Home » ਨਵੀਂ ਦਿੱਲੀ » ਸਾਕਾ ਨੀਲਾ ਤਾਰਾ ਸਿੱਖ ਕੌਮ ਦੀ ਰੂਹ ‘ਤੇ ਹਮਲਾ ਸੀ, ਪਰ ਟੈਂਕਾਂ ਤੇ ਤੋਪਾਂ ਅੱਗੇ ਡਟੇ ਸਿੰਘਾਂ ਨੇ ਲਿਖਿਆ ਬੇਮਿਸਾਲ ਇਤਿਹਾਸ: ਭਾਈ ਭਿਓਰਾ

ਸਾਕਾ ਨੀਲਾ ਤਾਰਾ ਸਿੱਖ ਕੌਮ ਦੀ ਰੂਹ ‘ਤੇ ਹਮਲਾ ਸੀ, ਪਰ ਟੈਂਕਾਂ ਤੇ ਤੋਪਾਂ ਅੱਗੇ ਡਟੇ ਸਿੰਘਾਂ ਨੇ ਲਿਖਿਆ ਬੇਮਿਸਾਲ ਇਤਿਹਾਸ: ਭਾਈ ਭਿਓਰਾ

SHARE ARTICLE

9 Views

ਨਵੀਂ ਦਿੱਲੀ 31 ਮਈ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਸਿਰਫ਼ ਇੱਕ ਮਹੀਨਾ ਨਹੀਂ, ਸਿੱਖ ਕੌਮ ਦੇ ਇਤਿਹਾਸ ਦਾ ਉਹ ਜਖ਼ਮ ਹੈ ਜੋ ਹਰ ਸਾਲ 1 ਤੋਂ 6 ਜੂਨ ਤੱਕ ਮੁੜ ਤਾਜ਼ਾ ਹੋ ਜਾਂਦਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰੂ ਘਰਾਂ ਉੱਤੇ ਫੌਜੀ ਚੜ੍ਹਾਈ ਕਰਕੇ ਹਕੂਮਤ ਨੇ ਸਿੱਖਾਂ ਦੀ ਆਤਮਾ ਨੂੰ ਲਲਕਾਰਿਆ ਸੀ, ਪਰ ਕੌਮ ਦੇ ਸੂਰਮੇਆਂ ਨੇ ਵੀ ਅਡਿੱਗ ਹੌਸਲੇ, ਚੜ੍ਹਦੀ ਕਲਾ ਅਤੇ ਬੇਮਿਸਾਲ ਕੁਰਬਾਨੀ ਨਾਲ ਇਤਿਹਾਸ ਲਿਖ ਦਿੱਤਾ। ਬੁੜੈਲ ਜੇਲ੍ਹ ਅੰਦਰ ਬੰਦ ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਨੇ ਇਕ ਮੁਲਾਕਾਤ ਦੌਰਾਨ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਅਣਗਿਣਤ ਸਿੰਘ- ਸਿੰਘਣੀਆਂ ਨੇ ਧਰਮ, ਅਣਖ਼ ਤੇ ਕੌਮੀ ਸਵਾਭਿਮਾਨ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਹਨਾਂ ਦੇ ਹੌਸਲੇ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਨਾ ਜੁਲਮ ਅੱਗੇ ਝੁਕਦਾ ਹੈ ਤੇ ਨਾ ਹੀ ਆਪਣੇ ਇਤਿਹਾਸ ਨੂੰ ਭੁੱਲਦਾ ਹੈ।
ਉਨ੍ਹਾਂ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਸਿੱਖਾਂ ਦੇ ਧਾਰਮਿਕ, ਸਮਾਜਿਕ ਅਤੇ ਮਨੁੱਖੀ ਹੱਕਾਂ ਲਈ ਧਰਮ ਯੁੱਧ ਮੋਰਚਾ ਲਗਾਇਆ ਗਿਆ ਸੀ।
ਉਹਨਾਂ ਨੇ ਕੌਮ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ, ਗੁਰੂ ਨਾਲ ਜੁੜਨ ਅਤੇ ਜੁਲਮ ਦੇ ਖ਼ਿਲਾਫ਼ ਡਟਣ ਦਾ ਹਲੂਣਾ ਦਿੱਤਾ। ਪਰ ਹਕੂਮਤ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਦੀ ਬਜਾਏ ਉਹਨਾਂ ਨਾਲ ਗੁਲਾਮਾਂ ਵਾਲਾ ਵਤੀਰਾ ਕੀਤਾ ਅਤੇ ਵਾਰ-ਵਾਰ ਇਹ ਅਹਿਸਾਸ ਕਰਵਾਇਆ ਕਿ ਉਹ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹਨ। ਸਾਕਾ ਨੀਲਾ ਤਾਰਾ ਦੌਰਾਨ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਅਨੇਕਾਂ ਗੁਰਦੁਆਰਿਆ ਉੱਤੇ ਭਾਰੀ ਫੌਜੀ ਹਮਲਾ ਕਰਦਿਆਂ ਮਨੁੱਖਤਾ ਅਤੇ ਸੰਸਾਰਕ ਅਸੂਲਾਂ ਨੂੰ ਵੀ ਅਣਡਿੱਠਾ ਕੀਤਾ ਗਿਆ। ਉਸ ਵੇਲੇ ਹੋਈ ਕਾਰਵਾਈ ਨੂੰ ਲੈ ਕੇ ਅੱਜ ਤੱਕ ਅਨੇਕ ਸਵਾਲ ਖੜ੍ਹਦੇ ਹਨ ਕਿ ਪਵਿੱਤਰ ਅਸਥਾਨਾਂ ਉੱਤੇ ਟੈਂਕਾਂ, ਭਾਰੀ ਹਥਿਆਰਾਂ ਅਤੇ ਪਾਬੰਦੀਸ਼ੁਦਾ ਗੈਸਾਂ ਵਰਗੇ ਤਰੀਕਿਆਂ ਦੀ ਵਰਤੋਂ ਕਰਕੇ ਕੌਮ ਦੇ ਜਜ਼ਬਾਤਾਂ ਨੂੰ ਗਹਿਰਾ ਝਟਕਾ ਦਿੱਤਾ ਗਿਆ। ਸੰਤ ਭਿੰਡਰਾਂਵਾਲਿਆਂ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਬਣਾਈ ਗਈ ਰਣਨੀਤੀ ਨੇ ਹਕੂਮਤ ਦੀਆਂ ਨੀਂਹਾਂ ਤੱਕ ਹਿਲਾ ਦਿੱਤੀਆਂ ਸਨ। ਜਨਰਲ ਸੁਬੇਗ ਸਿੰਘ ਦੀ ਫੌਜੀ ਸਮਝ ਅਤੇ ਸੰਤਾਂ ਦੀ ਨਿਡਰ ਅਗਵਾਈ ਹੇਠ ਸਿੱਖ ਯੋਧਿਆਂ ਨੇ ਜਿਸ ਸੂਰਮਗਤੀ ਅਤੇ ਦਲੇਰੀ ਨਾਲ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਉਹ ਇਤਿਹਾਸ ਦਾ ਇਕ ਨਿਵੇਕਲਾ ਅਧਿਆਇ ਬਣ ਗਿਆ। ਉਨ੍ਹਾਂ ਕਿਹਾ ਗਿਣਤੀ, ਹਥਿਆਰਾਂ ਅਤੇ ਸਰਕਾਰੀ ਤਾਕਤ ਵਿੱਚ ਘੱਟ ਹੋਣ ਦੇ ਬਾਵਜੂਦ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੰਘਾਂ ਨੇ ਚੜ੍ਹਦੀ ਕਲਾ ਅਤੇ ਅਟੱਲ ਹੌਸਲੇ ਨਾਲ ਇਹ ਸਾਬਤ ਕੀਤਾ ਕਿ ਖਾਲਸਾ ਆਪਣੀ ਅਨਖ ਅਤੇ ਧਰਮ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਿੰਦਾ ਹੈ। ਉਹ ਮੁਕਾਬਲਾ ਸਿਰਫ਼ ਇੱਕ ਜੰਗ ਨਹੀਂ ਸੀ, ਸਗੋਂ ਸਿੱਖ ਕੌਮ ਦੀ ਆਤਮਿਕ ਤਾਕਤ, ਵਿਸ਼ਵਾਸ ਅਤੇ ਸ਼ਹਾਦਤ ਦੇ ਜਜ਼ਬੇ ਦੀ ਮਿਸਾਲ ਬਣ ਗਿਆ। ਉਨ੍ਹਾਂ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਸਗੋਂ ਸਿੱਖ ਕੌਮ ਦੀ ਚੜ੍ਹਦੀ ਕਲਾ, ਨਿਡਰਤਾ ਅਤੇ ਗੁਰਸਿੱਖੀ ਜੀਵਨ ਦੇ ਪ੍ਰਤੀਕ ਬਣ ਕੇ ਉਭਰੇ। ਉਹਨਾਂ ਨੇ ਨੌਜਵਾਨੀ ਨੂੰ ਅੰਮ੍ਰਿਤ, ਬਾਣੀ ਅਤੇ ਸਿੱਖੀ ਨਾਲ ਜੋੜਨ ਦਾ ਸੰਦੇਸ਼ ਦਿੱਤਾ ਅਤੇ ਜੁਲਮ ਅੱਗੇ ਨਾ ਝੁਕਣ ਦੀ ਪ੍ਰੇਰਣਾ ਦਿੱਤੀ। ਸੰਤਾਂ ਦੀ ਦਲੇਰੀ ਅਤੇ ਅਡੋਲਤਾ ਨੇ ਹਕੂਮਤੀ ਤਾਕਤਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਖਾਲਸੇ ਦੀ ਰੂਹ ਨੂੰ ਗੋਲੀਆਂ ਜਾਂ ਟੈਂਕਾਂ ਨਾਲ ਨਹੀਂ ਹਰਾਇਆ ਜਾ ਸਕਦਾ। ਸਰਕਾਰਾਂ ਨੇ ਸੋਚਿਆ ਸੀ ਕਿ ਤਾਕਤ ਅਤੇ ਬਰੂਦ ਦੇ ਜੋਰ ਨਾਲ ਸਿੱਖ ਕੌਮ ਦੀ ਆਵਾਜ਼ ਨੂੰ ਦਬਾ ਲਿਆ ਜਾਵੇਗਾ, ਪਰ ਖਾਲਸੇ ਦੀ ਰੂਹ ਨਾ ਕਦੇ ਡਰੀ ਹੈ ਤੇ ਨਾ ਹੀ ਕਦੇ ਮਿਟੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਨੇ ਹਰ ਸਿੱਖ ਦੇ ਦਿਲ ਵਿੱਚ ਇਕ ਅੱਗ ਜਗਾਈ, ਜੋ ਅੱਜ ਵੀ ਕੌਮੀ ਅਨਖ, ਇਨਸਾਫ਼ ਅਤੇ ਹੱਕਾਂ ਲਈ ਧੜਕਦੀ ਹੈ। ਉਨ੍ਹਾਂ ਕਿਹਾ ਇਹ ਘਲੂਘਾਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਵੀ ਧਰਮ ਅਤੇ ਅਸੂਲਾਂ ਉੱਤੇ ਵਾਰ ਹੁੰਦਾ ਹੈ, ਤਦੋਂ ਕੌਮ ਦੇ ਸੂਰਮੇ ਆਪਣੀਆਂ ਜਾਨਾਂ ਵਾਰ ਕੇ ਵੀ ਸੱਚ ਦਾ ਪੱਖ ਨਹੀਂ ਛੱਡਦੇ। ਜੂਨ 1984 ਦੇ ਦਿਹਾੜੇ ਸਿਰਫ਼ ਇਤਿਹਾਸ ਦੇ ਸਫ਼ੇ ਨਹੀਂ, ਸਗੋਂ ਕੌਮ ਦੀ ਰੂਹ ਵਿੱਚ ਵੱਸਿਆ ਉਹ ਦਰਦ ਹਨ ਜੋ ਹਰ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਯਾਦ ਕਰਾਉਂਦੇ ਹਨ। ਸ਼ਹੀਦਾਂ ਦਾ ਲਹੂ ਸਾਨੂੰ ਇਕਤਾ, ਬਾਣੀ-ਬਾਣੇ ਨਾਲ ਜੁੜਨ ਅਤੇ ਗੁਰੂ ਦੇ ਰਾਹ ਉੱਤੇ ਅਡੋਲ ਰਹਿਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਨੂੰ ਪੜ੍ਹੇ, ਸ਼ਹੀਦਾਂ ਦੀ ਕੁਰਬਾਨੀ ਨੂੰ ਸਮਝੇ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਆਪਣੇ ਫਰਜ਼ ਨੂੰ ਪਛਾਣੇ। 1 ਤੋਂ 6 ਜੂਨ ਦੇ ਘਲੂਘਾਰੇ ਦਿਹਾੜੇ ਸਾਨੂੰ ਸਿਰਫ਼ ਦੁੱਖ ਹੀ ਨਹੀਂ, ਸਗੋਂ ਆਪਣੀ ਕੌਮੀ ਏਕਤਾ, ਗੁਰਮਤਿ ਸੋਚ ਅਤੇ ਸੰਘਰਸ਼ ਦੀ ਯਾਦ ਵੀ ਦਿਵਾਉਂਦੇ ਹਨ। ਸ਼ਹੀਦੀ ਪਾ ਗਏ ਸਮੂਹ ਸੂਰਮਿਆਂ ਨੂੰ ਕੇਸਰੀ ਸਲਾਮ। ਆਓ, ਉਹਨਾਂ ਦੇ ਪੁਰਨਿਆਂ ’ਤੇ ਚੱਲਦਿਆਂ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਸਿੱਖੀ ਅਸੂਲਾਂ ਨਾਲ ਜੁੜੇ ਰਹੀਏ। “ਦੇਹ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।”

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News