Home » ਨਵੀਂ ਦਿੱਲੀ » ਨਿਖਿਲ ਗੁਪਤਾ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਗੁਨਾਹ ਕਬੂਲਣਾ ਭਾਰਤ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ: ਪੰਥਕ ਜਥੇਬੰਦੀਆਂ ਜਰਮਨੀ

ਨਿਖਿਲ ਗੁਪਤਾ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਗੁਨਾਹ ਕਬੂਲਣਾ ਭਾਰਤ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ: ਪੰਥਕ ਜਥੇਬੰਦੀਆਂ ਜਰਮਨੀ

SHARE ARTICLE

3 Views

 

👉 ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਜੱਗਜਾਹਰ; ਸਰਕਾਰੀ ਦਮਨ ਅਤੇ ਕਤਲਾਂ ਦੀਆਂ ਕੋਸ਼ਿਸ਼ਾਂ ਖਾਲਿਸਤਾਨ ਦੇ ਸੰਘਰਸ਼ ਨੂੰ ਨਹੀਂ ਰੋਕ ਸਕਦੀਆਂ

ਨਵੀਂ ਦਿੱਲੀ 23 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਨਿਖਿਲ ਗੁਪਤਾ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਸਬੰਧੀ ਗੁਨਾਹ ਕਬੂਲਣਾ ਅਤੇ ਅਮਰੀਕੀ ਅਦਾਲਤ ਵੱਲੋਂ 9 ਸਾਲ 7 ਮਹੀਨੇ ਦੀ ਸਜ਼ਾ ਸੁਣਾਉਣਾ ਭਾਰਤ ਸਰਕਾਰ ਦੇ ਚਿਹਰੇ ਤੋਂ ਝੂਠ ਦਾ ਪਰਦਾ ਹਟਾਉਣ ਵਾਲਾ ਫੈਸਲਾ ਹੈ; ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਹੁਣ ਦੁਨੀਆ ਸਾਹਮਣੇ ਬੇਨਕਾਬ ਹੋ ਰਹੀਆਂ ਹਨ। ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਸਰਕਾਰੀ ਵਕੀਲਾਂ ਵੱਲੋਂ ਪੇਸ਼ ਕੀਤੇ ਦੋਸ਼ਾਂ ਅਨੁਸਾਰ, 2023 ਵਿੱਚ ਨਿਖਿਲ ਗੁਪਤਾ ਨੇ ਭਾਰਤੀ ਸਰਕਾਰੀ ਮੁਲਾਜ਼ਮ ਵਿਕਾਸ ਯਾਦਵ ਨਾਲ ਮਿਲ ਕੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਚੈੱਕ ਗਣਰਾਜ ਵਿੱਚ ਅਮਰੀਕਾ ਦੀ ਬੇਨਤੀ ’ਤੇ ਗ੍ਰਿਫ਼ਤਾਰ ਕੀਤੇ ਗਏ ਗੁਪਤਾ ਨੂੰ ਜੂਨ 2024 ਵਿੱਚ ਅਮਰੀਕਾ ਹਵਾਲੇ ਕੀਤਾ ਗਿਆ ਸੀ। ਸ਼ੁਰੂ ਵਿੱਚ ਦੋਸ਼ਾਂ ਤੋਂ ਇਨਕਾਰ ਕਰਨ ਵਾਲੇ ਗੁਪਤਾ ਨੇ ਫਰਵਰੀ 2026 ਵਿੱਚ ਤਿੰਨ ਅਪਰਾਧਿਕ ਦੋਸ਼ਾਂ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 9 ਸਾਲ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਇਹ ਮਾਮਲਾ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਦੀਆਂ ਸਾਜ਼ਿਸ਼ਾਂ ਸਬੰਧੀ ਕੀਤੇ ਜਾਂਦੇ ਇਨਕਾਰਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਸਿੱਖ ਕੌਮ ਦੀ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਲਈ ਵਰਤੇ ਜਾ ਰਹੇ ਕਥਿਤ ਗੁਪਤ ਹੱਥਕੰਡਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿੱਚ ਲਿਆਉਂਦਾ ਹੈ।
ਭਾਰਤ ਸਰਕਾਰ ਦੀਆਂ ਅਜਿਹੀਆਂ ਕਥਿਤ ਸਾਜ਼ਿਸ਼ਾਂ, ਦਬਾਅ ਅਤੇ ਕਤਲਾਂ ਦੀਆਂ ਕੋਸ਼ਿਸ਼ਾਂ ਖਾਲਿਸਤਾਨ ਦੇ ਸੰਘਰਸ਼ ਨੂੰ ਕਦੇ ਵੀ ਠੱਲ੍ਹ ਨਹੀਂ ਪਾ ਸਕਣਗੀਆਂ, ਸਗੋਂ ਇਹ ਸਿੱਖ ਕੌਮ ਦੇ ਆਪਣੇ ਵੱਖਰੇ ਘਰ ਖਾਲਿਸਤਾਨ ਦੀ ਮੰਗ ਨੂੰ ਹੋਰ ਮਜ਼ਬੂਤ ਕਰਨਗੀਆਂ। ਇਹ ਪ੍ਰਗਟਾਵਾ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਅਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭਾਈ ਹੀਰਾ ਸਿੰਘ ਮੱਤੇਵਾਲ ਅਤੇ ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ ਤੇ ਭਾਈ ਅੰਗਰੇਜ਼ ਸਿੰਘ ਨੇ ਸਾਂਝੇ ਬਿਆਨ ਰਾਹੀਂ ਕੀਤਾ। ਆਗੂਆਂ ਨੇ ਕਿਹਾ ਕਿ ਭਾਰਤੀ ਖੁਫੀਆ ਏਜੰਸੀ ਰਾਅ ਦੀ ਇਸ ਸਾਜ਼ਿਸ਼ ਵਿੱਚ ਕਥਿਤ ਸ਼ਮੂਲੀਅਤ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਨਫ਼ਰਤ ਅਤੇ ਦਮਨਕਾਰੀ ਨੀਤੀ ਨੂੰ ਬੇਪਰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੀਆਂ ਘਟੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿੰਦਿਆਂ ਆਪਣੇ ਵੱਖਰੇ ਘਰ ਖਾਲਿਸਤਾਨ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਅਤੇ ਕੌਮੀ ਹੱਕਾਂ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬੁਲੰਦ ਕਰਨ ਦੀ ਲੋੜ ਹੈ।

khireyapunjab
Author: khireyapunjab

Leave a Reply

Your email address will not be published. Required fields are marked *

Latest News