ਝਬਾਲ, 6 ਮਈ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਧਾਰਮਿਕ ਦਿਵਾਨ ’ਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ (ਚੀਫ ਖਾਲਸਤਾਨ ਕਮਾਂਡੋ ਫੋਰਸ) ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਬੁਲਾਰਿਆਂ ਨੇ ਉਹਨਾਂ ਦਾ ਸੁਪਨਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਕਰਵਾਏ ਸ਼ਹੀਦੀ ਸਮਾਗਮ ਮੌਕੇ ਤੀਜੇ ਘੱਲੂਘਾਰਾ ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਬੀਬੀਆਂ ਦੀ ਗਾਥਾ ਕਿਤਾਬ ‘ਕੌਰਨਾਮਾ-3’ (ਲੇਖਕ ਬਲਜਿੰਦਰ ਸਿੰਘ ਕੋਟਭਾਰਾ) ਸ਼ਹੀਦ ਸਿੰਘਾਂ ਦੀਆਂ ਵਾਰਿਸ ਬੀਬੀਆਂ ਵੱਲੋਂ ਸੰਗਤਾਂ ਦੇ ਰੂਬਰੂ ਕੀਤੀ ਗਈ। ਕਿਤਾਬ ਜਾਰੀ ਕਰਨ ਮੌਕੇ ਸ਼ਹੀਦ ਭਾਈ ਗੁਰਮੇਜ ਸਿੰਘ ਬੱਬਰ ਦੀ ਸਿੰਘਣੀ ਭੈਣ ਮਨਜੀਤ ਕੌਰ, ਬੀਬੀ ਸੁਰਿੰਦਰ ਕੌਰ ਪਤਨੀ ਸ਼ਹੀਦ ਭਾਈ ਮੁਖਤਿਆਰ ਸਿੰਘ, ਬੀਬੀ ਕਸਮੀਰ ਕੌਰ ਪਤਨੀ ਸ਼ਹੀਦ ਭਾਈ ਬਲਜੀਤ ਸਿੰਘ, ਬੀਬੀ ਕਿਰਪਾਲ ਕੌਰ ਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਖਡੂਰ, ਬੀਬੀ ਕਿਰਪਾਲ ਕੌਰ ਭੈਣ ਸ਼ਹੀਦ ਭਾਈ ਗੁਰਵਿੰਦਰ ਸਿੰਘ ਤੇ ਮਾਤਾ ਦਰਸ਼ਨ ਕੌਰ ਸਿੰਘਣੀ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਵੀ ਸ਼ਾਮਲ ਸਨ। ਜਥਾ ਪੰਚ ਪ੍ਰਧਾਨੀ ਵੱਲੋਂ ਬੋਲਦਿਆ ਭਾਈ ਨਰਾਇਣ ਸਿੰਘ ਚੌੜਾ ਨੇ ਸ਼ਹੀਦਾਂ ਦੇ ਸਿਰਤਾਜਾਂ ਵਿਰੁੱਧ ਇੰਡੀਅਨ ਸਟੇਟ ਤੇ ਉਸ ਦੇ ਮੀਡੀਆ ਵੱਲੋਂ ਕੀਤੀ ਜਾ ਰਹੀ ਕਿਰਦਾਰਕੁਸੀ ਦੀ ਸਖ਼ਤ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਸੰਘਰਸ਼ ਹਲੀਮੀ ਖਾਲਸਾ ਰਾਜ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕੁਝ ਹੋਰ ਯੋਧਿਆਂ ਦੀਆਂ ਜਿਉਦੀਆਂ ਸਿੰਘਣੀਆਂ ਜਿੰਨ੍ਹਾਂ ਨੇ ਸਟੇਟ ਦਾ ਅਥਾਹ ਜੁਲਮ ਝੱਲਿਆ ਉਹਨਾਂ ’ਤੇ ਵੀ ਇੱਕ ਕਿਤਾਬ ‘ਕੌਰਨਾਮਾ’ ਬਣਦੀ ਹੈ। ਸਮਾਗਮ ਦੇ ਪ੍ਰਬੰਧਕ ਤੇ ਜਥਾ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਨਾਲ ਸਬੰਧਤ ਸੋਸਲ ਮੀਡੀਆ ’ਤੇ ਕਾਹਲੀ ’ਚ ਦਿੱਤੀ ਜਾ ਰਹੀ ਗਲਤ ਜਾਣਕਾਰੀ ਬੰਦ ਕਰਨ ਦੀ ਅਪੀਲ ਕਰਦਿਆ ਸ਼ਹੀਦ ਸਿੰਘਾਂ ਤੇ ਹੋਰ ਜੁਝਾਰੂ ਸਿੰਘਾਂ ਨੂੰ ਬਦਨਾਮ ਕਰਨ ਨੂੰ ਕੋਝੀ ਹਰਕਤ ਕਰਾਰ ਦਿੰਦਿਆ ਇਸ ਨੂੰ ਤੁਰੰਤ ਬੰਦ ਕਰਨ ਲਈ ਕਿਹਾ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਮੌਜੂਦਾ ਸਮੇਂ ਸਿੱਖ ਕੌਮ ਦੇ ਇਕ ਹਿੱਸੇ ਵੱਲੋਂ ਕੁਝ ਗਾਇਕਾਂ, ਸਿਨੇਮੇ ਵਾਲਿਆਂ ਨੂੰ ਕੌਮ ਦੇ ਹੀਰਿਆਂ ਦੇ ਤੌਰ ’ਤੇ ਪ੍ਰਚਾਰਨ ਨੂੰ ਰੋਕਣ ਦੀ ਅਪੀਲ ਕਰਦਿਆ ਕਿਹਾ ਕਿ ਸਾਡੇ ਹੀਰੋ ਸਾਡੀ ਕੌਮ ਲਈ ਕੁਰਬਾਨ ਹੋਣ ਵਾਲੇ ਜੁਝਾਰੂ ਸਿੰਘ ਹਨ। ਇਸ ਮੌਕੇ ਬੁੜੈਲ ਜੇਲ ’ਚ ਬੰਦ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਭੇਜੇ ਗਏ ਸਰਧਾਂਜਲੀ ਸੰਦੇਸ਼ ’ਚ ਕਿਹਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਖਾੜਕੂ ਯੋਧੇ ਵਜੋਂ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹਿਣਾ ਕੌਮ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ। ਹੋਰ ਬੁਲਾਰਿਆਂ ’ਚ ਬਾਬਾ ਬਖ਼ਸੀਸ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਝਬਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਦਿਵਾਨ ’ਚ ਕਵੀਰਸੀ ਜਥਾ ਦੇਸਾ ਸਿੰਘ ਸਭਰਾਅ, ਨਿਸਾਨ ਸਿੰਘ ਝਬਾਲ ਵੱਲੋਂ ਵਾਰਾਂ ਦਾ ਗਾਇਣ ਕੀਤਾ। ਇਸ ਮੌਕੇ ਹਾਜ਼ਰ ਨਾਮੀ ਸਖ਼ਸੀਅਤਾਂ ’ਚੋਂ ਸ਼ਹੀਦ ਭਾਈ ਪੰਜਵੜ ਦੇ ਭਰਾ ਤੇ ਸਮਾਗਮ ਦੇ ਪ੍ਰਬੰਧਕ ਭਾਈ ਬਲਦੇਵ ਸਿੰਘ ਫੌਜੀ ਭਾਊ ਪੰਜਵੜ ਤੇ ਭਾਈ ਅਮਰਜੀਤ ਸਿੰਘ ਪੰਜਵੜ, ਭਾਈ ਗੁਰਭਾਗ ਸਿੰਘ ਮਾਲੂਵਾਲ, ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਪਰਮਜੀਤ ਸਿੰਘ ਮਾਲੂਵਾਲ, ਭਾਈ ਹਰਵਿੰਦਰ ਸਿੰਘ ਹਰਮੋਇਆ, ਹਰਪਾਲ ਸਿੰਘ ਬਲੇਰ, ਭਾਈ ਬਲਦੀਪ ਸਿੰਘ ਬੱਧਨੀ ਕਲਾਂ, ਅਮਰਜੀਤ ਸਿੰਘ ਡਾਲਾ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਜਿੰਮੇਵਾਰ ਭਾਈ ਰਾਮ ਸਿੰਘ ਢਿਪਾਲੀ ਨੇ ਬਾਖੂਬੀ ਨਿਭਾਈ, ਭਾਈ ਸਤਨਾਮ ਸਿੰਘ ਖੰਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








