ਜਰਮਨੀ 10 ਦਸੰਬਰ (ਖਿੜਿਆ ਪੰਜਾਬ) ਦੂਸਰੇ ਸੰਸਾਰ ਯੁੱਧ ਦੀ ਸਮਾਪਤੀ ਤੋਂ ਬਾਅਦ 10 ਦਸਬੰਰ 1948 ਨੂੰ ਹੋਂਦ ਵਿੱਚ ਆਈ ਯੂ. ਐਨ. ਓ. ਸੰਸਥਾ ਵਲੋਂ ਮਨੁੱਖੀ ਹੱਕਾਂ ਵਾਸਤੇ ਬਣਾਏ ਚਾਰਟਰ ਕਰਕੇ ਉਦੋਂ ਤੋਂ ਹੀ 10 ਦਸੰਬਰ ਨੂੰ ਮਨੁੱਖੀ ਹੱਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੂਸਰੇ ਸੰਸਾਰ ਯੁੱਧ ਦੀ ਭਿਆਨਕ ਤਬਾਹੀ ਦੇ ਕਾਰਨਾਂ ਨੂੰ ਦੇਖਦਿਆ ਦੁਨੀਆਂ ਦੇ ਅੱਡ-ਅੱਡ ਦੇਸ਼ਾਂ ਦੇ ਨੁਮਾਇੰਦਿਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਸੰਸਾਰ ਵਿੱਚ ਅਮਨ ਦੀ ਸਥਾਪਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਸ ਦੁਨੀਆਂ ਦੇ ਹਰ ਬਾਸ਼ਿੰਦੇ ਦੀ ਮੁੱਢਲੀ ਆਜ਼ਾਦੀ ਦੇ ਹੱਕ ਨੂੰ ਤਸਲੀਮ ਨਹੀਂ ਕੀਤਾ ਜਾਂਦਾ ਤੇ ਇਸ ਹੱਕ ਨੂੰ ਖੋਹਣ ਵਾਲਿਆਂ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਜਵਾਬਦੇਹ ਨਹੀਂ ਬਣਾਇਆ ਜਾਂਦਾ। ਇਸ ਮਨੁੱਖੀ ਹੱਕਾਂ ਦੇ ਚਾਰਟਰ ਦੀ ਮੁੱਢਲੀ ਭੂਮਿਕਾ ਵਿੱਚ, ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕਿ ‘‘ਕੋਈ ਵੀ ਮਨੁੱਖ ਆਪਣੇ ਅਖੀਰਲੇ ਹਥਿਆਰ-ਬਗਾਵਤ ਦੇ ਰਸਤੇ ’ਤੇ ਜਾਣ ਲਈ ਮਜਬੂਰ ਹੋਵੇਗਾ, ਜੇ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਨਹੀਂ ਕਰ ਸਕੇਗਾ।’ ਇਸ ਦੇ ਨਾਲ ਹੀ ਜਾਤ, ਰੰਗ, ਨਸਲ, ਧਰਮ, ਲਿੰਗ ਆਦਿ ਦੇ ਵਿਤਕਰਿਆਂ ਨੂੰ ਨਿੰਦਿਆ ਗਿਆ ਹੈ ਤੇ ਬੋਲਣ ਦੀ ਆਜ਼ਾਦੀ, ਕਿਤੇ ਵੀ ਆ ਜਾ ਸਕਣ ਦੀ ਆਜ਼ਾਦੀ, ਜੀਅ ਸਕਣ ਦੀ ਆਜ਼ਾਦੀ ਆਦਿ ਵਰਗੇ ਅਧਿਕਾਰਾਂ ਨੂੰ ਮਾਨਤਾ ਦਿੱਤੀ ਗਈ ਹੈ। ਜਨੇਵਾ ਕਨਵੈਨਸ਼ਨਾਂ ਨੇ ਕਈ ਹੋਰ ਮੁੱਦਿਆਂ ਨੂੰ ਇਸ ਮਨੁੱਖੀ ਹੱਕਾਂ ਦੇ ਚਾਰਟਰ ਵਿੱਚ ਸ਼ਾਮਲ ਕਰਦਿਆਂ ਮਨੁੱਖੀ ਹੱਕਾਂ ਦੀ ਗੱਲ ਨੂੰ ਹੋਰ ਵੀ ਅਸਰਦਾਰ ਬਣਾਇਆ। ਅੱਜ ਵੀ ਮਨੁੱਖੀ ਹੱਕਾਂ ਨਾਲ ਸਬੰਧਿਤ ਮਸਲਿਆਂ ਨਾਲ ਨਿੱਬੜਨ ਲਈ ਯੂ. ਐਨ. ਦਾ ਜਨੇਵਾ ਵਿੱਚ ਵਿਸ਼ੇਸ਼ ਹਾਈ ਕਮਿਸ਼ਨਰ ਹੈ।
ਯੂ. ਐਨ. ਚਾਰਟਰ ਤੇ ਜਨੇਵਾ ਕਨਵੈਨਸ਼ਨਾਂ ਦੇ ਫੈਸਲਿਆਂ ਦਾ ਇੱਕ ਬੜਾ ਅਹਿਮ ਪੱਖ ਇਹ ਹੈ ਕਿ ਅੱਡ-ਅੱਡ ਕੌਮਾਂ, ਦੇਸ਼ਾਂ, ਲੋਕਾਂ ਦੇ -ਆਤਮ ਨਿਰਣੇ ਦੇ ਹੱਕ (Right to Self – 4etermination) ਨੂੰ ਪ੍ਰਵਾਨ ਕੀਤਾ ਗਿਆ ਹੈ, ਤਾਂ ਕਿ ਕੋਈ ਵੀ ਸ਼ਕਤੀਸ਼ਾਲੀ ਦੇਸ਼ ਜਾਂ ਸਮਾਜਿਕ ਢਾਂਚਾ ਕਮਜ਼ੋਰ ਜਾਂ ਘੱਟਗਿਣਤੀ ਕੌਮਾਂ, ਲੋਕਾਂ ’ਤੇ ਗਲਬਾ ਨਾ ਪਾ ਸਕੇ।
ਪਰ ਇਸ ਮਨੁੱਖੀ ਅਧਿਕਾਰਾਂ ਦੇ ਚਾਰਟਰ ਤੇ ਦਸਖਤ ਕਰਨ ਵਾਲਾ ਭਾਰਤ ਦੇਸ਼ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੇ ਨਾਂ ਤੇ ਕਲੰਕ ਹੈ । ਇਹ ਪਿੱਛਲੇ 76 ਸਾਲਾਂ ਤੋਂ ਬ੍ਰਾਹਮਣਵਾਦੀ ਹਾਕਮਾਂ ਨੇ ਇਸ ਚਾਰਟਰ ਦੇ ਇੱਕ ਤੋਂ ਬਾਅਦ ਇੱਕ ਆਰਟੀਕਲ ਦੀਆਂ ਧੱਜੀਆਂ ਉਡਾਈਆਂ ਹਨ। ਪੰਜਾਬ, ਕਸ਼ਮੀਰ, ਨਾਗਾਲੈਂਡ, ਆਸਾਮ, ਮਣੀਪੁਰ ਆਦਿ ਭਾਰਤੀ ਕਬਜ਼ੇ ਹੇਠਲੇ ਸੂਬਿਆਂ ਵਿੱਚ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਕੋਈ ਅਪੀਲ-ਵਕੀਲ-ਦਲੀਲ ਨਹੀਂ ਸੁਣੀਂ ਜਾਂਦੀ। ਦਲਿਤਾਂ ਉਪਰ ਵੀ ਜ਼ੁਲਮ ਬੇਰੋਕ-ਟੋਕ ਜਾਰੀ ਹੈ। ਇਹ ਹਕੂਮਤ ਫਾਸ਼ੀਵਾਦ ਅਤੇ ਨਾਜ਼ੀਵਾਦ ਦੇ ਰਸਤੇ ’ਤੇ ਬੜੀ ਮਜ਼ਬੂਤੀ ਨਾਲ ਚੱਲ ਰਹੀ ਹੈ। ਅਫਸੋਸ ਕਿ ਯੂ. ਐਨ. ਵਰਗੀ ਸੰਸਥਾ ਇਹਨਾਂ ਹਾਲਤਾਂ ਵਿੱਚ ਇੱਕ ਬੇਜਾਨ, ਰੀੜ੍ਹ ਦੀ ਹੱਡੀ ਰਹਿਤ ਸੰਸਥਾ ਬਣਕੇ ਮੂਕ ਦਰਸ਼ਕ ਦਾ ਰੋਲ ਅਦਾ ਕਰ ਰਹੀ ਹੈ। ਭਾਰਤ ਵਿੱਚ ਸ. ਜਸਵੰਤ ਸਿੰਘ ਖਾਲੜਾ ਵਰਗੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਮਾਰ-ਮੁਕਾ ਦਿੱਤੇ ਗਏ ਹਨ ਪਰ ਯੂ. ਐਨ. ਜਾਂ ਕਿਸੇ ਅੰਤਰਰਾਸ਼ਟਰੀ ਸੰਸਥਾ ਨੇ ਭਾਰਤ ਨੂੰ ਨੱਥ ਨਹੀਂ ਪਾਈ। ਭਾਰਤ ਕਿਸ ਬਿਨ੍ਹਾ ’ਤੇ ਆਪਣੇ ਆਪ ਨੂੰ ਲੋਕਤੰਤਰੀ ਦੇਸ਼ ਕਹਾ ਸਕਦਾ ਹੈ?
ਪੰਜਾਬ ਅਤੇ ਕਸ਼ਮੀਰ ’ਚ ਭਾਰਤੀ ਫੋਰਸ ਦਹਾਕਿਆਂ ਤੋਂ ਲੋਕਾਂ ’ਤੇ ਜ਼ੁਲਮ ਕਰ ਰਹੀਆਂ ਹਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਸਿੱਖ ਨੌਜਵਾਨਾਂ ਨੂੰ ਨੈਸ਼ਨਲ ਸਕਿਉਰਟੀ , ਯੂਆਪਾ ਵਰਗੇ ਕਾਲੇ ਕਾਨੂੰਨਾਂ ਤਹਿਤ ਗਿਰਫਤਾਰ ਕਰਕੇ ਦੂਰ ਦਰਾਡੇ ਜੇਲਾਂ ਵਿੱਚ ਬੰਦ ਹੀ ਨਹੀ ਕੀਤਾ ਸਗੋ ਵਿਦੇਸ਼ਾਂ ਵਿੱਚ ਆਪਣੇ ਹੱਕਾਂ ਹਿੱਤਾਂ ਤੇ ਅਜਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਆਪਣੀਆਂ ਏਜੰਸੀਆਂ ਦੁਆਰਾ ਭਾਈ ਪਰਮਜੀਤ ਸਿੰਘ ਪੰਜਵੜ , ਭਾਈ ਹਰਦੀਪ ਸਿੰਘ ਨਿੱਜਰ ਕਨੇਡਾ, ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ ਤੇ ਅਜ਼ਾਦ ਸਿੱਖ ਰਾਜ ਦੀ ਗੱਲ ਕਰਨ ਵਾਲੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਟਾਰਗਿਟ ਕੀਤਾ ਜਾਣਾ ਸੀ ਉਹ ਅਮਰੀਕਨ ਏਜੰਸੀਆਂ ਨੇ ਪਲਾਨ ਫੇਲ ਕਰ ਦਿੱਤਾ । ਜਿਸ ਦਾ ਖਲਾਸਾ ਤਾਂ ਕਨੇਡਾ ਅਮਰੀਕਾ ਤੇ ਇਹਨਾਂ ਦੇ ਭਾਈਵਾਲ ਦੇਸ਼ਾਂ ਨੇ ਵੀ ਕੀਤਾ ਹੈ ਇਸ ਲਈ ਭਾਰਤ ਨੂੰ ਕਟਿਹਰੇ ਵਿੱਚ ਖੜਾ ਕਰਕੇ ਸਿੱਖਾਂ ਵੱਲੋ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਹੋ ਰਹਿ ਉਲੰਘਣਾ ਦੇ ਖਿਲਾਫ ਉਠਾਈ ਜਾਦੀ ਅਵਾਜ ਤੇ ਮੋਹਰ ਲਗਾਈ ਹੈ ।
ਅੱਜ 10 ਦਸਬੰਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰ ਦਿਵਸ ਮਨਾ ਰਿਹੀ 193 ਦੇਸ਼ਾਂ ਵਾਲੀ ਯੂ. ਐਨ. ਓ. ਭਾਰਤ ਵਰਗੇ ਦੇਸ਼ਾਂ ਵਿੱਚ ਹੋ ਰਹੇ ਨਸਲਘਾਤ ਨੂੰ ਰੋਕਣ ਵੱਲ ਵੀ ਜਾਵੇਗਾ । ਮਨੁੱਖੀ ਹੱਕਾਂ ਦੇ ਘਾਣ ਵਿੱਚ ਸ਼ਾਮਲ ਦੇਸ਼ਾਂ ਨੂੰ ਨੰਗਿਆਂ ਕਰਨ ਅਤੇ ਸਜ਼ਾ-ਯਾਫਤਾ ਕਰਨ ਵਿੱਚ ਜੇਕਰ ਕੋਈ ਅਸਰਦਾਰ ਭੂਮਿਕਾ ਨਹੀਂ ਨਿਭਾਉਂਦੀ ਤਾਂ ਇਸਦਾ 10 ਦਸੰਬਰ, 1948 ਦਾ ‘ਮਨੁੱਖੀ ਹੱਕਾਂ ਦਾ ਚਾਰਟਰ’ ਇੱਕ ਲਿਖਤੀ ਦਸਤਵੇਜ ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਕੀ ਯੂਨਾਈਟਿਡ ਨੇਸ਼ਨਜ਼ ਸੰਸਥਾ ਇਸ ਦਸਤਾਵੇਜ਼ ਨੂੰ ਅਮਲੀ ਰੂਪ ਵਿੱਚ ਵੀ ਲਿਆਵੇਗੀ ਇਸ ਤੋਂ ਬਿਨਾ ਇਹ ਮਨੁੱਖੀ ਅਧਿਕਾਰ ਦਿਵਸ ਜ਼ੁਲਮੀ ਹਕੂਮਤਾਂ ਵੱਲੋ ਪੀੜਤ ਲੋਕਾਂ ਨਾਲ ਅਨਿਆ ਹੈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









