ਅੱਜ ਸਿੱਖ ਕੌਮ ਦੇ ਹਰ ਪਾਸੇ ਨਿਰਾਸ਼ਾ, ਬੇਚੈਨੀ ਅਤੇ ਅਸੰਤੋਖ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਪੁਰਖਿਆਂ ਦੀਆਂ ਅਦੁੱਤੀ ਕੁਰਬਾਨੀਆਂ, ਬੇਮਿਸਾਲ ਸ਼ਹਾਦਤਾਂ ਅਤੇ ਸੰਘਰਸ਼ਾਂ ਨਾਲ ਭਰਪੂਰ ਸ਼ਾਨਾਮੱਤਾ ਇਤਿਹਾਸ ਦੇ ਵਾਰਸ ਹੋਣ ਦੇ ਬਾਵਜੂਦ ਅਜੇ ਤੱਕ ਉਹ ਮੰਜ਼ਿਲ ਹਾਸਲ ਨਹੀਂ ਕਰ ਸਕੇ ਜਿਸ ਲਈ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਤੱਕ ਨਿਛਾਵਰ ਕਰ ਦਿੱਤੀਆਂ। ਸਾਡੇ ਜੁਝਾਰੂ ਨੌਜਵਾਨਾਂ ਨੇ ਖੂਨ-ਡੋਲਵੀਆਂ ਲੜਾਈਆਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਪਰ ਦੁਖਦਾਈ ਹਕੀਕਤ ਇਹ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ ਨੇ ਸਹੀ ਦਿਸ਼ਾ ਅਤੇ ਸਨਮਾਨ ਦੇਣ ਦੀ ਬਜਾਏ ਸਵਾਰਥੀ ਅਤੇ ਕੁਰਸੀ-ਲੋਭੀ ਅਖੌਤੀ ਸਿੱਖ ਲੀਡਰਸ਼ਿਪ ਨੇ ਉਨ੍ਹਾਂ ਦੇ ਸੁਪਨਿਆਂ ਨਾਲ ਹੀ ਵਪਾਰ ਕੀਤਾ। ਇਹ ਉਹ ਲੋਕ ਸਨ ਜੋ ਨਾ ਸਿਰਫ਼ ਦੁਸ਼ਮਣਾਂ ਦੇ ਸਹਾਇਕ ਬਣੇ, ਸਗੋਂ ਸ਼ਹੀਦਾਂ ਦੇ ਪਵਿੱਤਰ ਖੂਨ ਦਾ ਮੁੱਲ ਵੱਟ ਕੇ ਉਨ੍ਹਾਂ ਦੇ ਕਾਤਲਾਂ ਨੂੰ ਸੱਤਾ ਦੀ ਛੱਤਰੀ ਹੇਠ ਸੁਰੱਖਿਅਤ ਵੀ ਕਰਦੇ ਰਹੇ।
ਪਰ ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੇ ਅਸੀਂ ਸਿਰਫ਼ ਆਪਣੇ ਬੀਤੇ ਦੀਆਂ ਸਿਰਫ ਕੁਰਬਾਨੀਆਂ ਦੇ ਸੋਹਿਲੇ ਗਾਉਂਦੇ ਰਹੇ, ਸ਼ਹਾਦਤਾਂ ਦੀਆਂ ਕਹਾਣੀਆਂ ਸੁਣਾ ਕੇ ਆਪਣੇ ਆਪ ਨੂੰ ਤਸੱਲੀ ਦਿੰਦੇ ਰਹੇ ਅਤੇ ਉਸੇ ਭਾਵਨਾਤਮਕ ਚਾਅ ਵਿੱਚ ਡੁੱਬੇ ਰਹੇ, ਤਾਂ ਇਹ ਚਾਅ ਕਦੇ ਵੀ ਅਜਿਹੀ ਲੂਣੀ ਦਲਦਲ ਵਿੱਚ ਬਦਲ ਸਕਦਾ ਹੈ ਜੋ ਇਤਿਹਾਸ ਦੀ ਅਸਲ ਰੂਹ ਨੂੰ ਹੀ ਨਿਗਲ ਜਾਵੇ। ਇਤਿਹਾਸ ਸਿਰਫ਼ ਯਾਦ ਕਰਨ ਜਾਂ ਮਾਣ ਕਰਨ ਲਈ ਨਹੀਂ ਹੁੰਦਾ; ਇਤਿਹਾਸ ਦਾ ਮਕਸਦ ਵਰਤਮਾਨ ਨੂੰ ਜਗਾਉਣਾ ਅਤੇ ਭਵਿੱਖ ਦਾ ਰਾਹ ਦਿਖਾਉਣਾ ਹੁੰਦਾ ਹੈ। ਜੇ ਇਤਿਹਾਸ ਸਾਡੀ ਸੋਚ, ਸਾਡੇ ਫੈਸਲਿਆਂ ਅਤੇ ਸਾਡੇ ਕਰਮਾਂ ਨੂੰ ਪ੍ਰਭਾਵਿਤ ਨਹੀਂ ਕਰਦਾ, ਤਾਂ ਫਿਰ ਉਹ ਕੇਵਲ ਬੀਤੇ ਸਮੇਂ ਦੀ ਇੱਕ ਕਹਾਣੀ ਬਣ ਕੇ ਰਹਿ ਜਾਂਦਾ ਹੈ।
ਅਜਿਹੀਆਂ ਪ੍ਰਸਥਿਤੀਆਂ ਵਿੱਚੋਂ ਨਿਕਲਣ ਲਈ ਹਰ ਸਿੱਖ ਨੂੰ ਇਸ ਕੌੜੇ ਸੱਚ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਹਕੀਕਤ ਤੋਂ ਅੱਖਾਂ ਮੀਟਣ ਦੀ ਬਜਾਏ ਉਸ ਨੂੰ ਪ੍ਰਵਾਨ ਕਰਨਾ ਹੋਵੇਗਾ। ਸਾਨੂੰ ਗੁਰਬਾਣੀ ਦੀ ਰੌਸ਼ਨੀ, ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਖ਼ਾਲਸਾਈ ਸਿਧਾਂਤਾਂ ਨਾਲ ਆਪਣੇ ਜੀਵਨ ਨੂੰ ਦੁਬਾਰਾ ਜੋੜਨਾ ਪਵੇਗਾ। ਇਹ ਸਮਝਣਾ ਪਵੇਗਾ ਕਿ ਸਿੱਖੀ ਸਿਰਫ਼ ਇੱਕ ਪਹਿਚਾਣ ਜਾਂ ਰਸਮਾਂ ਦਾ ਨਾਮ ਨਹੀਂ, ਸਗੋਂ ਇਹ ਇੱਕ ਜੀਵੰਤ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਸੱਚ, ਨਿਆਂ, ਆਜ਼ਾਦੀ ਅਤੇ ਆਤਮ-ਗੌਰਵ ਲਈ ਖੜ੍ਹੇ ਹੋਣ ਦੀ ਤਾਕਤ ਦਿੰਦੀ ਹੈ।
ਸਾਨੂੰ ਇਸ ਗੱਲ ਨੂੰ ਪੂਰੀ ਸ਼ਿੱਦਤ ਨਾਲ ਸਵੀਕਾਰ ਕਰਨਾ ਹੋਵੇਗਾ ਕਿ ਚਿੰਤਨ ਨਾਲ ਸੰਬੰਧਿਤ ਵਿਚਾਰਧਾਰਾ ਕੋਈ ਖਾਲੀ ਸ਼ਬਦਾਂ ਦਾ ਖਿਲਾਰਾ ਨਹੀਂ ਹੁੰਦੀ। ਵਿਚਾਰਧਾਰਾ ਦਾ ਹਰ ਸ਼ਬਦ ਸਾਣ ’ਤੇ ਚੜ੍ਹੀ ਤਲਵਾਰ ਵਾਂਗ ਤਿੱਖਾ, ਸਪਸ਼ਟ ਅਤੇ ਜ਼ਿੰਮੇਵਾਰੀ ਭਰਿਆ ਹੁੰਦਾ ਹੈ। ਜਿਵੇਂ ਤਲਵਾਰ ਦੀ ਵਰਤੋਂ ਬਿਨਾਂ ਸੂਝ-ਬੂਝ ਅਤੇ ਸਾਵਧਾਨੀ ਦੇ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਵਿਚਾਰਧਾਰਾ ਨੂੰ ਵੀ ਅੰਨ੍ਹੇ ਜੋਸ਼, ਭਾਵਨਾਤਮਕ ਨਾਰਿਆਂ ਜਾਂ ਅੰਧ-ਅਨੁਕਰਣ ਦੇ ਆਧਾਰ ’ਤੇ ਨਹੀਂ ਅਪਣਾਇਆ ਜਾ ਸਕਦਾ। ਇਸ ਲਈ ਲਗਾਤਾਰ ਜਾਗਰੂਕਤਾ, ਗਹਿਰਾ ਅਧਿਐਨ, ਸਵੈ-ਪੜਚੋਲ ਅਤੇ ਚੇਤੰਨਤਾ ਬਹੁਤ ਜ਼ਰੂਰੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਿਰਫ਼ ਆਪਣੇ ਰਿਸਕ ਰਹੇ ਜ਼ਖ਼ਮਾਂ ਦੀ ਦੁਹਾਈ ਦੇਣ ਤੇ ਆਪਣੇ ਸ਼ਹੀਦਾਂ ਦੇ ਰਸਮੀ ਜਿਹੇ ਗੁਣਗਾਨ ਤੱਕ ਹੀ ਸੀਮਿਤ ਨਾ ਰਹੀਏ। ਅਸਲ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਸਮਝੀਏ, ਉਨ੍ਹਾਂ ਦੇ ਸੰਘਰਸ਼ਾਂ ਤੋਂ ਸਬਕ ਸਿੱਖੀਏ ਅਤੇ ਆਪਣੇ ਵਰਤਮਾਨ ਨੂੰ ਉਸ ਅਨੁਸਾਰ ਢਾਲੀਏ। ਜਦੋਂ ਕੌਮ ਦਾ ਹਰ ਵਿਅਕਤੀ ਗੁਰਬਾਣੀ, ਸਿੱਖੀ ਸਿਧਾਂਤਾਂ ਅਤੇ ਸੱਚੇ ਚਿੰਤਨ ਨਾਲ ਇੱਕ-ਸੁਰ ਹੋ ਕੇ ਚੱਲੇਗਾ, ਤਦੋਂ ਹੀ ਨਿਰਾਸ਼ਾ ਦਾ ਇਹ ਹਨੇਰਾ ਛਟੇਗਾ ਅਤੇ ਕੌਮ ਮੁੜ ਆਪਣੇ ਆਤਮ-ਵਿਸ਼ਵਾਸ, ਆਤਮ-ਗੌਰਵ ਅਤੇ ਚੜ੍ਹਦੀ ਕਲਾ ਵਾਲੇ ਮਾਰਗ ’ਤੇ ਅੱਗੇ ਵਧੇਗੀ। ਇਹੀ ਉਹ ਰਾਹ ਹੈ ਜੋ ਸਾਨੂੰ ਸਿਰਫ਼ ਆਪਣੇ ਸ਼ਾਨਦਾਰ ਇਤਿਹਾਸ ਦਾ ਵਾਰਸ ਨਹੀਂ, ਸਗੋਂ ਉਸ ਇਤਿਹਾਸ ਦੇ ਯੋਗ ਉਤਰਾਧਿਕਾਰੀ ਵੀ ਬਣਾਵੇਗਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








