ਨਵੀਂ ਦਿੱਲੀ, 8 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੂੰ ਸਿੱਖ ਸੰਗਤ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਕਾਰਡ ਜਾਰੀ ਕਰਨ ਵਾਸਤੇ ਸਿਫਾਰਸ਼ ਕਰਨ ਦਾ ਅਧਿਕਾਰ ਦਿੱਤਾ ਜਾਵੇ। ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ, ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਅਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਮੇਤ ਦਿੱਲੀ ਦੇ ਮੰਤਰੀਆਂ ਨੂੰ ਲਿਖੇ ਪੱਤਰ ਵਿਚ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੂੰ ਸਿੱਖ ਸੰਗਤ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈ ਡਬਲਿਊ ਐਸ) ਸਰਟੀਫਿਕੇਟ/ਕਾਰਡ ਜਾਰੀ ਕਰਨ ਵਾਸਤੇ ਸਿਫਾਰਸ਼ ਕਰਨ ਦਾ ਅਧਿਕਾਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿੱਖ ਕੌਮ ਤੋਂ ਵੱਡੀ ਗਿਣਤੀ ਵਿਚ ਬਿਨੈਕਾਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਕੋਲ ਪਹੁੰਚ ਕਰ ਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਰਟੀਫਿਕੇਟ/ਕਾਰਡ ਹਾਸਲ ਕਰਨ ਵਿਚ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਵੱਖ-ਵੱਖ ਸਰਕਾਰੀ ਸਕੀਮਾਂ, ਵਿਦਿਅਕ ਅਦਾਰਿਆਂ ਵਿਚ ਦਾਖਲਿਆਂ ਤੇ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਉਹਨਾਂ ਕਿਹਾ ਕਿ ਇਸ ਵੇਲੇ ਈ ਡਬਲਿਊ ਐਸ ਸਰਟੀਫਿਕੇਟ ਦਿੱਲੀ ਸਰਕਾਰ ਵੱਲੋਂ ਈ ਡਿਸਟ੍ਰਿਕ ਪੋਰਟਲ ਰਾਹੀਂ ਜਾਰੀ ਕੀਤੇ ਜਾਂਦੇ ਹਨ ਜਿਸ ਵਾਸਤੇ ਬਹੁ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਤੇ ਬਹੁਤ ਸਾਰੇ ਦਸਤਾਵੇਜ਼ ਜਿਵੇਂ ਕਿ ਸ਼ਨਾਖ਼ਤੀ ਕਾਰਡ, ਰਿਹਾਇਸ਼ ਦਾ ਸਬੂਤ, ਵਿਦਿਅਕ ਦਸਤਾਵੇਜ਼, ਘਰ ਦੇ ਕਾਗਜ਼, ਖੇਤੀਬਾੜੀ ਜ਼ਮੀਨ ਦੇ ਵੇਰਵੇ, ਇਨਕਮ ਟੈਕਸ ਰਿਟਰਨਾਂ, ਬੈਂਕ ਪਾਸਬੁੱਕ/ਬੈਂਕ ਸਟੇਟਮੈਂਟ ਤੇ ਹੋਰ ਦਸਤਾਵੇਜ਼ ਦੇਣ ਲਈ ਆਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੰਨੇ ਸਾਰੇ ਦਸਤਾਵੇਜ਼ਾਂ ਤੇ ਰਸਮੀ ਪ੍ਰਕਿਰਿਆ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਅਨੇਕਾਂ ਬਿਨੈਕਾਰ ਪ੍ਰਕਿਰਿਆ ਪੂਰੀ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਉਹਨਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਅਤੇ ਤਕਨੀਕੀ ਚੁਣੌਤੀਆਂ ਇਹ ਈ ਡਬਲਿਊ ਐਸ ਸਰਟੀਫਿਕੇਟ ਹਾਸਲ ਕਰਨ ਵਿਚ ਹੋਰ ਵੀ ਮੁਸ਼ਕਿਲਾਂ ਖੜ੍ਹੀਆਂ ਕਰਦੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਕਿਉਂਕਿ ਸਿੱਖ ਕੌਮ ਦਾ ਇਕ ਨੁਮਾਇੰਦਾ ਅਦਾਰਾ ਹੈ ਅਤੇ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਹੈ ਤੇ ਸਮਾਜਿਕ ਭਲਾਈ ਕਾਰਜਾਂ ਤੇ ਲੋਕਾਂ ਦੀ ਸੇਵਾ ਵਾਸਤੇ ਸਰਗਰਮੀ ਨਾਲ ਕੰਮ ਕਰਦਾ ਅਦਾਰਾ ਹੈ। ਉਹਨਾਂ ਕਿਹਾ ਕਿ ਜੇਕਰ ਦਿੱਲੀ ਗੁਰਦੁਆਰਾ ਕਮੇਟੀ ਨੂੰ ਇਹ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਸਰਟੀਫਿਕੇਟ/ਕਾਰਡ ਬਣਾਉਣ ਲਈ ਸਿਫਾਰਸ਼ ਕਰਨ ਦਾ ਅਧਿਕਾਰ ਮਿਲਦਾ ਹੈ ਤਾਂ ਇਸ ਨਾਲ ਸੰਗਤ ਤੋਂ ਯੋਗ ਬਿਨੈਕਾਰਾਂ ਦੀ ਮਦਦ ਕਰਨ ਵਿਚ ਲਾਭ ਮਿਲੇਗਾ, ਰਸਮੀ ਪ੍ਰਕਿਰਿਆ ਦੀਆਂ ਉਣਤਾਈਆਂ ਤੋਂ ਬਚਾਅ ਹੋ ਸਕੇਗਾ, ਲੋਕਾਂ ਵਾਸਤੇ ਪਹੁੰਚ ਸੌਖੀ ਹੋਵੇਗੀ ਤੇ ਜਾਗਰੂਕਤਾ ਆਵੇਗੀ, ਸਮੇਂ ਸਿਰ ਈ ਡਬਲਿਊ ਕਾਰਡ ਜਾਰੀ ਹੋ ਸਕਣਗੇ ਅਤੇ ਸਰਕਾਰੀ ਭਲਾਈ ਸਕੀਮਾਂ ਲਾਗੂ ਕਰਨ ਨੂੰ ਮਜ਼ਬੂਤੀ ਮਿਲੇਗੀ। ਉਹਨਾਂ ਬੇਨਤੀ ਕੀਤੀ ਕਿ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਨੂੰ ਨਵੀਂ ਦਿੱਲੀ, ਜਾਮਨਗਰ ਹਾਊਸ ਵਿਚ ਯੋਗ ਬਿਨੈਕਾਰਾਂ ਦੀ ਤਸਦੀਕ ਕਰ ਕੇ ਈ ਡਬਲਿਊ ਐਸ ਕਾਰਡ ਬਣਾਉਣ ਵਾਸਤੇ ਸਰਕਾਰੀ ਨਿਯਮਾਂ ਮੁਤਾਬਕ ਸਿਫਾਰਸ਼ ਕਰਨ ਦਾ ਅਧਿਕਾਰ ਦੇਵੇ। ਉਹਨਾਂ ਕਿਹਾ ਕਿ ਇਸ ਕਦਮ ਨਾਲ ਸਿੱਖ ਕੌਮ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਅਸਲ ਤੇ ਯੋਗ ਬਿਨੈਕਾਰਾਂ ਦੀ ਸਮੇਂ ਸਿਰ ਮਦਦ ਹੋ ਸਕੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








