ਸਿੱਖ ਕੌਮ ਦੀ ਵੱਖਰੀ, ਵਿਲੱਖਣ ਅਤੇ ਨਿਆਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸ੍ਰ. ਪਾਲ ਸਿੰਘ ਪੁਰੇਵਾਲ ਨੇ ਲੰਮੀ ਘਾਲਣਾ, ਡੂੰਘੀ ਖੋਜ ਅਤੇ ਅਣਥੱਕ ਮਿਹਨਤ ਨਾਲ ਤਿਆਰ ਕੀਤਾ। ਇਹ ਮਹਿਜ਼ ਦਿਨਾਂ, ਮਹੀਨਿਆਂ ਅਤੇ ਤਰੀਕਾਂ ਦੀ ਗਣਨਾ ਕਰਨ ਵਾਲਾ ਕੈਲੰਡਰ ਨਹੀਂ, ਸਗੋਂ ਸਿੱਖ ਕੌਮ ਦੀ ਸੁਤੰਤਰ ਧਾਰਮਿਕ, ਇਤਿਹਾਸਕ ਅਤੇ ਸਭਿਆਚਾਰਕ ਪਛਾਣ ਦਾ ਪ੍ਰਗਟਾਵਾ ਹੈ।
ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਦਲ ਖਾਲਸਾ ਮਿਸਲ ਦੇ ਮੋਢੀ ਅਕਾਲ ਤਖ਼ਤ ਸਾਹਿਬ ਤੋ ਜਲਾਵਤਨੀ ਯੋਧੇ ਦੇ ਖ਼ਿਤਾਬ ਨਾਲ ਸਨਮਾਨਿਤ ਭਾਈ ਗਜਿੰਦਰ ਸਿੰਘ ਜੀ ਖਾਲਿਸਤਾਨ ਕਮਾਡੋ ਫੋਰਸ ਮਿਸਲ ਦੇ ਚੌਥੇ ਜਥੇਦਾਰ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ , ਬੱਬਰ ਖ਼ਾਲਸਾ ਇੰਟਰਨੈਸ਼ਨਲ ਮਿਸਲ ਦੇ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ, ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸੂਰਬੀਰ ਯੋਧੇ ਜਥੇਦਾਰ ਜਗਤਾਰ ਸਿੰਘ ਹਵਾਰਾ, ਤਿੰਨ ਦਹਾਕੇ ਜੇਲ੍ਹ ਕੱਟਣ ਵਾਲੇ ਭਾਈ ਲਾਲ ਸਿੰਘ ਅਕਾਲਗੜ੍ਹ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਸਮੇਤ ਵੱਖ-ਵੱਖ ਪੰਥਕ ਅਤੇ ਸਿਆਸੀ ਧਿਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕਰਦੀਆਂ ਰਹੀਆਂ ਹਨ। ਅਸੀਂ ਸਿੱਖ ਕੌਮ ਦੀ ਨਿਆਰੀ ਹੋਂਦ ਅਤੇ ਸੁਤੰਤਰ ਪਛਾਣ ਦੇ ਸਿਧਾਂਤਕ ਆਧਾਰ ਉੱਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਪੂਰਨ ਸਮਰਥਕ ਹਾਂ।
ਬੇਸ਼ੱਕ, 2003 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਸਮੇਂ ਤਿੰਨ ਦਿਹਾੜਿਆਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਬੰਦੀ ਛੋੜ ਦਿਵਸ ਤੇ ਹੋਲਾ ਮਹੱਲਾ ਸਬੰਧੀ ਸਮਝੌਤਾ ਕੀਤਾ ਗਿਆ ਸੀ। ਪਰ ਅਸਲ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹਨਾਂ ਦਿਹਾੜਿਆਂ ਦੀਆਂ ਨਿਸ਼ਚਿਤ ਤਰੀਕਾਂ ਇਸ ਪ੍ਰਕਾਰ ਸਨ। ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ — 1 ਵੈਸਾਖ (14 ਅਪ੍ਰੈਲ)। ਬੰਦੀ ਛੋੜ ਦਿਹਾੜਾ — 12 ਫਰਵਰੀ। ਹੋਲਾ ਮਹੱਲਾ — 14 ਮਾਰਚ।
ਪਰ 2010 ਵਿੱਚ ਅਵਤਾਰ ਸਿੰਘ ਮੱਕੜ ,ਹਰਨਾਮ ਸਿੰਘ ਧੁੰਮਾਂ ਨੇ ਆਪਣੇ ਆਕਾ ਆਰ.ਐਸ.ਐਸ. ਵਾਲਿਆਂ ਇਸ਼ਾਰਿਆਂ ਤੇ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੇ ਸਿੱਖ ਕੌਮ ਅੰਦਰ ਮੁੜ ਦੁਬਿਧਾ ਅਤੇ ਵੰਡ ਵਾਲਾ ਮਾਹੌਲ ਪੈਦਾ ਕਰ ਦਿੱਤਾ। ਇਸ ਪਿੱਛੇ ਸਿਧਾਂਤਕ ਅਤੇ ਵਿਗਿਆਨਕ ਵਿਚਾਰ-ਵਟਾਂਦਰੇ ਨਾਲੋਂ ਸਿਆਸੀ ਹਿੱਤਾਂ, ਵੋਟਾਂ ਤੇ ਆਰ. ਐਸ.ਐਸ ਦੀ ਰਾਜਨੀਤੀ ਅਤੇ ਵੱਖ-ਵੱਖ ਧਿਰਾਂ ਦੇ ਦਬਾਅ ਨੇ ਵਧੇਰੇ ਭੂਮਿਕਾ ਨਿਭਾਈ। ਕਿਉਂਕਿ ਇਹ ਕੈਲੰਡਰ ਉਹਨਾਂ ਨੂੰ ਭਾਉਂਦਾ ਨਹੀਂ ਸੀ ਉਹ ਨੇਂ ਸੁਦਰਸ਼ਨ ਕੁਮਾਰ ਨੇ ਕਹਿ ਦਿੱਤਾ ਸੀ ਇਸ ਦਾ ਵਿਰੋਧ ਸਿੱਖ ਆਪ ਹੀ ਕਰ ਦੇਣਗੇ ਆਉਣਾ ਨੂੰ ਪਤਾ ਸੀ ਕਿ ਉਹਨਾਂ ਨੇ ਸਿੱਖੀ ਭੇਸ ਵਾਲੇ ਸਿੱਖਾਂ ਦੀਆ ਸੰਸਥਾਵਾਂ ਵਿੱਚ ਫਿੱਟ ਕੀਤੇ ਹੋਏ ਹਨ । ਜਦੋਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਆਰ ਐਸ ਐਸ ਕੈਲੰਡਰ ਦਾ ਵਿਰੋਧ ਕਰਦੀ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਫਿਰ ਜਰੂਰ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਖਾਂ ਦੇ ਭਲੇ ਵਾਲੀ ਗੱਲ ਹੋਣੀ ਹੈ ਸਿੱਖਾਂ ਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ ।
ਕੌਮੀ ਸਿਧਾਂਤਾਂ ਅਤੇ ਕੌਮੀ ਪਛਾਣ ਨਾਲ ਸਬੰਧਤ ਫ਼ੈਸਲੇ ਕਿਸੇ ਸਿਆਸੀ ਪਰਿਵਾਰ, ਪਾਰਟੀ, ਸੰਪਰਦਾ ਜਾਂ ਵਿਅਕਤੀ ਦੇ ਹਿੱਤਾਂ ਅਨੁਸਾਰ ਨਹੀਂ, ਸਗੋਂ ਸਮੁੱਚੇ ਪੰਥ ਦੇ ਦੂਰਗਾਮੀ ਹਿੱਤਾਂ ਨੂੰ ਮੁੱਖ ਰੱਖ ਕੇ ਹੋਣੇ ਚਾਹੀਦੇ ਹਨ।
ਅਸੀਂ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਤੱਕ ਸਮੁੱਚਾ ਸਿੱਖ ਪੰਥ ਇਕੱਤਰ ਹੋ ਕੇ ਆਜ਼ਾਦ, ਨਿਰਪੱਖ ਅਤੇ ਸਿਧਾਂਤਕ ਵਿਚਾਰ-ਵਟਾਂਦਰੇ ਰਾਹੀਂ ਸਰਬਸਾਂਝਾ ਫ਼ੈਸਲਾ ਨਹੀਂ ਕਰਦਾ, ਉਦੋਂ ਤੱਕ ਅਸਲ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਣ।
ਮੂਲ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕੇਵਲ ਤਰੀਕਾਂ ਦੀ ਹਮਾਇਤ ਨਹੀਂ, ਸਗੋਂ ਸਿੱਖ ਕੌਮ ਦੀ ਨਿਆਰੀ ਹੋਂਦ, ਸੁਤੰਤਰ ਪਛਾਣ ਅਤੇ ਆਪਣੇ ਕੌਮੀ ਫ਼ੈਸਲੇ ਆਪ ਕਰਨ ਦੇ ਅਧਿਕਾਰ ਦੀ ਹਮਾਇਤ ਹੈ।
ਗੁਰਚਰਨ ਸਿੰਘ ਗੁਰਾਇਆ







