Home » ਨਵੀਂ ਦਿੱਲੀ » ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ: ਭਾਈ ਰਤਿੰਦਰ ਸਿੰਘ ਇੰਦੌਰ

ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ: ਭਾਈ ਰਤਿੰਦਰ ਸਿੰਘ ਇੰਦੌਰ

SHARE ARTICLE

11 Views

 

ਨਵੀਂ ਦਿੱਲੀ 14 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਕਰੋੜਾਂ ਪੈਰੋਕਾਰ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਡੇਰਾ ਮੁਖੀ ਨੂੰ ਆਪਣੇ ਪ੍ਰਭਾਵ ਅਤੇ ਪੈਰੋਕਾਰਾਂ ਦੀ ਗਿਣਤੀ ’ਤੇ ਇੰਨਾ ਹੀ ਮਾਣ ਹੈ ਤਾਂ ਉਹ ਆਪਣੇ ਦੋਵਾਂ ਜਵਾਈਆਂ, ਦੋਵਾਂ ਧੀਆਂ, ਪੁੱਤਰ, ਨੂੰਹ ਅਤੇ ਹਨੀਪ੍ਰੀਤ ਸਮੇਤ ਆਪਣੇ ਕਿਸੇ ਵੀ ਚਹੇਤੇ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਾਂ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਟਿਕਟ ’ਤੇ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰ ਕੇ ਦੇਖ ਲਵੇ। ਭਾਈ ਇੰਦੌਰ ਨੇ ਕਿਹਾ ਕਿ ਕਰੋੜਾਂ ਪੈਰੋਕਾਰਾਂ ਦੀਆਂ ਫੋਕੀਆਂ ਗਿਣਤੀਆਂ ਅਤੇ ਡੇਰੇ ਦੇ ਪ੍ਰਚਾਰ ਰਾਹੀਂ ਬਣਾਈ ਗਈ ਕਾਗਜ਼ੀ ਤਾਕਤ ਦਾ ਅਸਲੀ ਇਮਤਿਹਾਨ ਚੋਣਾਂ ਵਿੱਚ ਹੀ ਹੋ ਸਕਦਾ ਹੈ। ਜੇਕਰ ਸੱਚਮੁੱਚ ਕਰੋੜਾਂ ਲੋਕ ਇਸਦੇ ਪਿੱਛੇ ਖੜ੍ਹੇ ਹਨ ਤਾਂ ਚੋਣਾਂ ਵਿੱਚ ਵੋਟਾਂ ਦੇ ਰੂਪ ਵਿੱਚ ਇਹ ਤਾਕਤ ਕਿਉਂ ਨਹੀਂ ਦਿਖਾਈ ਜਾਂਦੀ? ਉਨ੍ਹਾਂ ਕਿਹਾ ਕਿ ਸਾਢੇ ਸੱਤ ਕਰੋੜ ਤਾਂ ਬਹੁਤ ਦੂਰ ਦੀ ਗੱਲ ਹੈ, ਜੇਕਰ ਡੇਰਾ ਮੁਖੀ ਦੇ ਆਪਣੇ ਦੱਸੇ ਪੈਰੋਕਾਰਾਂ ਵਿੱਚੋਂ ਸਾਢੇ ਸੱਤ ਹਜ਼ਾਰ ਲੋਕ ਵੀ ਉਸਦੇ ਪਰਿਵਾਰ ਜਾਂ ਚਹੇਤਿਆਂ ਦੇ ਹੱਕ ਵਿੱਚ ਡਟ ਕੇ ਵੋਟ ਪਾ ਦੇਣ ਤਾਂ ਇਸਨੂੰ ਵੀ ਉਸਦੇ ਦਾਅਵੇ ਦੀ ਵੱਡੀ ਪਰਖ ਮੰਨਿਆ ਜਾਵੇਗਾ।
ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਅਦਾਲਤ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਉਸ ਵੱਲੋਂ ਆਪਣੇ ਆਪ ਨੂੰ ਕਰੋੜਾਂ ਲੋਕਾਂ ਦਾ ਰਹਿਨੁਮਾ ਦੱਸਣਾ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਡੇਰੇ ਦੇ ਪ੍ਰਚਾਰ, ਭੀੜਾਂ ਅਤੇ ਸੋਸ਼ਲ ਮੀਡੀਆ ਦੇ ਦਾਅਵਿਆਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ—ਚੋਣ ਮੈਦਾਨ—ਵਿੱਚ ਆਪਣੀ ਅਸਲ ਤਾਕਤ ਸਾਬਤ ਕੀਤੀ ਜਾਵੇ। “ਰਾਮ ਰਹੀਮ! ਜੇ ਤੇਰੇ ਪਿੱਛੇ ਸੱਚਮੁੱਚ ਕਰੋੜਾਂ ਪੈਰੋਕਾਰ ਖੜ੍ਹੇ ਹਨ ਤਾਂ ਡਰ ਕਿਸ ਗੱਲ ਦਾ ਹੈ? ਆਪਣੇ ਚਹੇਤਿਆਂ ਨੂੰ ਚੋਣ ਮੈਦਾਨ ਵਿੱਚ ਉਤਾਰ, ਵੋਟਾਂ ਗਿਣਵਾ ਅਤੇ ਦੁਨੀਆ ਨੂੰ ਦੱਸ ਕਿ ਤੇਰੇ ਦਾਅਵਿਆਂ ਵਿੱਚ ਕਿੰਨਾ ਦਮ ਹੈ। ਨਹੀਂ ਤਾਂ ਕਰੋੜਾਂ ਪੈਰੋਕਾਰਾਂ ਦੀਆਂ ਬੜ੍ਹਕਾਂ ਮਾਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਬੰਦ ਕਰ,” ਭਾਈ ਇੰਦੌਰ ਨੇ ਕਿਹਾ। ਉਨ੍ਹਾਂ ਕਿਹਾ ਕਿ ਜਨਤਾ ਹੁਣ ਸਿਰਫ਼ ਬਿਆਨਾਂ ਅਤੇ ਦਾਅਵਿਆਂ ਨਾਲ ਪ੍ਰਭਾਵਿਤ ਹੋਣ ਵਾਲੀ ਨਹੀਂ; ਅਸਲੀ ਤਾਕਤ ਦਾ ਪਤਾ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਲੱਗਦਾ ਹੈ। ਇਸ ਲਈ ਇਹ ਖੁੱਲ੍ਹਾ ਚੈਲੇਂਜ ਹੈ—ਜਦੋਂ ਮਰਜ਼ੀ, ਜਿੱਥੇ ਮਰਜ਼ੀ, ਆਪਣੇ ਪੈਰੋਕਾਰਾਂ ਦੀ ਤਾਕਤ ਚੋਣਾਂ ਰਾਹੀਂ ਸਾਬਤ ਕਰ ਲੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News