ ਭੋਲੇ ਭਾਲੇ ਲੋਕ ਇਹਨਾਂ ਦੇ ਮਗਰ ਲੱਗਦੇ ਗਏ।
ਅਵਤਾਰ ਸਿੰਘ ਦੀ ਪਤਨੀ ਬੁੱਧਵੰਤੀ ਦੀ ਕੁੱਖੋਂ 10 ਦਸੰਬਰ 1930 ਨੂੰ ਪਿਸ਼ੌਰ ਵਿੱਚ ਗੁਰਬਚਨ ਸਿੰਘ ਦਾ ਜਨਮ ਹੋਇਆ,ਅਵਤਾਰ ਸਿੰਘ ਦੀ ਮੌਤ 17 ਸਤੰਬਰ 1969 ਈ: ਨੂੰ ਦਿੱਲੀ ਵਿੱਚ ਕੈਂਸਰ ਨਾਲ ਹੋਈ ਪਰ ਉਸਨੇ 1963 ਈ:ਮੌਤ ਤੋਂ ਪਹਿਲਾਂ ਹੀ ਨਕਲੀ ਨਿਰੰਕਾਰੀ ਲਹਿਰ ਦਾ ਉਤਰ-ਅਧਿਕਾਰੀ ਆਪਣੇ ਪੁੱਤ ਗੁਰਬਚਨ ਸਿੰਘ ਨੂੰ ਬਣਾ ਦਿੱਤਾ ।
ਗੁਰਬਚਨ ਸਿੰਘ ਨੇ ਅਵਤਾਰੀ ਪੈਗੰਬਰਾਂ ਦੇ ਦਾਅਵੇ ਕਰਨ ਵਿੱਚ ਆਪਣੇ ਪਿਤਾ ਅਵਤਾਰ ਸਿੰਘ ਨੂੰ ਵੀ ਮਾਤ ਪਾ ਦਿੱਤੀ ਅਤੇ ਕੁਝ ਟੁੱਕੜ ਬੋਚ ਕਵੀਆਂ ਪਾਸੋਂ ਲਿਖਵਾ ਦਿੱਤਾ ।
ਆਇਆ ਗੁਰੂ ਬਚਨ ਅਵਤਾਰ ।
ਸਾਰੇ ਜਗ ਦਾ ਪਾਲਣਹਾਰ ।
ਸਾਡਾ ਕਰ ਗਿਆ ਬੇੜਾ ਪਾਰ।
ਇਹਦੀ ਹੋ ਰਹੀ ਜੈ ਜੈਕਾਰ ।
ਆਪਣੇ ਨਿੱਜ ਬਾਰੇ ਖੁਦਾਈ ਦੇ ਦਾਅਵੇ ਕਰਨ ਵਾਲੇ ਨਕਲੀਆਂ ਨੇ
“ਅਵਤਾਰ ਬਾਣੀ ” ਲਿਖਵਾਈ ਜਿਸ ਨੂੰ ਇਹਨਾਂ ਦੇ ਪਿਛਲੱਗ ਸ਼ਰਧਾਲੂ ਟੱਪੇ ਬਣਾ ਬਣਾ ਗਾਉਣ ਲੱਗ ਪਏ । ਅਵਤਾਰ ਸਿੰਘ ਨੇ ਨਿਰੰਕਾਰੀ ਸੰਤ ਮੰਡਲ ਤੇ ਸੇਵਾ ਦਲ ਬਣਾਇਆ ਸੀ ਪਰ ਗੁਰਬਚਨ ਸਿੰਘ ਨੇ ਉਸ ਦਲ ਨੂੰ ਇੱਕ ਫੌਜੀ ਜਥੇਬੰਦੀ ਦੀ ਸ਼ਕਲ ਵਿੱਚ ਬਦਲ ਦਿੱਤਾ।
ਨਕਲੀ ਨਿਰੰਕਾਰੀ ਬਾਹਰੋਂ ਜ਼ਰੂਰ ਧਰਮੀ ਦਿੱਸਦੇ ਸਨ ਪਰ ਅੰਦਰਲੀਆਂ ਆਦਤਾਂ ਹੱਥੋਂ ਮਜ਼ਬੂਰ ਮਾਸ,ਸ਼ਰਾਬ ਅਤੇ ਲਿੰਗ ਸੁਤੰਤਰਤਾ ਦੇ ਪੱਕੇ ਹਾਮੀ ਸਨ।
ਸਿੱਖਾਂ ਵੱਲੋਂ ਨਕਲੀਆਂ ਦਾ ਵਿਰੋਧ ਕਿਉਂ ?
੧ -ਸਿੱਖੀ ਸਰੂਪ ਦੇ ਵਿੱਚ,ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਹਧਾਰੀ ਅਖੌਤੀ ਗੁਰੂਆਂ ਦੀ ਸਖਸੀ ਪੂਜਾ ਕਰਵਾਉਣੀ ਜੋ ਸਿਧਾਂਤਕ ਪੱਖ ਤੋਂ ਸਿੱਖ ਫਲਸਫੇ ਦੇ ਉੱਤੇ ਇੱਕ ਵੱਡੀ ਸੱਟ ਸੀ ।
੨ – ਮਾਸ,ਸ਼ਰਾਬ, ਤੰਬਾਕੂ ਆਦਿ ਨਸ਼ੇ ਦੀ ਵਰਤੋਂ ਲਿੰਗ ਸੁਤੰਤਰਤਾ ਦੀ ਖੁੱਲ੍ਹ,
ਇੱਕ ਦੂਜੇ ਦੀ ਝੂਠ ਖਾਣੀ ਅਤੇ ਖਵਾਉਣੀ ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਦੀ ਥਾਂ ਪੈਰੀਂ ਹੱਥ ਲਾਉਣੇ।
੩ – ਬੋਲੇ ਸੋ ਨਿਹਾਲ,ਸਤਿ ਸ੍ਰੀ ਅਕਾਲ ਦੀ ਥਾਂ ਨਕਲੀਆਂ ਨੇ ਇੱਕ ਫੋਕਾ ਬੇਅਸਰ ਨਾਹਰਾ ਘੜਿਆ “ਜੋ ਬੋਲੈ ਤਿਸ ਕੈ ਬਲਹਾਰ, ਬੋਲੋ ਧਨ ਨਿਰੰਕਾਰ।”
੪ – ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁੱਲ ” ਅਵਤਾਰ ਬਾਣੀ ” ਤਿਆਰ ਕਰਵਾਈ ਤੇ ਸੰਤੋਖਸਰ ( ਅੰਮ੍ਰਿਤਸਰ )ਸਰੋਵਰ ਦੀ ਥਾਂ ਦਿੱਲੀ ਵਿੱਚ ਸੰਤੋਖਸਰ ਬਣਾਇਆ ।
੫ – ਆਪਣੇ ਕੋੜਮੇਂ ਦੇ ਨਾਮ ਗੁਰੂ ਪਰਿਵਾਰ ਦੇ ਮੈਂਬਰਾਂ ਅਤੇ ਸਿੱਖ ਸ਼ਖ਼ਸੀਅਤਾਂ ਵਾਂਗ ਰੱਖੇ ਜਿਵੇਂ,ਬੇਬੇ ਨਾਨਕੀ ਜੀ, ਭਾਈ ਗੁਰਦਾਸ ਜੀ,ਬਾਬਾ ਬੁੱਢਾ ਜੀ ਆਦਿ
੬ – ਭਾਈ ਗੁਰਦਾਸ ਜੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬੰਧੀ ਵਰਤੀ ਪੰਕਤੀ ” ਜਾਹਰ ਪੀਰ ਜਗਤੁ ਗੁਰੁ ਬਾਬਾ ” ਨੂੰ ਨਕਲੀ ਤ੍ਰਿਲੋਕ ਸਿੰਘ ਨੇ ਬਦਲ ਕੇ ” ਜਾਹਰ ਪੀਰ ਗੁਰਬਚਨ ਬਾਬਾ ” ਕਰ ਦਿੱਤਾ ।
੭ – 27 ਫਰਵਰੀ 1966 ਈ : ਅਵਤਾਰ ਸਿੰਘ ਨੇ ਦਿੱਲੀ ਦੇ ਇਕੱਠ ਵਿੱਚ ਸ੍ਰੀ ਦਸਮੇਸ਼ ਜੀ ਦੀ ਬਰਾਬਰੀ ਕਰਦੇ ਹੋਏ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾਏ ਸਨ ਅਤੇ ਮੈਂ ਸੱਤ ਪਿਆਰੇ ਬਣਾਏ ਹਨ ।
੮ -1964 ਈ : ਜਲੰਧਰ ਵਿੱਚ ਆਪਣੇ ਪ੍ਰਚਾਰ ਦੌਰਾਨ ਸਿੱਖੀ ਵਿਰੁੱਧ ਪ੍ਰਚਾਰ ਕੀਤਾ ਜਿਸ ਦਾ ਢੁੱਕਵਾਂ ਜਵਾਬ ਗਿਆਨੀ ਪ੍ਰਤਾਪ ਸਿੰਘ ਜੀ ਨੇ ਦਿੱਤਾ।
੯ -1972 ਈ: ਦਿੱਲੀ ਵਿਚ ਸਲਾਨਾ ਜਲਸੇ ਦੌਰਾਨ ਗੁਰਬਚਨ ਸਿੰਘ ਅਤੇ ਉਸਦੀ ਪਤਨੀ ਨੂੰ ਨੋਟਾਂ ਵਿੱਚ ਤੋਲਣ ਉਪਰੰਤ ਤਸਵੀਰ ਲੁਹਾਈ ਤੇ ਸੂਹੀ ਮ:੧
” ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ” ਗੁਰਬਾਣੀ ਦੀ ਪੰਕਤੀ ਲਿਖੀ ਗਈ,ਜਿਸਦਾ ਸਿੱਖ ਸੰਗਤ ਨੇ ਭਾਰੀ ਵਿਰੋਧ ਕੀਤਾ।
੧੦ – 1973 ਈ : ਨੂੰ ਨਿਰੰਕਾਰੀ ਭਵਨ ਪੰਚ ਪੋਲੀ ( ਨਾਗਪੁਰ ) ਵਿੱਚ ਅਖੌਤੀ ਰਾਜ ਮਾਤਾ ਗੁਰਬਚਨ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਇਸਤਰੀ ਸਤਿਸੰਗ ਵਿੱਚ ਕਿਹਾ: “ਕਲਯੁਗ ਦਾ ਤਾਰਨਹਾਰ ਬਾਬਾ ਗੁਰਬਚਨ ਹੈ,ਉਹ ਤੁਹਾਡੀ ਕਲਿਆਣ ਕਰ ਸਕਦਾ ਹੈ । ਗੁਰੂ ਗ੍ਰੰਥ ਤਾਂ ਇੱਕ ਪੋਥਾ ਹੈ, ਤੁਹਾਡਾ ਕੁਝ ਨਹੀਂ ਸਵਾਰ ਸਕਦਾ” ਮੌਕੇ ਤੇ ਮੌਜੂਦ ਰਾਗੀ ਭਾਈ ਸੁਜਾਨ ਸਿੰਘ ਲਖਨਊ ਅਤੇ ਹੋਰ ਸੰਗਤਾਂ ਨੇ ਬੁਰਾ ਮਨਾਇਆ।
੧੧ – ਆਨੰਦ ਰੀਤੀ ਦੇ ਉਲਟ ਵਿਆਹ ਵਾਲੇ ਜੋੜੇ ਤੋਂ ਆਪਣੇ ਦੇਹਧਾਰੀ ਬਾਬਿਆਂ ਦੇ ਦੁਆਲੇ ਭੁਆਟਣੀਆ ਸ਼ੁਰੂ ਕਰ ਦਿੱਤੀਆਂ।
੧੨ – ਸੱਚਾ ਪਾਤਸ਼ਾਹ ਸ਼ਬਦ ਦੀ ਵਰਤੋਂ ਅਖੌਤੀ ਦੇਹਧਾਰੀ ਗੁਰੂਆਂ ਲਈ ਕਰਨੀ,ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉੱਚੇ ਤੇ ਵਿਸ਼ੇਸ਼ ਸਥਾਨ ਤੇ ਬੈਠਣਾ ਅਤੇ ਗੁਰਬਾਣੀ ਪੋਥੀਆਂ ਸਮੇਤ ਕਥਾ ਕਰਨ ਵਾਲੇ ਨੂੰ ਨੀਵਾਂ ਬਿਠਾਉਣਾ।
ਨੋਟ – ਇਹ ਕੇਵਲ ਕੁੱਝ ਅਹਿਮ ਅਤੇ ਚੋਣਵੇਂ ਪੱਖ ਸਾਂਝੇ ਕੀਤੇ ਹਨ ਇਸਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਸਨ ।
ਮੁੱਖ ਘਟਨਾ ਤੋਂ ਪਹਿਲਾਂ ਸਿੱਖਾਂ ਵੱਲੋਂ ਨਕਲੀਆਂ ਦਾ ਵਿਰੋਧ :
ਨਕਲੀ ਨਿਰੰਕਾਰੀਆਂ ਦਾ ਸਿੱਖਾਂ ਵੱਲੋਂ ਸਭ ਤੋਂ ਪਹਿਲਾ ਵਿਰੋਧ ਅੰਮ੍ਰਿਤਸਰ ਵਿਖੇ 1956 – 57 ਈ: ਨੂੰ ਰਾਮਬਾਗ ਦੇ ਲਾਗੇ ਕੀਤਾ ਗਿਆ ਕਿਉਂਕਿ ਇਸ ਨੇ ਆਪਣੇ ਪ੍ਰਚਾਰ ਦੌਰਾਨ ਗੁਰਬਾਣੀ ਦੀ ਕਥਾ ਕਰਦਿਆਂ ਅਨਰਥ ਕੀਤੇ ਸਨ ਜੋ ਸਿੱਖ ਸਿਧਾਂਤਾਂ ਮੁਤਾਬਕ ਸਹੀ ਨਾ ਹੋਣ ਕਰਕੇ ਪ੍ਰੋਗਰਾਮ ਵਿੱਚ ਖੱਲੜ ਪਿਆ, ਮਾਰ ਕੁਟਾਈ ਹੋਈ, ਮੁਕਦਮਾ ਚੱਲਿਆ ਤੇ ਅਖੀਰ ਗੁਰਬਾਣੀ ਜਾਂ ਸਿੱਖੀ ਦੇ ਉਲਟ ਕੁਝ ਨਾ ਕਹਿਣ ਦਾ ਵਾਅਦਾ ਕਰਕੇ ਅਵਤਾਰ ਸਿੰਘ ਨੇ ਆਪਣੀ ਗੈਲ ਛੁਡਾਈ ਅਤੇ ਛੇ ਸਾਲ ਤੱਕ ਅੰਮ੍ਰਿਤਸਰ ਨਾ ਵੜਿਆ ।
ਇਸਤੋਂ ਬਾਅਦ ਵੱਖ ਵੱਖ ਸ਼ਹਿਰ ਜਿਵੇਂ ਹੁਸ਼ਿਆਰਪੁਰ,ਲੁਧਿਆਣਾ, ਪਠਾਨਕੋਟ, ਰਾਇਪੁਰ-ਐਮ ਪੀ , ਮੁੰਬਈ ਅਤੇ ਕੁੱਝ ਹੋਰ ਸਮਾਗਮਾਂ ਵਿੱਚ ਵੀ ਨਕਲੀਆਂ ਦੇ ਪ੍ਰਚਾਰ ਦਾ ਸਿੱਖ ਸੰਗਤਾਂ ਨੇ ਕਈ ਵਾਰ ਵਿਰੋਧ ਕੀਤਾ।
ਵੱਡੇ ਟਕਰਾਅ ਅਤੇ ਖੂਨੀ ਝੜਪ ਤੋਂ ਬਚਣ ਲਈ ਸਿੱਖਾਂ ਨੇ ਨਕਲੀ ਨਿਰੰਕਾਰੀਆਂ ਵਿਰੁੱਧ ਕਈ ਵਾਰ ਪੁਲਸ ਦਰਖ਼ਾਸਤਾਂ ਵੀ ਦਿੱਤੀਆਂ ਪਰ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਗੁਰਬਚਨ ਸਿੰਘ ਤੇ ਉਸਦੀ ਮੰਡਲੀ ਤੇ ਕੋਈ ਯੋਗ ਕਾਰਵਾਈ ਨਾ ਹੋਈ ।
13 ਅਪ੍ਰੈਲ 1978 ਈ: ਦੀ ਵੈਸਾਖੀ ਅਤੇ ਸਿੰਘਾਂ ਦੀ ਸ਼ਹੀਦੀ:
ਵੈਸਾਖੀ ਤੋਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚ ਨਕਲੀ ਨਿਰੰਕਾਰੀਆਂ ਨੇ ਕੈਂਪ ਲਾਉਣ ਲਈ ਆਪਣੇ ਹਥਿਆਰਬੰਦ ਬੰਦੇ ਭੇਜੇ, ਜਿੰਨਾਂ ਨੇ ਮਾਰੂ ਹਥਿਆਰ ਬੁੱਕਲਾਂ ਵਿੱਚ ਲੁਕਾਏ ਹੋਏ ਸਨ ।
ਨਕਲੀ ਨਿਰੰਕਾਰੀਆਂ ਵੱਲੋਂ ਵੈਸਾਖੀ ਦੇ ਮੌਕੇ ਧਾਰਮਿਕ ਪ੍ਰੋਗਰਾਮ ਲਈ ਅੰਮ੍ਰਿਤਸਰ ਸ਼ਹਿਰ ਨੂੰ ਚੁਣਨਾ ਹੀ ਸ਼ਰਾਰਤ ਸੀ, ਫਿਰ ਉਚੇਚੇ ਤੌਰ ਤੇ ਸਾਰੇ ਸ਼ਹਿਰ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਗਈ ਅਤੇ ਬਾਬੇ ਦੇ ਮਨੋਹਰ ਪ੍ਰਚਾਰ ਸਮੇਤ ਸਾਰੇ ਪ੍ਰੋਗਰਾਮ ਦੀ ਵੇਰਵਾ ਦਿੱਤਾ ਗਿਆ।
ਇਹ ਪ੍ਰੋਗਰਾਮ ਲੋਹਗੜ੍ਹ ਦਰਵਾਜ਼ੇ ਦੇ ਬਾਹਰ ਵਾਰ ਰੇਲਵੇ ਕਲੋਨੀ ਕੋਲ ਇੱਕ ਪੰਡਾਲ ਵਿੱਚ ਕੀਤਾ ਜਾ ਰਿਹਾ ਸੀ।
ਨਕਲੀ ਨਿਰੰਕਾਰੀਆਂ ਵੱਲੋਂ ਸਵੇਰੇ 7 ਵਜੇ ਪੰਜਾਹ ਹਜਾਰ ਦੀ ਗਿਣਤੀ ਦੇ ਕਰੀਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੈਦਲ ਜਲੂਸ ਸ਼ੁਰੂ ਕੀਤਾ ਗਿਆ ।
ਹਥਿਆਰਾਂ ਦੇ ਨਾਲ ਲੈਸ ਗੁਰਬਚਨ ਸਿੰਘ ਦੇ ਟ੍ਰੇਂਡ ਸੈਨਿਕ,ਪੁਲਸ ਦਾ ਚੰਗਾ ਪ੍ਰਬੰਧ , ਕੁਝ ਲੋਕ ਪੈਦਲ ਅਤੇ ਕੁਝ ਟਰਾਲੀਆਂ ਦੇ ਵਿੱਚ ਬੈਠੇ ਹੋਏ ਸਨ । ਨਕਲੀ ਨਿਰੰਕਾਰੀ ਗੁਰਬਚਨ ਸਿੰਘ ਆਪਦੀ ਪਤਨੀ ਸਮੇਤ ਇੱਕ ਵਿਸ਼ੇਸ਼ ਪਾਲਕੀ ਦੇ ਵਿੱਚ ਸਵਾਰ ਸੀ,ਜਿਸਦੇ ਆਲੇ ਦੁਆਲੇ ਸਰੁੱਖਿਆ ਦੇ ਖਾਸ ਪ੍ਰਬੰਧ ਕੀਤੇ ਹੋਏ ਸਨ ।
ਲਗਭਗ ਚਾਰ ਘੰਟੇ ਇਹ ਜਲੂਸ ਸ਼ਹਿਰ ਦੇ ਵਿੱਚ ਘੁੰਮਦਾ ਰਿਹਾ ਤੇ ਅਖੀਰ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਗੁਰੂ ਰਾਮਦਾਸ ਸਰਾਂ ਵਿੱਚੋਂ ਉੱਠ ਕੇ ਮੰਜੀ ਸਾਹਿਬ ਦੀਵਾਨ ਹਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕਾਂ ਤੇ ਉੱਚ ਅਧਿਕਾਰੀਆਂ ਨੂੰ ਇਹ ਜਲੂਸ ਰੋਕਣ ਦੀ ਬੇਨਤੀ ਕਰਦੇ ਹਨ ਪਰ ਸਰਕਾਰੀ ਪ੍ਰਵਾਣਗੀ ਦੇ ਉਲਟ ਕਮੇਟੀ ਮੈਂਬਰਾਂ ਨੇ ਬੇਬਸੀ ਜਾਹਿਰ ਕੀਤੀ ।
ਅਖੀਰ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਜੀਤ ਨਗਰ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲਿਆਂ ਨੂੰ ਸੁਨੇਹਾ ਭੇਜਿਆ ਤੇ ਉਹ ਝੱਟ ਆਪਣੇ ਸਾਥੀ ਸਿੰਘਾਂ ਸਮੇਤ ਓਥੇ ਪਹੁੰਚ ਗਏ।
ਆਪਸੀ ਗੁਰਮਤਾ ਕਰਨ ਉਪਰੰਤ,ਲਗਭਗ ਸਵਾ 11 ਦੇ ਕਰੀਬ ਸਾਰੇ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਨਕਲੀ ਨਿਰੰਕਾਰੀਆਂ ਨੂੰ ਰੋਕਣ ਲਈ ਪੰਡਾਲ ਵੱਲ ਤੁਰ ਪਏ ।
ਸ਼ਾਂਤਮਈ ਸਿੰਘਾਂ ਦਾ ਇਹ ਜੱਥਾ ਅਜੇ ਨਕਲੀ ਨਿਰੰਕਾਰੀਆਂ ਦੇ ਪੰਡਾਲ ਤੋਂ ਲਗਭਗ ਤਿੰਨ,ਚਾਰ ਸੌ ਗੱਜ ਪਿਛਾਂਹ ਹੀ ਸੀ ਕਿ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ,ਜਦੋਂ ਸਾਰੇ ਸਿੰਘ ਫਿਰ ਵੀ ਨਾਂ ਰੁਕੇ ਤਾਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ,
ਜਿਉਂ ਹੀ ਇਹ ਗੋਲੀ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਜੱਥੇ ਨੂੰ ਲੱਗੀ ਤਾਂ ਨਕਲੀ ਨਿਰੰਕਾਰੀ ਸੇਵਾ ਦਲ ਦੇ ਟਰੇਂਡ ਸੈਨਿਕਾਂ ਨੇ ਸਮੁੱਚੇ ਜੱਥੇ ਉੱਪਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ,ਤਲਵਾਰਾਂ ਬਰਛੀਆਂ ਸਮੇਤ ਵੱਡ ਟੁੱਕ ਕਰਨੀ ਸ਼ੁਰੂ ਕਰ ਦਿੱਤੀ।
ਇਸ ਦਰਦਨਾਕ ਹਮਲੇ ਵਿੱਚ ਤੇਰਾਂ ਸਿੱਖ ਮੌਕੇ ਤੇ ਹੀ ਸ਼ਹੀਦ ਹੋ ਗਏ।
੧-ਭਾਈ ਅਵਤਾਰ ਸਿੰਘ ਜੀ।
੨- ਭਾਈ ਅਮਰੀਕ ਸਿੰਘ ਜੀ।
੩-ਭਾਈ ਹਰੀ ਸਿੰਘ ਜੀ ।
੪-ਭਾਈ ਹਰਭਜਨ ਸਿੰਘ ਜੀ।
੫-ਭਾਈ ਗੁਰਦਿਆਲ ਸਿੰਘ ਜੀ।
੬- ਭਾਈ ਗੁਰਬਚਨ ਸਿੰਘ ਜੀ।
੭-ਭਾਈ ਫੌਜਾ ਸਿੰਘ ਜੀ ।
੮-ਭਾਈ ਕੇਵਲ ਸਿੰਘ ਜੀ ।
੯-ਭਾਈ ਪਿਆਰਾ ਸਿੰਘ ਜੀ।
੧੦- ਭਾਈ ਦਰਸ਼ਨ ਸਿੰਘ ਜੀ।
੧੧- ਭਾਈ ਧਰਮਵੀਰ ਸਿੰਘ ਜੀ।
੧੨-ਭਾਈ ਰਣਬੀਰ ਸਿੰਘ ਜੀ।
੧੩- ਭਾਈ ਰਘਬੀਰ ਸਿੰਘ ਜੀ।
ਮੌਕੇ ਤੇ ਸ਼ਹੀਦ ਹੋਏ 13 ਸਿੰਘਾਂ ਵਿੱਚੋਂ 9 ਅਖੰਡ ਕੀਰਤਨੀ ਜੱਥੇ ਦੇ ਅਤੇ 4 ਜੱਥਾ ਭਿੰਡਰਾਂ ਦੇ ਸਿੰਘ ਸਨ ।
ਇਹਨਾਂ ਤੋਂ ਇਲਾਵਾ ਤਿੰਨ ਸਰਕਾਰੀ ਮੁਲਾਜ਼ਮ,ਇੱਕ ਦੋਧੀ,ਇੱਕ ਹਾਤੋ ਅਤੇ ਇੱਕ ਰਿਕਸ਼ੇ ਵਾਲੇ ਵੀ ਮਾਰਿਆ ਗਿਆ,78 ਦੇ ਕਰੀਬ ਸਿੱਖ ਗੰਭੀਰ ਜ਼ਖਮੀ ਹੋਏ ।
ਬਾਹਰ ਗੋਲੀ ਚੱਲਣ ਦੇ ਬਾਵਜੂਦ ਵੀ ਨਕਲੀ ਨਿਰੰਕਾਰੀਆਂ ਦਾ ਪ੍ਰੋਗਰਾਮ ਚੱਲਦਾ ਰਿਹਾ ਅਤੇ ਸਮਾਪਤੀ ਹੋਣ ਉਪਰੰਤ ਖੁਦ ਡੀ.ਸੀ ਆਪਣੀ ਕਾਰ ਵਿੱਚ ਗੁਰਬਚਨ ਸਿੰਘ ਨੂੰ ਜਲੰਧਰ ਤੱਕ ਸੁਰੱਖਿਅਤ ਛੱਡਣ ਗਿਆ ।
ਸ਼ਹੀਦ ਸਿੰਘਾਂ ਦੇ ਸਸਕਾਰ: 15 ਅਪ੍ਰੈਲ 1978 ਈ: ਨੂੰ ਗੁਰਦੁਆਰਾ ਬਿਬੇਕਸਰ ਦੇ ਲਾਗੇ ਸ੍ਰੀ ਦਰਬਾਰ ਸਾਹਿਬ, ਕਮੇਟੀ ਦੀ ਥਾਂ ਵਿੱਚ ਸਮੂਹ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਹਜ਼ਾਰਾਂ ਸੰਗਤਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਇਸ ਤੋਂ ਪਹਿਲਾਂ ਜਦੋਂ ਸ਼ਹੀਦ ਸਿੰਘਾਂ ਦੀਆਂ ਅਰਥੀਆਂ ਦਾ ਜਲੂਸ ਦਰਵਾਜ਼ਾ ਘਿਓ ਮੰਡੀ ਵੱਲੋਂ ਬਿਬੇਕਸਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਸੁਲਤਾਨਵਿੰਡ ਪੁਲਿਸ ਚੌਂਕੀ ਵੱਲੋਂ ਗੋਲੀ ਚਲਾਈ ਗਈ ਜਿਸ ਨਾਲ ਭਾਈ ਸੁਰਿੰਦਰ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦੋਵੇਂ ਸਿੰਘ ਚੜਾਈ ਕਰ ਗਏ ।
23 ਅਪ੍ਰੈਲ 1978 ਈ: ਵਾਪਰੇ ਇਸ ਖੂਨੀ ਕਾਂਡ ਦੇ ਸਮੂਹ ਸ਼ਹੀਦਾਂ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਸੰਗਤੀ ਰੂਪ ਵਿਚ ਨਿੱਘੀ ਸ਼ਰਧਾਂਜਲੀ ਦਿੱਤੀ ਗਈ।
17 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਪੰਥਕ ਕਨਵੈਂਸ਼ਨ ਵਿੱਚ ਸਿੱਖ ਸੰਗਤ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਕਲੀ ਨਿਰੰਕਾਰੀਆਂ ਵਿਰੁੱਧ ਬਾਈਕਾਟ ਦਾ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ।
10 ਜੂਨ 1978 ਈ : ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਦਾ ਸਮੁੱਚੀ ਸਿੱਖ ਕੌਮ ਨੇ ਖੁੱਲੇ ਦਿਲ ਨਾਲ ਸਵਾਗਤ ਕੀਤਾ।
13 ਸਿੱਖਾਂ ਦੀ ਸ਼ਹਾਦਤ ਦੇ ਰੋਸ ਵਜੋਂ ਨਕਲੀ ਨਿਰੰਕਾਰੀਆਂ ਤੇ ਸਰਕਾਰ ਵੱਲੋਂ ਕੀਤੀ ਢਿੱਲੀ ਮੱਠੀ ਕਾਨੂੰਨੀ ਕਾਰਵਾਈ ਨੇ ਕੌਮ ਦਾ ਕੁੱਝ ਨਾ ਸਵਾਰਿਆ ਅਤੇ ਅਖੀਰ 4 ਜਨਵਰੀ 1980 ਈ: ਨੂੰ ਸ਼੍ਰੀ ਆਰ,ਐਸ ਗੁਪਤਾ ਸੈਸ਼ਨ ਜੱਜ ਕਰਨਾਲ ਨੇ ਆਪਣਾ ਫੈਸਲਾ ਦਿੱਤਾ, ਜਿਸ ਵਿੱਚ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਸਮੇਤ ਉਸਦੇ 61 ਸਾਥੀ ਬਰੀ ਕਰ ਦਿੱਤੇ ਗਏ।
ਇਸ ਫੈਸਲੇ ਨਾਲ ਜਿੱਥੇ ਨਕਲੀ ਨਿਰੰਕਾਰੀਆਂ ਦੀ ਸਮੁੱਚੀ ਮੰਡਲੀ ਬੇਹੱਦ ਖੁਸ਼ ਸੀ ਉੱਥੇ ਸਿੱਖ ਸੰਗਤਾਂ ਨੂੰ ਬਹੁਤ ਠੇਸ ਪਹੁੰਚੀ ਅਤੇ ਭਾਰਤੀ ਨਿਆ ਪ੍ਰਣਾਲੀਆਂ ਦੇ ਇਸ ਫੈਸਲੇ ਤੋਂ ਬੜੀ ਹੈਰਾਨੀ ਹੋਈ ।
ਨਕਲੀ ਨਿਰੰਕਾਰੀ ਗੁਰਬਚਨ ਸਿੰਘ ਵਿਰੁੱਧ ਗੁੱਸੇ ਦੀ ਲਹਿਰ :
19 ਮਾਰਚ 1980 ਈ: ਗੁਰਬਚਨ ਸਿੰਘ ਇੱਕ ਪਾਰਟੀ ਸਬੰਧੀ ਮੱਧ ਪ੍ਰਦੇਸ਼ “ਦੁਰਗ” ਤੋਂ ਭਲਾਈ ਸਟੀਲ ਪਲਾਂਟ ਵੱਲ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਵਿਚ ਜਾ ਰਿਹਾ ਸੀ ।
ਰਸਤੇ ਵਿਚ ਇਸਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਅਤੇ ਨਕਲੀ ਨਿਰੰਕਾਰੀ ਮੰਡਲ ਦਿੱਲੀ ਦੀ ਇੱਕ ਕਵਿੱਤਰੀ ਸੰਦੇਸ਼ ਨੀਲਮ ਹਲਾਕ ਹੋ ਗਈ ਪਰ ਉਹ ਆਪ ਬਚ ਗਏ । ਮੌਕੇ ਤੇ ਮੌਜੂਦ ਭਾਈ ਅਵਤਾਰ ਸਿੰਘ ਦੁਰਗ ਦੀ ਗ੍ਰਿਫਤਾਰੀ ਹੋਈ ਅਤੇ ਬਾਅਦ ਵਿੱਚ ਸਰਦਾਰ ਸੁੱਚਾ ਸਿੰਘ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜੋ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ ।
ਇਸ ਘਟਨਾ ਤੋਂ ਬਾਅਦ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਡਾਹਢਾ ਭੈ-ਭੀਤ ਹੋਇਆ ਅਤੇ ਆਪਣੀ ਜਾਨ-ਮਾਲ ਦੀ ਰਾਖੀ ਲਈ ਅਦਾਲਤਾਂ ਦੇ ਸਹਾਰਾ ਲੈ ਥਾਂ ਟਿਕਾਣੇ ਬਦਲਦਾ ਰਿਹਾ ।
ਨਕਲੀ ਨਿਰੰਕਾਰੀ ਗੁਰਬਚਨ ਸਿੰਘ ਦਾ ਅੰਤ: 24 ਅਪ੍ਰੈਲ 1980 ਈ : ਦਿਨ ਵੀਰਵਾਰ ਨੂੰ ਦਿੱਲੀ ਦੀ ਨਿਰੰਕਾਰੀ ਕਲੋਨੀ ਵਿੱਚ ਰਾਤ ਸਾਢੇ 11 ਵਜੇ ਦੇ ਕਰੀਬ ਸਿੰਘ ਸੂਰਮਿਆਂ ਨੇ ਗੋਲੀਆਂ ਮਾਰ ਨਿਰੰਕਾਰੀ ਗੁਰਬਚਨ ਸਿੰਘ ਅਤੇ ਪ੍ਰਤਾਪ ਸਿੰਘ ਸਿੰਧੀ ਕਮਾਂਡਰ ਇਨ- ਚੀਫ ਨਿਰੰਕਾਰੀ ਸੇਵਾ ਦਲ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ । ਇਹ ਅੰਮ੍ਰਿਤਸਰ,ਕਾਨਪੁਰ ,ਦਿੱਲੀ ਦੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਦਾ ਨਤੀਜਾ ਸੀ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਲੂਣਾ ਦਿੰਦਾ ਰਹੇਗਾ ।
ਲਿਖਤ – ਨਿਰਮਲ ਸਿੰਘ ਸੁਰ ਸਿੰਘ 9888520250
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









