ਫਰੈਕਫੋਰਟ 10 ਸਤੰਬਰ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਪ੍ਰਭ ਸਿੰਘ,ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੀ ਹੋਈ ਫੇਰੀ ਅਤੇ ਉੱਥੇ ਉਸ ਦੇ ਕੀਤੇ ਗਏ ਸਵਾਗਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਅਮਰੀਕਾ ਅਤੇ ਕੈਨੇਡਾ ਵਿੱਚ ਮੋਹਨ ਭਾਗਵਤ ਦੀ ਫੇਰੀ ਦੌਰਾਨ ਸਿੱਖ ਸੰਗਤਾਂ ਵੱਲੋਂ ਭਾਗਵਤ ਦਾ ਭਾਰੀ ਵਿਰੋਧ ਹੋਣ ਦੇ ਬਾਵਜੂਦ, ਬਰਤਾਨੀਆ ਵਿੱਚ ਕੁਝ ਲੋਕਾਂ ਵੱਲੋਂ ਗੁਰੂ ਘਰ ਦੀ ਵਰਤੋਂ ਕਰਕੇ ਉਸ ਨੂੰ ਵਿਸ਼ੇਸ਼ ਸਨਮਾਨ ਦੇਣਾ ਸ਼ਰਮਨਾਕ ਹੈ। ਗੁਰਦੁਆਰਾ ਸਾਹਿਬ ਨੂੰ ਇੱਕ ਸਿਆਸੀ ਅਤੇ ਸਿੱਖ ਵਿਰੋਧੀ ਸੰਸਥਾ ਦੇ ਆਗੂ ਦੇ ਪ੍ਰਚਾਰ ਲਈ ਵਰਤਣਾ ਸਿੱਖ ਭਾਵਨਾਵਾਂ ਨਾਲ ਕੋਝਾ ਮਜ਼ਾਕ ਹੈ ਅਤੇ ਅਜਿਹਾ ਕਰਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਿੱਖ ਸੰਗਤ ਨਾਲ ਧੋਖਾ ਕੀਤਾ ਗਿਆ ਹੈ।
ਸਮੁੱਚਾ ਸਿੱਖ ਜਗਤ ਭਲੀ ਭਾਂਤ ਜਾਣੂੰ ਹੈ ਕਿ ਆਰ.ਐੱਸ.ਐੱਸ. ਇੱਕ ਪੂਰੀ ਤਰ੍ਹਾਂ ਸਿੱਖ ਵਿਰੋਧੀ ਜਥੇਬੰਦੀ ਹੈ। ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਰ.ਐੱਸ.ਐੱਸ. ਦੀਆਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਦੇਖਦਿਆਂ ਇਸ ਵਿਰੁੱਧ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਹੈ।
ਅਜਿਹੇ ਹਾਲਾਤਾਂ ਵਿੱਚ, ਕਿਸੇ ਸਿੱਖ ਵਿਰੋਧੀ ਜਥੇਬੰਦੀ ਵੱਲੋਂ ਆਪਣੇ ਏਜੰਡੇ ਨੂੰ ਸਹੀ ਠਹਿਰਾਉਣ ਲਈ ਗੁਰਦੁਆਰਾ ਸਾਹਿਬਾਨ ਦੀ ਇੱਕ ਦਿਖਾਵੇ ਦੇ ਸਾਧਨ ਵਜੋਂ ਵਰਤੋਂ ਕਰਨਾ ਅਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣਨਾ ਪੰਥ ਨਾਲ ਸਿੱਧਾ ਧ੍ਰੋਹ ਹੈ।
ਸਿੱਖ ਕੌਮ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਸਾਡੇ ਪਵਿੱਤਰ ਗੁਰਦੁਆਰਾ ਸਾਹਿਬਾਨਾਂ ਨੂੰ ਸਿੱਖ ਵਿਰੋਧੀ ਤਾਕਤਾਂ ਆਪਣੇ ਕੂੜ ਮਨਸੂਬਿਆਂ ਲਈ ਵਰਤਣ।
ਆਰ.ਐੱਸ.ਐੱਸ. ਦੀ ਵਿਚਾਰਧਾਰਾ ਇੱਕ ਅਜਿਹੇ ‘ਹਿੰਦੂ ਰਾਸ਼ਟਰ’ ਦੀ ਸਿਰਜਣਾ ਕਰਨ ਅਤੇ ਉਸਨੂੰ ਥੋਪਣ ’ਤੇ ਅਧਾਰਿਤ ਹੈ ਜੋ ਇੰਡੀਆ ਅੰਦਰ ਵੱਸਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਹਿੰਦੁਤਵਾ ਦੇ ਰੰਗ ਵਿੱਚ ਰੰਗਣ ਅਤੇ ਸਮਾਜ ਨੂੰ ਊਚ-ਨੀਚ ਦੀਆਂ ਵੰਡਾਂ ਵਾਲੇ ਢਾਂਚੇ ਵਿੱਚ ਰੱਖਣ ਦੀ ਵਕਾਲਤ ਕਰਦੀ ਹੈ। ਇਸ ਦੇ ਉਲਟ, ਸਿੱਖੀ ਦਾ ਜਨਮ ਹੀ ਇਸ ਦਮਨਕਾਰੀ ਢਾਂਚੇ ਨੂੰ ਚੁਣੌਤੀ ਦੇਣ ਲਈ ਹੋਇਆ ਸੀ।
ਆਰ.ਐੱਸ.ਐੱਸ. ਦਾ ਲਗਾਤਾਰ ਯਤਨ ਸਿੱਖ ਇਤਿਹਾਸ, ਪਹਿਚਾਣ ਅਤੇ ਸਾਡੀ ਵੱਖਰੀ ਕੌਮੀ ਹੋਂਦ ਨੂੰ ਮਿਟਾ ਕੇ ਉਸਨੂੰ ਆਪਣੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨਾ ਹੈ, ਜੋ ਕਿ ਖਾਲਸਾ ਪੰਥ ਦੇ ਬੁਨਿਆਦੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦ੍ਰਿੜਾਇਆ ਗਿਆ ਸਿੱਖ ਫਲਸਫਾ ਜ਼ੁਲਮ, ਤਾਨਾਸ਼ਾਹ ਹਾਕਮਾਂ ਅਤੇ ਉਸ ਬ੍ਰਾਹਮਣਵਾਦੀ ਜਾਤ-ਪਾਤ ਪ੍ਰਣਾਲੀ ਨੂੰ ਜੜ੍ਹੋਂ ਉਖਾੜਨ ਲਈ ਹੋਂਦ ਵਿੱਚ ਆਇਆ ਸੀ, ਜਿਸ ਨੇ ਆਮ ਲੋਕਾਂ ਨੂੰ ਬਰਾਬਰ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਅਤੇ ਔਰਤਾਂ ਨੂੰ ਗੁਲਾਮ ਬਣਾਇਆ। ਸਿੱਖੀ ਹਮੇਸ਼ਾ ਬਰਾਬਰਤਾ, ਮਨੁੱਖੀ ਅਧਿਕਾਰਾਂ ਅਤੇ ਸਰਬੱਤ ਦੇ ਭਲੇ ਦੀ ਪੈਰਵੀ ਕਰਦੀ ਹੈ, ਜਦਕਿ ਆਰ.ਐੱਸ.ਐੱਸ. ਦਾ ਇਤਿਹਾਸ ਅਤੇ ਰਾਜਨੀਤੀ ਹਮੇਸ਼ਾ ਘੱਟ ਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਮੂਲ ਹੱਕ ਖੋਹਣ ਵਾਲੀ ਰਹੀ ਹੈ ਜਿਸ ਦਾ ਸਿੱਖ ਸਦਾ ਵਿਰੋਧ ਕਰਦੇ ਰਹਿਣਗੇ।
ਇਸ ਲਈ, ਮੋਹਨ ਭਾਗਵਤ ਦੀ ਇਹ ਫੇਰੀ ਅਤੇ ਉਸਦਾ ਕੀਤਾ ਗਿਆ ਸਵਾਗਤ ਪੂਰੀ ਤਰ੍ਹਾਂ ਸਿੱਖੀ ਸਿਧਾਂਤਾਂ ਅਤੇ ਗੁਰਮਤਿ ਆਸ਼ੇ ਦੇ ਵਿਰੁੱਧ ਹੈ।
ਵਰਲਡ ਸਿੱਖ ਪਾਰਲੀਮੈਂਟ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦੀ ਹੈ ਕਿ ਉਹ ਅਜਿਹੀਆਂ ਤਾਕਤਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਜੋ ਸਿੱਖੀ ਅੰਦਰ ਸਿੱਖ ਵਿਰੋਧੀ ਤਾਕਤਾਂ ਦੀ ਘੁਸਪੈਠ ਕਰਵਾ ਰਹੀਆਂ ਹਨ। ਸਿੱਖ ਕਿਸੇ ਵੀ ਕੀਮਤ ‘ਤੇ ਆਰ.ਐੱਸ.ਐੱਸ. ਵਰਗੀਆਂ ਫਾਸ਼ੀਵਾਦੀ ਸੋਚ ਵਾਲੀਆਂ ਜਥੇਬੰਦੀਆਂ ਨੂੰ ਸਿੱਖ ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਆਪਣੇ ਆਪ ਨੂੰ ਸਿੱਖਾਂ ਵਿੱਚ ਪ੍ਰਵਾਨ ਕਰਵਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







