Home » ਨਵੀਂ ਦਿੱਲੀ » ਦਿਲਜੀਤ ਦੁਸਾਂਝ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਇਆ ਨੱਚਣ ਟੱਪਣ ਦਾ ਸ਼ੋਅ, ਖਾਲਿਸਤਾਨੀ ਝੰਡਿਆਂ ਨਾਲ ਸਿੰਘਾਂ ਦਾ ਸਟੇਜ ‘ਤੇ ਵਿਰੋਧ

ਦਿਲਜੀਤ ਦੁਸਾਂਝ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਇਆ ਨੱਚਣ ਟੱਪਣ ਦਾ ਸ਼ੋਅ, ਖਾਲਿਸਤਾਨੀ ਝੰਡਿਆਂ ਨਾਲ ਸਿੰਘਾਂ ਦਾ ਸਟੇਜ ‘ਤੇ ਵਿਰੋਧ

SHARE ARTICLE

9 Views

👉 ਜੱਥੇਦਾਰ ਅਕਾਲ ਤਖਤ ਦਲਜੀਤ ਦੁਸਾਂਝ ਵਿਰੁੱਧ ਕਰਣ ਸਖ਼ਤ ਕਾਰਵਾਈ: ਭਾਈ ਸਾਬੀ

ਨਵੀਂ ਦਿੱਲੀ, 21 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਸੈਨ ਫ੍ਰਾਂਸਿਸਕੋ ਵਿੱਚ ਹੋਇਆ ਸ਼ੋਅ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਿਆ ਜਦੋਂ ਖਾਲਿਸਤਾਨ ਰੈਫਰੈਂਡਮ ਨਾਲ ਜੁੜੇ ਕੁਝ ਕਾਰਕੁਨ ਸਟੇਜ ‘ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਖਾਲਿਸਤਾਨੀ ਝੰਡੇ ਲਹਿਰਾਏ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। ਕਾਰਕੁਨਾਂ ਨੇ 18 ਜੂਨ ਨੂੰ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਤੀਜੀ ਬਰਸੀ ਨਾਲ ਸੰਬੰਧਿਤ ਦਿਨ ਸੀ, ਸ਼ੋਅ ਕਰਵਾਏ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ। ਇਸ ਦੌਰਾਨ ਪੰਥਕ ਹਲਕਿਆਂ ਵੱਲੋਂ ਵੀ ਇਸ ਪ੍ਰੋਗਰਾਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਸਿੱਖ ਰਵਾਇਤਾਂ ਅਤੇ ਸ਼ਹੀਦੀ ਦਿਹਾੜਿਆਂ ਦੀ ਮਰਿਆਦਾ ਦੇ ਉਲਟ ਦੱਸਿਆ ਗਿਆ। ਇਸ ਮੌਕੇ ਐਸਐਫਜੇ ਦੇ ਭਾਈ ਸਰਬਜੀਤ ਸਿੰਘ ਸਾਬੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਵਰਗੇ ਪਵਿੱਤਰ ਦਿਨਾਂ ‘ਤੇ ਨੱਚਣ-ਟੱਪਣ ਅਤੇ ਮਨੋਰੰਜਨ ਦੇ ਪ੍ਰੋਗਰਾਮ ਕਰਵਾਉਣਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਾਨੂੰ ਸ਼ਹੀਦਾਂ ਦੀ ਯਾਦ ਵਿੱਚ ਸਿਮਰਨ, ਅਰਦਾਸ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਹੈ, ਨਾ ਕਿ ਮਨੋਰੰਜਨਕ ਸਮਾਗਮਾਂ ਦੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਇਤਿਹਾਸ, ਗੁਰੂ ਸਾਹਿਬਾਨਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਪੰਥਕ ਵਿਰਸੇ ਤੋਂ ਦੂਰ ਕਰਨ ਦਾ ਕਾਰਨ ਬਣ ਸਕਦੇ ਹਨ। ਭਾਈ ਸਾਬੀ ਨੇ ਇਹ ਵੀ ਦੋਸ਼ ਲਾਇਆ ਕਿ ਦਿਲਜੀਤ ਦੁਸਾਂਝ ਵੱਲੋਂ ਅਮਿਤਾਭ ਬੱਚਨ ਪ੍ਰਤੀ ਜਨਤਕ ਤੌਰ ‘ਤੇ ਪ੍ਰਗਟ ਕੀਤੇ ਗਏ ਸਤਿਕਾਰ ਕਾਰਨ ਵੀ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਨਾਲ ਜੋੜੇ ਜਾਂਦੇ “ਖੂਨ ਦਾ ਬਦਲਾ ਖੂਨ” ਵਾਲੇ ਨਾਅਰੇ ਜੋ ਕਿ ਅਮਿਤਾਭ ਬੱਚਨ ਵਲੋਂ ਲਗਾਏ ਗਏ ਕਿਹਾ ਜਾਂਦਾ ਹੈ, ਦੇ ਮਾਮਲੇ ਨੂੰ ਲੈ ਕੇ ਵੀ ਸਿੱਖ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਇਤਰਾਜ਼ ਪ੍ਰਗਟ ਕੀਤੇ ਜਾਂਦੇ ਰਹੇ ਹਨ। ਭਾਈ ਸਾਬੀ ਨੇ ਕਿਹਾ ਕਿ ਦਿਲਜੀਤ ਦੁਸਾਂਝ ਨੂੰ ਇਸ ਮਾਮਲੇ ਸਬੰਧੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦਿਲਜੀਤ ਦੁਸਾਂਝ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਦਿਲਜੀਤ ਦੁਸਾਂਝ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਗੁਰੇਜ਼ ਕਰਨ। ਅੰਤ ਵਿਚ ਦੁਸਾਂਝ ਨੂੰ ਚੇਤਾਵਨੀ ਦੇਂਦਿਆ ਕਿਹਾ ਜਦੋ ਤਕ ਓਹ ਪੰਥ ਕੋਲੋਂ ਮੁਆਫੀ ਨਹੀਂ ਮੰਗਣਗੇ ਓਨ੍ਹਾ ਦੇ ਹਰ ਪ੍ਰੋਗਰਾਮ ਵਿਚ ਵਿਰੋਧ ਹੁੰਦਾ ਰਹੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News