👉 ਕੌਮੀ ਇਨਸਾਫ਼, ਪਛਾਣ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਣ ਦਾ ਸਿਲਸਿਲਾ ਰਹੇਗਾ ਜਾਰੀ
ਨਵੀਂ ਦਿੱਲੀ, 7 ਜੂਨ (ਮਨਪ੍ਰੀਤ ਸਿੰਘ ਖਾਲਸਾ): ਜੂਨ 1984 ਦੇ ਘੱਲੂਘਾਰੇ ਅਤੇ ਸਾਕਾ ਨੀਲਾ ਤਾਰਾ ਦੀ 42ਵੀਂ ਵਰ੍ਹੇਗੰਢ ਮੌਕੇ ਕੈਨੇਡਾ, ਯੂਕੇ, ਜਰਮਨੀ, ਨਿਊਜ਼ੀਲੈਂਡ, ਇਟਲੀ ਅਤੇ ਕੈਲੀਫੋਰਨੀਆ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਬਾਹਰ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨੀ ਝੰਡੇ ਲਹਿਰਾਉਂਦੇ ਹੋਏ ਭਾਰਤ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਰਤੀ ਅੰਬੈਸੀਆਂ ਨੂੰ ਬੰਦ ਕਰਣ ਦੀ ਮੰਗ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਣ ਦੇ ਨਾਲ ਭਾਰਤੀ ਝੰਡੇ ਦੀ ਵੱਡੇ ਪੱਧਰ ਤੇ ਬੇਹੂਰਮਤੀ ਕੀਤੀ ਗਈ । ਬੁਲਾਰਿਆਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਅਤੇ ਨਾ ਭੁੱਲਿਆ ਜਾ ਸਕਣ ਵਾਲਾ ਅਧਿਆਇ ਹੈ, ਜਿਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਨੇ ਸਿੱਖ ਕੌਮ ਦੇ ਮਨਾਂ ’ਤੇ ਡੂੰਘੇ ਜ਼ਖ਼ਮ ਛੱਡੇ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਨਾਲ ਸਬੰਧਤ ਸੱਚਾਈ ਅਤੇ ਇਨਸਾਫ਼ ਲਈ ਆਵਾਜ਼ ਉਠਾਉਣਾ ਸਮੇਂ ਦੀ ਲੋੜ ਹੈ। ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਸਿੱਖ ਆਗੂਆਂ ਨੇ ਖਾਲਿਸਤਾਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਹੱਕ ਹੈ ਅਤੇ ਕੌਮੀ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ 1984 ਦੇ ਘੱਲੂਘਾਰੇ, ਨਵੰਬਰ 1984 ਸਿੱਖ ਕਤਲੇਆਮ ਅਤੇ ਸਿੱਖਾਂ ਉੱਤੇ ਹੋਏ ਹੋਰ ਕਥਿਤ ਜ਼ੁਲਮਾਂ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਵੀ ਉਠਾਈ ਗਈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੂਨ 1984 ਨਾਲ ਸਬੰਧਤ ਘਟਨਾਵਾਂ ਅਤੇ ਸਿੱਖਾਂ ਨਾਲ ਹੋਏ ਕਥਿਤ ਅਨਿਆਂ ਦੇ ਮਾਮਲੇ ਅੱਜ ਵੀ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿੱਚ ਗਹਿਰੀ ਬੇਚੈਨੀ ਅਤੇ ਰੋਸ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਮਾਮਲਿਆਂ ਵਿੱਚ ਪੂਰੀ ਸੱਚਾਈ ਸਾਹਮਣੇ ਨਹੀਂ ਆਉਂਦੀ ਅਤੇ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ। ਕਈ ਥਾਵਾਂ ’ਤੇ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਿੱਖਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ 1984 ਦੀਆਂ ਘਟਨਾਵਾਂ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਅੱਜ ਵੀ ਕੌਮ ਦੀ ਸਿਆਸੀ ਅਤੇ ਸਮਾਜਿਕ ਚੇਤਨਾ ਨੂੰ ਪ੍ਰਭਾਵਿਤ ਕਰਦੀਆਂ ਹਨ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਵਿਸ਼ਵ ਪੱਧਰ ’ਤੇ ਸਿੱਖ ਨੌਜਵਾਨਾਂ ਵਿੱਚ ਆਪਣੇ ਇਤਿਹਾਸ ਅਤੇ ਕੌਮੀ ਹੱਕਾਂ ਪ੍ਰਤੀ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ, ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਨਿੱਝਰ ਕਤਲ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਨਾਲ ਹੀ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲਿਜਾਏ ਗਏ ਇਤਿਹਾਸਕ ਦਸਤਾਵੇਜ਼ਾਂ, ਹੱਥ-ਲਿਖਤ ਬੀੜਾਂ ਅਤੇ ਵਿਰਾਸਤੀ ਸਮਾਨ ਦੀ ਵਾਪਸੀ ਦੀ ਮੰਗ ਵੀ ਦੁਹਰਾਈ ਗਈ।ਵੈਨਕੂਵਰ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਹਿਦ ਦੁਹਰਾਇਆ ਕਿ ਕੌਮੀ ਇਨਸਾਫ਼, ਪਛਾਣ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਣ ਦਾ ਸਿਲਸਿਲਾ ਜਾਰੀ ਰਹੇਗਾ। ਵਿਦੇਸ਼ਾਂ ਅੰਦਰ ਕੀਤੇ ਗਏ ਪ੍ਰਦਰਸ਼ਨਾਂ ਵਿਚ ਯੂਕੇ ਤੋਂ ਜਲਾਵਤਨੀ ਭਾਈ ਪਰਮਜੀਤ ਸਿੰਘ ਪੰਮਾ, ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਰਘਵੀਰ ਸਿੰਘ ਵਾਲਸਾਲ, ਭਾਈ ਜੋਗਾ ਸਿੰਘ, ਕੈਨੇਡਾ ਤੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਅਵਤਾਰ ਸਿੰਘ ਖਹਿਰਾ, ਯੂਐਸਏ ਤੋਂ ਭਾਈ ਸਰਬਜੀਤ ਸਿੰਘ ਸਾਬੀ, ਭਾਈ ਅਵਤਾਰ ਸਿੰਘ ਪਨੂੰ, ਨਿਊਜੀਲੈਂਡ ਤੋਂ ਭਾਈ ਰਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਖਾਲਸਾ, ਭਾਈ ਅਮਨਦੀਪ ਸਿੰਘ, ਜਰਮਨ ਤੋਂ ਜੱਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਲਖਵਿੰਦਰ ਸਿੰਘ ਮਲੀ, ਭਾਈ ਹਰਮੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਸਮੇਤ ਵਡੀ ਗਿਣਤੀ ਵਿਚ ਦਰਦਮੰਦ ਸਿੱਖ ਪੰਜਾਬੀ ਸੰਗਤਾਂ ਹਾਜਿਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








