Home » ਨਵੀਂ ਦਿੱਲੀ » ਭਾਈ ਪੰਜਵੜ ਦਾ ਖਾੜਕੂ ਯੋਧੇ ਵਜੋਂ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹਿਣਾ ਕੌਮ ਲਈ ਸੇਵਾ ਭਾਵਨਾ ਦੀ ਦਿੰਦਾ ਹੈ ਸਿੱਖਿਆ: ਭਾਈ ਤਾਰਾ, ਭਾਈ ਭਿਓਰਾ

ਭਾਈ ਪੰਜਵੜ ਦਾ ਖਾੜਕੂ ਯੋਧੇ ਵਜੋਂ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹਿਣਾ ਕੌਮ ਲਈ ਸੇਵਾ ਭਾਵਨਾ ਦੀ ਦਿੰਦਾ ਹੈ ਸਿੱਖਿਆ: ਭਾਈ ਤਾਰਾ, ਭਾਈ ਭਿਓਰਾ

SHARE ARTICLE

19 Views

ਨਵੀਂ ਦਿੱਲੀ 5 ਮਈ (ਮਨਪ੍ਰੀਤ ਸਿੰਘ ਖਾਲਸਾ):- ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਚੋਟੀ ਦੇ ਜੁਝਾਰੂ ਸਿੰਘਾਂ ਵਿਚੋਂ ਇਕ ਸਨ ਜੋ ਕੌਮ ਦੀ ਅਜ਼ਾਦੀ ਨਿਆਂ ਅਤੇ ਬਰਾਬਰੀ ਲਈ ਆਪੋ ਆਪਣੀਆਂ ਜਥੇਬੰਦੀਆਂ ਦੀ ਅਗਵਾਈ ਕਰਦੇ ਰਹੇ ਸਨ। ਭਾਈ ਪੰਜਵੜ ਨੇ 1980 ਦੇ ਦਹਾਕੇ ਤੋਂ ਲੈ ਕੇ ਆਪਣੀ ਮੌਤ ਤੱਕ ਲਗਭਗ ਚਾਰ ਦਹਾਕਿਆਂ ਤੱਕ ਖਾਲਿਸਤਾਨ ਦੇ ਨਿਸ਼ਾਨੇ ਲਈ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਦਾ ਜੀਵਨ ਸਿਖਾਉਂਦਾ ਹੈ ਕਿ ਵੱਡੇ ਮਕਸਦਾਂ ਲਈ ਦਹਾਕਿਆਂ ਤੱਕ ਦੀ ਦ੍ਰਿੜਤਾ ਅਤੇ ਸਬਰ ਦੀ ਲੋੜ ਹੁੰਦੀ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਇਕ ਮੁਲਾਕਾਤ ਰਾਹੀਂ ਕਿਹਾ ਕਿ ਉਨ੍ਹਾਂ ਨੇ ਇੱਕ ਬੈਂਕ ਮੁਲਾਜ਼ਮ ਦੀ ਸੁਰੱਖਿਅਤ ਨੌਕਰੀ ਛੱਡ ਕੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ। ਉਨ੍ਹਾਂ ਦੇ ਪਰਿਵਾਰ ਨੂੰ ਵੀ ਭਾਰੀ ਤਸ਼ੱਦਦ ਸਹਿਣਾ ਪਿਆ, ਜਿਸ ਵਿੱਚ ਉਨ੍ਹਾਂ ਦੀ ਮਾਤਾ ਜੀ ਦੀ ਗ੍ਰਿਫ਼ਤਾਰੀ ਅਤੇ ਲਾਪਤਾ ਹੋਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਜਿਨ੍ਹਾਂ ਸਿੰਘਾਂ ਸੂਰਮਿਆਂ ਨੇ ਆਪਣੇ ਪਰਿਵਾਰ, ਘਰ-ਬਾਰ ਸਭ ਕੁੱਝ ਤਿਆਗ ਅਤੇ ਉਜਾੜ ਕੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰ ਤੇ ਕੱਫਣ ਬੰਨ੍ਹ ਕੇ ਕੌਮ ਦੀ ਅਜ਼ਾਦੀ, ਹੱਕ-ਇਨਸਾਫ਼ ਲਈ ਲੜਦੇ ਰਹੇ ਹਨ ਉਨ੍ਹਾਂ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਵੀ ਸ਼ਾਮਿਲ ਹਨ । ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਚੋਟੀ ਦੇ ਸਿੰਘਾਂ ਦੇ ਨਾਮ ਵਿੱਚ ਹੀ ਇੰਨੀ ਬਰਕਤ, ਰੋਅਬ ਅਤੇ ਦਹਿਸ਼ਤ ਸੀ ਕਿ ਭਾਰਤੀ ਹਕੂਮਤ, ਏਜੰਸੀਆਂ ਅਤੇ ਪੁਲਿਸ ਵਾਲੇ ਉਹਨਾਂ ਦੇ ਨਾਮ ਤੋਂ ਹੀ ਥਰ-ਥਰ ਕੰਬਦੇ ਸਨ। ਮਤਲਬ ਉਹ ਇੱਕ ਇਹੋ ਜਿਹਾ ਸੁਨਿਹਰੀ ਸਮਾਂ ਸੀ ਕਿ ਜਦੋਂ ਜੁਝਾਰੂ ਸਿੰਘਾਂ ਦਾ ਪੰਜਾਬ ਦੇ ਵਿੱਚ ਰਾਜ ਹੁੰਦਾ ਸੀ, ਜਦੋਂ ਪੰਜਾਬ ਦੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖ ਕੇ ਜੁਝਾਰੂ ਸਿੰਘਾਂ ਦੀ ਸੇਵਾ ਅਤੇ ਦਰਸ਼ਨ ਕਰਨ ਲਈ ਉਡੀਕ ਵਿਚ ਅਰਦਾਸਾਂ ਕਰਦੇ ਸਨ। ਇਹਨਾ ਜੁਝਾਰੂ ਸਿੰਘਾਂ ਦੇ ਵਿਚਾਰ ਅਤੇ ਕਿਰਦਾਰ ਇੰਨੇ ਉੱਚੇ- ਸੁੱਚੇ ਅਤੇ ਪਵਿੱਤਰ ਸਨ ਕਿ ਲੋਕ ਆਪਣੇ ਘਰੇਲੂ ਲੜਾਈ ਝਗੜਿਆਂ ਦੇ ਫ਼ੈਸਲੇ ਵੀ ਇਨ੍ਹਾਂ ਚੋਟੀ ਦੇ ਜੁਝਾਰੂ ਸਿੰਘਾਂ ਦੀ ਕਚਹਿਰੀ ਅਤੇ ਅਗਵਾਈ ਵਿਚ ਕਰਦੇ ਰਹੇ ਸਨ। ਉਨ੍ਹਾਂ ਦਸਿਆ ਲੋਕ ਸਿੱਖ ਸੰਘਰਸ਼ ਦੀ ਲਹਿਰ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਕਰਦੇ ਸਨ, ਜਦੋਂ ਕਿਤੇ ਜੁਝਾਰੂ ਸਿੰਘ ਨੂੰ ਪੁਲਿਸ ਨੇ ਫੜ੍ਹ ਲੈਣਾ ਜਾਂ ਜੇਲ੍ਹ ਵਿਚ ਭੇਜ ਦੇਣਾ ਤੇ ਸਿੱਖ ਸੰਗਤ ਇਨ੍ਹਾਂ ਜੁਝਾਰੂ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ, ਜੇਕਰ ਕੋਈ ਜੁਝਾਰੂ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਣੀ ਤਾਂ ਧੀਆਂ- ਭੈਣਾਂ, ਮਾਵਾਂ-ਬਜ਼ੁਰਗਾਂ ਨੇ ਆਪਣੇ ਘਰਾਂ ਦੇ ਚੁੱਲ੍ਹਿਆਂ ਵਿੱਚ ਅੱਗ ਨਹੀਂ ਸੀ ਬਾਲ਼ਦੇ ਸਗੋ ਆਪਣੇ ਹੰਝੂਆਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਕੇ ਚੜਦੀ ਕਲਾ ਵਿੱਚ ਜੈਕਾਰੇ ਛਡਦੇ ਹੁੰਦੇ ਸਨ । ਭਾਈ ਪੰਜਵੜ ਨੇ ਇੱਕ ਖਾੜਕੂ ਯੋਧੇ ਵਜੋਂ ਆਪਣਾ ਜੀਵਨ ਜਿਓਂਇਆ ਅਤੇ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹੇ, ਜੋ ਕਿ ਕੌਮ ਲਈ ਸੇਵਾ ਭਾਵਨਾ ਦੀ ਸਿੱਖਿਆ ਦਿੰਦਾ ਹੈ। ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ, ਪ੍ਰਕਾਸ਼ ਦਾਹੜੇ ਅਤੇ ਦਰਸ਼ਨੀ ਚਿਹਰੇ ਪੰਜਾਬ ਦੇ ਭਵਿੱਖ ਦੇ ਦਰਸ਼ਨਾਂ ਦੇ ਸੁਨਿਹਰੀ ਦਿਨਾ ਦੇ ਪ੍ਰਤੱਖ ਰੂਪ ਵਿਚ ਦਿਸਦੇ ਸਨ। ਬੇਸ਼ੱਕ ਅੱਜ ਸਾਡੇ ਚਿਹਰਿਆਂ ਵਿਚੋਂ ਉਨ੍ਹਾਂ ਖਾੜਕੂ ਸਿੰਘਾਂ ਵਾਲਾ ਪ੍ਰਭਾਵ ਅਤੇ ਰੋਅਬ ਨਜ਼ਰ ਨਹੀਂ ਆ ਰਿਹਾ। ਕਿਉਂਕਿ ਅੱਜ ਸਾਡੇ ਵਿਚ ਸੇਵਾ, ਸਿਮਰਨ, ਸਹਿਜ ਦੀ ਘਾਟ ਕਰਕੇ ਗੁਰੂ ਸਾਹਿਬ ਤੋ ਪ੍ਰਾਪਤ ਹੋਣ ਵਾਲੀ ਅਧਿਆਤਮਕ ਸ਼ਕਤੀ ਅਤੇ ਗੁਰੂ ਦੀ ਬਖਸਿਸ਼ ਦੀ ਦਾਤ ਪ੍ਰਾਪਤ ਨਹੀਂ ਹੋ ਰਹੀ। ਉਨ੍ਹਾਂ ਦਸਿਆ ਜਦੋਂ ਪੰਜਾਬ ਵਿੱਚ ਸੰਘਰਸ਼ ਮੱਠਾ ਪੈ ਗਿਆ ਸੀ, ਉਨ੍ਹਾਂ ਨੇ ਵਿਦੇਸ਼ ਵਿੱਚ ਰਹਿ ਕੇ ਵੀ ਆਪਣੀ ਜੱਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ ਨੂੰ ਸੰਗਠਿਤ ਰੱਖਿਆ। ਇਹ ਕਿਸੇ ਲੀਡਰ ਦੀ ਮੁਸ਼ਕਿਲ ਹਾਲਾਤਾਂ ਵਿੱਚ ਵੀ ਜਥੇਬੰਦੀ ਨੂੰ ਚਲਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਸਿੱਖ ਸਿਧਾਂਤਾਂ ਅਨੁਸਾਰ, ਸ਼ਹਾਦਤ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਪੰਥਕ ਸੇਵਾਵਾਂ ਦੇ ਚਾਨਣ ਮੁਨਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਸ਼ਹੀਦਾਂ ਦੀ ਸ਼ਹਾਦਤ ਸਾਡੇ ਲਈ ਪ੍ਰਰੇਰਨਾ ਸਰੋਤ ਹੋਵੇਗੀ। ਆਓ ਅਸੀਂ ਇੰਨ੍ਹਾ ਸੂਰਮਿਆਂ ਦੇ ਅਧੂਰੇ ਰਹਿ ਗਏ ਸੁਫ਼ਨੇ ਆਪਣੇ ਮੁੱਲਕ ਦੀ ਸਥਾਪਨਾ ਲਈ ਜਦੋਜਹਿਦ ਕਰਦੇ ਹੋਏ ਉਨ੍ਹਾਂ ਦੇ ਦੱਸੇ ਰਾਹ ਤੇ ਚਲੀਏ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News