Home » ਸੰਸਾਰ » ਜਰਮਨੀ » ਗੁਰਦੁਵਾਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਦੀ ਸਮਾਪਤੀ ’ਤੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ।

ਗੁਰਦੁਵਾਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਦੀ ਸਮਾਪਤੀ ’ਤੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ।

SHARE ARTICLE

48 Views

ਫਰੈਂਕਫਰਟ 21 ਜਨਵਰੀ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੀ ਸਮਾਪਤੀ ਮੌਕੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਹੀਰਾ ਸਿੰਘ ਮੱਤੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੁਰਮਤਿ ਟ੍ਰੇਨਿੰਗ ਕੈਂਪ ਭਾਈ ਗੁਰਭੇਜ ਸਿੰਘ ਅਨੰਦਪੁਰੀ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਵਿੱਚ ਭਾਈ ਲਖਵੀਰ ਸਿੰਘ ਰਾਜਪੁਰਾ, ਭਾਈ ਕੁਲਦੀਪ ਸਿੰਘ ਸੁਹਰੋਂ, ਭਾਈ ਰਾਜਿੰਦਰਪਾਲ ਸਿੰਘ ਆਦਿ ਨੇ ਪੂਰਾ ਸਹਿਯੋਗ ਦਿੱਤਾ। ਇਹ ਕੈਂਪ 22 ਦਸੰਬਰ 2025 ਤੋਂ 9 ਜਨਵਰੀ 2026 ਤੱਕ ਰੋਜ਼ਾਨਾ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਇਆ ਗਿਆ। ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤਿ ਕਲਾਸਾਂ ਰਾਹੀਂ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਰਹਿਤ ਮਰਯਾਦਾ, ਗੁਰਮੁਖੀ ਪੜ੍ਹਨ-ਲਿਖਣ, ਕੀਰਤਨ ਤੇ ਤਬਲੇ ਦੀ ਸਿਖਲਾਈ, ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਬਾਰੇ ਵਿਸਥਾਰ ਨਾਲ ਸਿੱਖਿਆ ਦਿੱਤੀ ਗਈ। ਬੱਚਿਆਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਤਿਆਰੀ ਕਰਵਾਈ ਗਈ ਅਤੇ ਆਖਰੀ ਦਿਨ ਲਿਖਤੀ ਤੇ ਜ਼ੁਬਾਨੀ ਪੇਪਰਾਂ ਤੋਂ ਬਾਅਦ ਟੀਮਾਂ ਬਣਾਕੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਲਈ ਟੀਮਾਂ ਦੇ ਨਾਮ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਨਾਮਾਂ ’ਤੇ ਰੱਖੇ ਗਏ। ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲੇ ਵਿੱਚ ਬਾਬਾ ਅਜੀਤ ਸਿੰਘ ਜੀ ਟੀਮ ਨੇ ਪਹਿਲਾ ਸਥਾਨ, ਬਾਬਾ ਜੁਝਾਰ ਸਿੰਘ ਜੀ ਟੀਮ ਨੇ ਦੂਸਰਾ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਗੁਰਮਤਿ ਕਲਾਸਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਅਨੂਪ ਸਿੰਘ ਘੋਤੜਾ ਨੇ ਕੈਂਪ ਦੌਰਾਨ ਸਹਿਯੋਗ ਦੇਣ ਲਈ ਬੱਚਿਆਂ ਦੇ ਮਾਤਾ-ਪਿਤਾ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸਕੱਤਰ ਸ. ਹੀਰਾ ਸਿੰਘ ਮੱਤੇਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਵਿਦਿਆਲਾ ਵੀ ਸ਼ੁਰੂ ਕੀਤਾ ਗਿਆ ਹੈ, ਜਿੱਥੇ ਹਰ ਸ਼ਨੀਚਰਵਾਰ ਅਤੇ ਐਤਵਾਰ ਗੁਰਮੁਖੀ, ਗੁਰਬਾਣੀ ਅਤੇ ਕੀਰਤਨ/ਤਬਲਾ ਦੀਆਂ ਕਲਾਸਾਂ ਲਗਦੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਕਲਾਸਾਂ ਨਾਲ ਜੋੜਨ। ਕੈਂਪ ਦੀ ਸਮਾਪਤੀ ਅਤੇ ਬੱਚਿਆਂ ਦੇ ਸਨਮਾਨ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਅਨੂਪ ਸਿੰਘ ਘੋਤੜਾ, ਚੇਅਰਮੈਨ ਸ. ਗੁਰਦਿਆਲ ਸਿੰਘ ਲਾਲੀ, ਖਜ਼ਾਨਚੀ ਸ. ਕਰਨੈਲ ਸਿੰਘ ਪਰਦੇਸੀ, ਸਕੱਤਰ ਸ. ਹੀਰਾ ਸਿੰਘ ਮੱਤੇਵਾਲ, ਸ. ਰੁਲਦਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ