ਫਰੈਂਕਫਰਟ :- ਗੁਰਦੁਆਰਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਪਰਿਵਾਰਿਕ ਕੋਰਸ ਕਰਵਾਇਆ ਜਿਸ ਵਿੱਚ ਬੱਚਿਆਂ ਅਤੇ ਮਾਂਪਿਆਂ ਦੀ ਵੱਡੀ ਗਿਣਤੀ ਨੇ ਹਿੱਸਾ ਲਿਆ ।
ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕੌਸਲ ਦੇ ਕਨਵੀਨਰ ਅਤੇ ਖਾਲਸਾ ਫਾਊਂਡੇਸ਼ਨ ਯੂ ਕੇ ਤੋਂ ਭਾਈ ਜਗਜੀਤ ਸਿੰਘ ਖਾਲਸਾ ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ । ਸਿੱਖੀ ਨੂੰ ਪਰਿਵਾਰਿਕ ਜੀਵਨ ਵਿੱਚ ਲਿਆਉਣ, ਮਜ਼ਬੂਤ ਪਰਿਵਾਰਿਕ ਸਾਂਝ ਬਣਾਉਣ, ਬੱਚਿਆਂ ਤੇ ਪੈਂਦੇ ਤਕਨਾਲੋਜੀ ਦੇ ਪ੍ਰਭਾਵ, ਪ੍ਰੇਰਨਾਦਾਇਕ ਮਾਤਾ ਪਿਤਾ ਕਿਵੇਂ ਬਣਨਾ ਹੈ, ਮਾਪੇ ਬਦਲਦੀ ਦੁਨਿਆਂ ਵਿੱਚ ਕਿਵੇਂ ਵਿਚਰਨ ਆਦਿ ਵਿਸ਼ਿਆਂ ਉੱਤੇ ਉਹਨਾਂ ਨੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਇਹ ਕੋਰਸ ਕਰਵਾਇਆ ਹੈ ਅਤੇ ਹਜ਼ਾਰਾਂ ਹੀ ਪਰਿਵਾਰਾਂ ਨੇ ਇਸ ਤੋਂ ਲਾਭ ਲਿਆ ਹੈ । ਸ਼ਨੀਵਾਰ ਨੂੰ 10 ਵਜੇ ਤੋਂ ਅਰੰਭ ਹੋ ਕੇ ਸ਼ਾਮ 7 ਵਜੇ ਤੱਕ ਚੱਲੇ ਇਸ ਕੋਰਸ ਵਿੱਚ ਭਾਈ ਜਗਜੀਤ ਸਿੰਘ ਨੇ ਸ਼ਾਮਲ ਹੋਏ ਨੌਜਵਾਨਾਂ ਤੇ ਮਾਪਿਆਂ ਨੂੰ ਮੌਜੂਦਾ ਸਮਿਆਂ ਵਿੱਚ ਪਰਿਵਾਰਾਂ ਨੂੰ ਆ ਰਹੀਆਂ ਚੁਣੌਤੀਆਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਪ੍ਰਤੀ ਜਾਣੂ ਕਰਵਾਇਆ । ਉਹਨਾਂ ਨੇ ਦੱਸਿਆ ਕਿ ਸਿੱਖ ਕਿਸੇ ਵੇਲੇ ਆਪਣੇ ਰਾਜ ਭਾਗ ਦੇ ਮਾਲਕ ਸਨ ਤੇ ਜੇਕਰ ਅੱਜ ਅਸੀਂ ਫਿਰ ਆਪਣਾ ਰਾਜ ਪ੍ਰਾਪਤ ਕਰਨਾ ਹੈ ਤਾਂ ਕਿਸ ਤਰ੍ਹਾਂ ਸਾਨੂੰ ਆਪਣੇ ਕਿਰਦਾਰ ਵਿੱਚ ਮਜ਼ਬੂਤੀ ਲਿਆਉਣੀ ਪਵੇਗੀ । ਕਿਸ ਤਰ੍ਹਾਂ ਵਿਹਾਰਕ ਰੂਪ ਵਿੱਚ ਗੁਰਬਾਣੀ ਨੂ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ । ਤਕਨਾਲੋਜੀ ਦਾ ਕਿਸ ਤਰ੍ਹਾਂ ਹਾਂ ਪੱਖੀ ਇਸਤੇਮਾਲ ਆਪਣੀ ਜ਼ਿੰਦਗੀ ਵਿੱਚ ਕਰਨਾ ਹੈ ਤੇ ਤਕਨਾਲੋਜੀ ਦੇ ਨਾ ਪੱਖੀ ਪ੍ਰਭਾਵਾਂ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰਨਾ ਹੈ । ਆਪਣੇ ਜੀਵਨ ਅਤੇ ਹਾਲਾਤਾਂ ਵਿੱਚ ਤਰੱਕੀ ਲਿਆ ਕੇ ਕਿਸ ਤਰ੍ਹਾਂ ਕੌਮ ਅਤੇ ਪੰਥ ਦੀ ਤਰੱਕੀ ਕਰਨੀ ਹੈ । ਇਸ ਮੌਕੇ ਜਰਮਨ ਦੇ ਵੱਖ ਵੱਖ ਸ਼ਹਿਰਾਂ ਤੋਂ ਪਰਿਵਾਰ ਇਸ ਕੋਰਸ ਦਾ ਲਾਭ ਲੈਣ ਪਹੁੰਚੇ ਸਨ ਅਤੇ ਉਹਨਾਂ ਨੇ ਇਸ ਕੋਰਸ ਦੀ ਬਹੁਤ ਸਰਾਹਨਾ ਕੀਤੀ । ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਕੋਰਸ ਵਿੱਚ ਸ਼ਾਮਲ ਸੰਗਤਾਂ ਨੂੰ ਅਤੁੱਟ ਚਾਹ ਪਾਣੀ ਅਤੇ ਲੰਗਰ ਵਰਤਾਇਆ ਗਿਆ। ਸੰਗਤਾਂ ਨੇ ਜਰਮਨੀ ਵਿੱਚ ਇਸ ਤਰ੍ਹਾਂ ਦੇ ਹੋਰ ਕੋਰਸ ਕਰਨ ਦੀ ਮੰਗ ਕੀਤੀ ਤੇ ਇਸ ਕੋਰਸ ਦੇ ਆਯੋਜਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਰਮਨ ਦੇ ਨੌਜਵਾਨਾਂ ਲਈ ਇਹੋ ਜਿਹੀ ਜਾਣਕਾਰੀ ਮਿਲਣੀ ਬਹੁਤ ਅਹਿਮ ਹੈ ਅਤੇ ਜਰਮਨ ਵਿੱਚ ਸਿੱਖਾਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ । ਭਾਈ ਜਗਜੀਤ ਸਿੰਘ ਯੂ ਕੇ ਨੇ ਐਤਵਾਰ ਦੇ ਦੀਵਾਨ ਵਿੱਚ ਵੀ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ । ਅਖੀਰ ਦੀਵਾਨ ਦੀ ਸਮਾਪਤੀ ਤੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਵੀ ਇਸ ਤਰ੍ਹਾਂ ਦੇ ਕੋਰਸ ਕਰਦੇ ਰਹਿਣ ਲਈ ਕਿਹਾ ਤੇ ਸੰਗਤਾਂ ਨੂੰ ਵੀ ਆਪਣੀ ਆਉਣ ਵਾਲੀ ਪੀੜ੍ਹੀ ਦੀ ਭਲਾਈ ਲਈ ਸਿੱਖੀ ਨੂੰ ਆਪਣ ਜੀਵਨ ਵਿੱਚ ਢਾਲਣ ਲਈ ਇਹੋ ਜਿਹੇ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਨਾ ਕਰਨ ਦੀ ਅਪੀਲ ਕੀਤੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।