ਨਵੀਂ ਦਿੱਲੀ 14 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਤਿਰੰਗੇ ਦੇ ਅਪਮਾਨ ’ਤੇ ਜਿਨ੍ਹਾਂ ਦੀ ਦੇਸ਼ਭਗਤੀ ਜਾਗ ਪੈਂਦੀ ਹੈ, ਉਹ ਪਹਿਲਾਂ ਇਹ ਜਵਾਬ ਦੇਣ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਗੁਰੂ ਸਾਹਿਬ ਜੀ ਦੇ ਪਾਵਨ ਅੰਗ ਗਲੀਆਂ-ਨਾਲੀਆਂ ਵਿੱਚ ਰੁਲਦੇ ਹਨ, ਸਿੱਖਾਂ ਦਾ ਕਤਲੇਆਮ ਹੁੰਦਾ ਹੈ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਗਾਈਆਂ ਜਾਂਦੀਆਂ ਹਨ—ਉਸ ਵੇਲੇ ਉਨ੍ਹਾਂ ਦੀ ਸੰਵੇਦਨਾ ਕਿੱਥੇ ਦੱਬ ਜਾਂਦੀ ਹੈ? ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਟੀਮ ਸ਼ਹੀਦ ਨਿੱਝਰ ਦੇ ਮੁੱਖ ਕਾਰਕੁਨ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ ਐਸਐਫਜੇ ਨੇ ਕਿਹਾ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਧਮਕੀਆਂ ਦੇਣ, ਉਨ੍ਹਾਂ ’ਤੇ ਹਮਲੇ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਸਬੰਧੀ ਲੱਗੇ ਗੰਭੀਰ ਦੋਸ਼ਾਂ ’ਤੇ ਵੀ ਉਹੀ ਮਾਪਦੰਡ ਕਿਉਂ ਨਹੀਂ ਲਾਗੂ ਹੁੰਦਾ? ਸਿੱਖਾਂ ਦੇ ਜ਼ਖ਼ਮਾਂ ਨੂੰ ਅਣਡਿੱਠਾ ਕਰਕੇ ਸਿਰਫ਼ ਝੰਡੇ ਦੀ ਗੱਲ ਕਰਨਾ ਦੋਹਰੇ ਮਾਪਦੰਡਾਂ ਦੀ ਸਭ ਤੋਂ ਸਾਫ਼ ਤਸਵੀਰ ਹੈ। ਭਾਰਤੀ ਹਕੂਮਤ ਅਤੇ ਇਸ ਨਾਲ ਜੁੜੇ ਪ੍ਰਚਾਰ ਤੰਤਰ ਉੱਤੇ ਵਿਦੇਸ਼ੀ ਧਰਤੀ ’ਤੇ ਖਾਲਿਸਤਾਨ ਦੀ ਆਵਾਜ਼ ਨੂੰ ਬਦਨਾਮ ਕਰਨ ਲਈ ਪ੍ਰਚਾਰ ਕਰਨ ਦੇ ਜੋ ਦੋਸ਼ ਲੱਗਦੇ ਹਨ, ਉਨ੍ਹਾਂ ਦਾ ਵੀ ਜਵਾਬ ਦੇਣਾ ਪਵੇਗਾ। ਸਵਾਲਾਂ ਨੂੰ ਦੇਸ਼ਭਗਤੀ ਦੇ ਨਾਅਰਿਆਂ ਹੇਠ ਦਬਾਇਆ ਨਹੀਂ ਜਾ ਸਕਦਾ।
ਓਨ੍ਹਾ ਦਸਿਆ 18 ਸਤੰਬਰ ਨੂੰ ਦੁਪਹਿਰ ਠੀਕ 12 ਵਜੇ ਵੈਨਕੂਵਰ ਸਥਿਤ ਭਾਰਤੀ ਐਂਬੈਸੀ ਦੇ ਬਾਹਰ ਗੈਰਤਮੰਦ ਸਿੱਖ ਆਪਣੇ ਹੱਕਾਂ, ਇਨਸਾਫ਼ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਣਗੇ। ਇਹ ਸਿਰਫ਼ ਇੱਕ ਪ੍ਰਦਰਸ਼ਨ ਨਹੀਂ, ਸਗੋਂ ਉਨ੍ਹਾਂ ਤਾਕਤਾਂ ਲਈ ਸਪੱਸ਼ਟ ਸੁਨੇਹਾ ਹੈ ਜੋ ਸਮਝਦੀਆਂ ਹਨ ਕਿ ਪ੍ਰਚਾਰ, ਦਬਾਅ ਜਾਂ ਧਮਕੀਆਂ ਨਾਲ ਸਿੱਖਾਂ ਦੀ ਆਵਾਜ਼ ਖ਼ਾਮੋਸ਼ ਕੀਤੀ ਜਾ ਸਕਦੀ ਹੈ। ਨਹੀਂ—ਆਵਾਜ਼ ਨੂੰ ਦਬਾਉਣ ਨਾਲ ਸਵਾਲ ਹੋਰ ਉੱਚੇ ਹੁੰਦੇ ਹਨ, ਜ਼ੁਲਮ ਨੂੰ ਢੱਕਣ ਨਾਲ ਇਤਿਹਾਸ ਹੋਰ ਤਿੱਖਾ ਹੋ ਕੇ ਗਵਾਹ ਬਣਦਾ ਹੈ। ਅਸੀਂ ਹਰ ਬੇਅਦਬੀ ਦਾ ਵਿਰੋਧ, ਹਰ ਧਮਕੀ ਦੀ ਜਾਂਚ ਅਤੇ ਹਰ ਸਿੱਖ ਦੇ ਹੱਕ ਲਈ ਇਨਸਾਫ਼ ਦੀ ਮੰਗ ਕਰਦੇ ਰਹਾਂਗੇ। ਝੰਡਿਆਂ ਦੀ ਬਹਿਸ ਤੋਂ ਉੱਪਰ ਸਾਡਾ ਸਵਾਲ ਹੈ—ਇਨਸਾਫ਼ ਕਿੱਥੇ ਹੈ? ਅਤੇ ਇਸ ਸਵਾਲ ਤੋਂ ਕੋਈ ਹਕੂਮਤ ਸਦਾ ਲਈ ਭੱਜ ਨਹੀਂ ਸਕਦੀ। ਇਸ ਮੌਕੇ ਓਨ੍ਹਾ ਨਾਲ ਭਾਈ ਅਵਤਾਰ ਸਿੰਘ ਖਹਿਰਾ, ਭਾਈ ਜੈਗ ਸਿੱਧੂ, ਭਾਈ ਅਜੈਪਾਲ ਸਿੰਘ, ਭਾਈ ਚਰਨਜੀਤ ਸਿੰਘ ਸਮੇਤ ਹੋਰ ਬਹੁਤ ਸਾਰੇ ਟੀਮ ਨਿੱਝਰ ਦੇ ਕਾਰਕੁਨ ਹਾਜਿਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








