Home » ਮਾਝਾ » ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਮਾਝੇ ਦੇ ਤਵਾਰੀਖ਼ੀ ਸਥਾਨਾਂ ਦਾ ਕੀਤਾ ਤੀਜਾ ਦੌਰਾ (ਉਦਾਸੀਨ ਸਥਾਨਾਂ ਤੇ ਡੇਰਿਆਂ ਨਾਲ ਸੰਬੰਧਿਤ ਤੱਥਾਂ ਦੀ ਕੀਤੀ ਪਰਖ ਪੜਚੋਲ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਮਾਝੇ ਦੇ ਤਵਾਰੀਖ਼ੀ ਸਥਾਨਾਂ ਦਾ ਕੀਤਾ ਤੀਜਾ ਦੌਰਾ (ਉਦਾਸੀਨ ਸਥਾਨਾਂ ਤੇ ਡੇਰਿਆਂ ਨਾਲ ਸੰਬੰਧਿਤ ਤੱਥਾਂ ਦੀ ਕੀਤੀ ਪਰਖ ਪੜਚੋਲ)

SHARE ARTICLE

232 Views

ਤਰਨ ਤਾਰਨ 6 ਅਗਸਤ (ਖਿੜਿਆ ਪੰਜਾਬ) ਕੋਮ

ਇਨਸਾਨੀ ਫ਼ਿਤਰਤ ਅੰਦਰ ਵਿਦਮਾਨ ਘੁਮੱਕੜਤਾ ਤੇ ਉਤਕੰਠਤਾ ਦੇ ਅੰਸ਼ ਸਹਿਵਨ ਹੀ ਉਸ ਦੀ ਹੋਣੀ, ਵਜੂਦ (ਭਵਾਨ), ਤੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਤੈਅ ਕਰਦੇ ਹਨ। ਜੀਵ ਅੰਦਰ ਮੌਲਦੀ ਜਗਿਆਸਾ ਆਪਣੇ ਅਸਲੇ ਤੇ ਹੋਰ ਪਾਸਾਰਿਆਂ ਕੰਨੀਂ ਮੱਲੋਜ਼ੋਰੀ ਰਵਾਂ ਹੁੰਦੀ ਰਹਿੰਦੀ ਹੈ। ਭਵਾਂ ਕਿ ਵਧਣਾ ਅਗਾਂਹ ਨੂੰ ਹੁੰਦਾ ਹੈ ਐਪਰ ਕਦਮ ਪੁੱਟਣ ਦੀ ਰਹਿਨੁਮਾਈ ਤੇ ਆਦਰਸ਼ਤਾਈ ਲਈ ਦੂਰ-ਨੇੜ ਭੂਤ ਨੂੰ ਗਹਿਰੇ ਹੋ ਨਿਹਾਰਣਾ ਪੈਂਦਾ ਹੈ, ਅਵਸਥਾਵਾਂ ਦੀ ਸਿਰਮੌਰਤਾ ਨੂੰ ਮੁਖ਼ਾਤਿਬ ਹੋਣਾ ਪੈਂਦਾ ਹੈ। ਇਸੇ ਵਰਤਾਰੇ ਦੇ ਸਨਮੁੱਖਤਾ ਮੂਜਬ ਆਦਮੀ ਸਮੇਂ ਦੇ ਵਹਾਅ ਨੂੰ ਪੁੱਠੇ-ਸਿੱਧੇ ਮੁਖ਼ਤਲਿਫ਼ ਤਰੀਕਿਆਂ ਦੇ ਗੇੜੇ ਦਿਵਾਉਣ ਵੱਲ ਅਗਰਸਰ ਰਹਿੰਦਾ ਹੈ, ਜਿਸ ਨੂੰ ਤਵਾਰੀਖ਼ੀ ਮੁਤਾਲਿਆ ਕਹਿ ਕੇ ਸੰਬੋਧਨ ਹੋਇਆ ਜਾਂਦਾ ਹੈ।

ਸੱਚ ਇਹ ਹੈ ਕਿ ਕਬੀਲਿਆਈ ਖ਼ਸਲਤ ਹਰ ਖਿੱਤੇ ਦੇ ਬਸ਼ਰ ਅੰਦਰ ਪੂਰਵ-ਸੰਚਾਲਿਤ ਹੀ ਹੈ ਅਤੇ ਉਸ ਦੀ ਗਤੀਸ਼ੀਲ ਸੱਭਿਅਤਾ ਵਿੱਚ ਖਲਾਅ ਤੇ ਅਣਡਿੱਠਤਾ ਜਿਹੇ ਵਰਤਾਰੇ ਕਦੀਮ ਕਾਲ ਤੋਂ ਪ੍ਰਵਾਹਿਤ ਸਮੁੱਚੇ ਢਾਂਚੇ ਨੂੰ ਨੇਸਤੋ-ਨਾਬੂਦ ਕਰਨ ਦਾ ਕੰਮ ਕਰਨ ਲਗਦੇ ਹਨ। ਅਗਰ ਕਬੀਲਿਆਈ ਬਿਰਤੀ ਸਵੈ ਤੋਂ ਪਰ ਯਾਨੀ ੴ ਦੀ ਵਿਹਾਰਕਤਾ ਵਿੱਚ ਉੱਤਰਦੀ ਹੈ ਤਾਂ ਆਪਣੇ ਬੀਤੇ ਪਿਛੋਕੜ ਨੂੰ ਬਚਾਉਣਾ ਅਤੇ ਉਸ ਨੂੰ ਆਪਣੀ ਸਮਝ ਦਾ ਮਰਕਜ਼ ਬਣਾਉਣਾ ਕਿਤੇ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।

ਇਸੇ ਲਿਹਾਜ਼ ਤੇ ਸੋਚ ਦੇ ਅੰਤਰਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਤੇ ਦਲਜੀਤ ਸਿੰਘ ਦੁਆਰਾ ਬੀਤੇ ਦਿਨੀਂ ਮਾਝੇ ਵਿੱਚ ਤਾਮੀਰਤ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੀ ਤੀਸਰੀ ਯਾਤਰਾ ਕੀਤੀ ਗਈ ਅਤੇ ਖੋਜ ਲਈ ਲੋੜੀਂਦੇ ਤੱਥ ਇਕੱਤਰ ਕੀਤੇ ਗਏ।

ਇਸ ਯਾਤਰਾ ਦੌਰਾਨ ਖੋਜਾਰਥੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਕਾਲਿਆਂ ਵਾਲਾ ਖੂਹ, ਅਜਨਾਲਾ), ਗੁ. ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ), ਗੁ. ਸਮਾਧ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ), ਗੁ. ਬਾਬਾ ਕਿਸ਼ਨ ਕੰਵਰ ਸਾਹਿਬ ਜੀ ਤਾਲਾਬ (ਰਾਮਦਾਸ), ਗੁ. ਸ੍ਰੀ ਨਿਰਮਲ ਤਖ਼ਤ ਤਾਲਾਬ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ), ਗੁ. ਬਾਉਲੀ ਸਾਹਿਬ (ਪਿੰਡ ਕੁੜਾਂਵਾਲੀ), ਗੁ. ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ (ਨੇੜੇ ਪਿੰਡ ਰੱਤਾ ਤੇ ਖੋਦੇ ਬੇਟ,), ਗੁ. ਸ੍ਰੀ ਦਰਬਾਰ ਸਾਹਿਬ (ਡੇਰਾ ਬਾਬਾ ਨਾਨਕ), ਗੁ, ਸ੍ਰੀ ਚੋਲਾ ਸਾਹਿਬ (ਡੇਰਾ ਬਾਬਾ ਨਾਨਕ), ਉਦਾਸੀਨ ਡੇਰਾ ਮੰਡੀ ਸਾਹਿਬ (ਡੇਰਾ ਬਾਬਾ ਨਾਨਕ), ਗੁਰੂ ਨਾਨਕ ਗੁਰਮਤਿ ਸਿਖਲਾਈ ਵਿਦਿਆਲਾ (ਡੇਰਾ ਬਾਬਾ ਨਾਨਕ, ਪ੍ਰਬੰਧ ਅਧੀਨ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ), ਗੁ. ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ (ਪੱਖੋਕੇ ਟਾਹਲੀ ਸਾਹਿਬ, ਨਜ਼ਦੀਕ ਡੇਰਾ ਬਾਬਾ ਨਾਨਕ), ਗੁ. ਯਾਗਗਾਰ-ਏ-ਸ਼ਹੀਦਾਂ (ਪਿੰਡ ਅਗਵਾਨ, ਡੇਰਾ ਬਾਬਾ ਨਾਨਕ), ਗੁ. ਬਾਬਾ ਬੰਦਾ ਸਿੰਘ ਬਹਾਦਰ (ਕਲਾਨੌਰ), ਤਖ਼ਤ-ਏ-ਅਕਬਰੀ (ਕਲਾਨੌਰ), ਉਦਾਸੀਨ ਡੇਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ (ਪਿੰਡ ਬੋਹੜ ਵਡਾਲਾ, ਗੁਰਦਾਸਪੁਰ), ਗੁ. ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ (ਗਾਲ੍ਹੜੀ, ਗੁਰਦਾਸਪੁਰ), ਗੁ. ਤਪ ਅਸਥਾਨ ਬਾਬਾ ਸ੍ਰੀ ਚੰਦ ਜੀ (ਬਾਰਠ ਸਾਹਿਬ, ਪਠਾਨਕੋਟ), ਉਦਾਸੀਨ ਆਸ਼ਰਮ ਚਰਣ ਪਾਦੁਕਾ ਬਾਬਾ ਸ੍ਰੀ ਚੰਦ ਜੀ (ਮਾਮੂਨ, ਪਠਾਨਕੋਟ) ਆਦਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਤੇ ਇਤਿਹਾਸਿਕ ਤੇ ਸਮਾਰਕੀ ਸਥਾਨਾਂ ਨੂੰ ਵੇਖਿਆ।

ਖੋਜਾਰਥੀਆਂ ਦੀ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਝੇ ਵਿਚਲੇ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੀ ਸਾਡੀ ਇਹ ਤੀਜੀ ਯਾਤਰਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੀਆਂ ਇਨ੍ਹਾਂ ਯਾਤਰਾਵਾਂ ਦਾ ਮੰਤਵ ਖੇਤਰੀ ਖੋਜ-ਕਾਰਜ ਜ਼ਰੀਏ ਨਵੇਂ ਤੱਥਾਂ ਦੀ ਖੋਜ ਪੜਤਾਲ ਕਰਨਾ ਤੇ ਪ੍ਰਮਾਣਿਕ ਨਤੀਜਿਆਂ ਤੱਕ ਰਸਾਈ ਕਰਨਾ ਹੈ। ਖੋਜਾਰਥੀ ਸਤਨਾਮ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਬਹੁਤ ਸਾਰੇ ਉਦਾਸੀ ਡੇਰੇ ਤੇ ਸਥਾਨਾਂ ਦੇ ਕਾਰਜਸ਼ੀਲ ਹੋਣ ਦਾ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਇਸ ਖਿੱਤੇ ਨੂੰ ਆਪਣੀ ਕਰਮਭੂਮੀ ਬਣਾਇਆ ਤੇ ਉਦਾਸੀ ਸਥਾਨਾਂ ਤੇ ਉਦਾਸੀ ਪਰੰਪਰਾ ਦਾ ਵੱਡੇ ਪੱਧਰ ’ਤੇ ਫੈਲਾਅ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀ ਇਸ ਯਾਤਰਾ ਦਾ ਮੁੱਖ ਮਕਸਦ ਇਨ੍ਹਾਂ ਸਥਾਨਾਂ ਅਥਵਾ ਡੇਰਿਆਂ ਦੀ ਸ਼ਨਾਖ਼ਤ ਕਰਨੀ ਅਤੇ ਉਨ੍ਹਾਂ ਦੇ ਹੋਂਦ ਵਿੱਚ ਆਉਣ ਦੇ ਕਾਰਨਾਂ, ਬੀਤੇ ਅਤੇ ਮੌਜੂਦਾ ਵਿਧੀ-ਵਿਧਾਨ ਦਾ ਵਿਧੀਵਤ ਤਰੀਕੇ ਨਾਲ ਮੁਤਾਲਿਆ ਕਰਨਾ ਹੈ।

ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਯੂਨੀਵਰਸਿਟੀ ਦੇ ਫ਼ਾਰਸੀ ਵਿਭਾਗ ਵਿੱਚ ਡਿਪਲੋਮਾ ਫ਼ਾਰਸੀ ਤੇ ਸੰਸਕ੍ਰਿਤ ਵਿਭਾਗ ਵਿੱਚ ਐੱਮ. ਏ. ਸੰਸਕ੍ਰਿਤ ਦੇ ਵਿਦਿਆਰਥੀ, ਗੁਰਪ੍ਰੀਤ ਸਿੰਘ ਉਰਦੂ ਤੇ ਫ਼ਾਰਸੀ ਵਿਭਾਗ ਵਿੱਚ ਡਿਪਲੋਮਾ ਫ਼ਾਰਸੀ ਦੇ ਵਿਦਿਆਰਥੀ ਅਤੇ ਸਤਨਾਮ ਸਿੰਘ ਤੇ ਦਲਜੀਤ ਸਿੰਘ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਪੀਐੱਚ. ਡੀ ਦੇ ਖੋਜ ਵਿਦਿਆਰਥੀ ਵਜੋਂ ਕਾਰਜਵਤ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ