Home » ਜੀਵਨ ਸ਼ੈਲੀ » ਸਿੱਖ ਇਤਿਹਾਸ ਦੇ ਪ੍ਰਚਾਰ ਲਈ ਮਿਆਰੀ ਸਿਨੇਮਾ, ਡਿਜੀਟਲ ਮੀਡੀਆ ਅਤੇ ਬ੍ਰਹਿਮੰਡੀ ਗੁਰਮਤਿ ਦ੍ਰਿਸ਼ਟੀ ਦੀ ਲੋੜ – ਲੇਖਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਚਦੇਵਾ ਜੀ. ਐਸ. ਸੀ.

ਸਿੱਖ ਇਤਿਹਾਸ ਦੇ ਪ੍ਰਚਾਰ ਲਈ ਮਿਆਰੀ ਸਿਨੇਮਾ, ਡਿਜੀਟਲ ਮੀਡੀਆ ਅਤੇ ਬ੍ਰਹਿਮੰਡੀ ਗੁਰਮਤਿ ਦ੍ਰਿਸ਼ਟੀ ਦੀ ਲੋੜ – ਲੇਖਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਚਦੇਵਾ ਜੀ. ਐਸ. ਸੀ.

SHARE ARTICLE

6 Views

ਅੱਜ ਦਾ ਯੁੱਗ ਡਿਜੀਟਲ ਮੀਡੀਆ, ਸੰਚਾਰ ਅਤੇ ਵਿਜ਼ੂਅਲ ਪ੍ਰਸਤੁਤੀ ਦਾ ਯੁੱਗ ਹੈ। ਦੁਨੀਆ ਦੀਆਂ ਕੌਮਾਂ ਆਪਣਾ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਫ਼ਿਲਮਾਂ, ਡਾਕੂਮੈਂਟਰੀਆਂ, ਡਿਜੀਟਲ ਪਲੇਟਫਾਰਮਾਂ ਅਤੇ ਆਧੁਨਿਕ ਮਾਧਿਅਮਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਾਲ ਵਰਤੋਂ ਕਰ ਰਹੀਆਂ ਹਨ। ਇਸ ਪ੍ਰਸੰਗ ਵਿੱਚ ਸਿੱਖ ਕੌਮ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਗੌਰਵਮਈ ਇਤਿਹਾਸ, ਸ਼ਹੀਦਾਂ, ਯੋਧਿਆਂ, ਮਹਾਨ ਕੁਰਬਾਨੀਆਂ ਅਤੇ ਗੁਰਮਤਿ ਅਧਾਰਿਤ ਜੀਵਨ-ਦਰਸ਼ਨ ਨੂੰ ਸੰਸਾਰ ਸਾਹਮਣੇ ਮਿਆਰੀ, ਖੋਜ-ਅਧਾਰਿਤ ਅਤੇ ਜ਼ਿੰਮੇਵਾਰ ਢੰਗ ਨਾਲ ਪੇਸ਼ ਕਰੇ।

ਇਹ ਦੁੱਖ ਦੀ ਗੱਲ ਹੈ ਕਿ ਸਿੱਖ ਇਤਿਹਾਸ ਦੇ ਅਨੇਕਾਂ ਸੁਨਹਿਰੀ ਪੰਨੇ ਅਜੇ ਵੀ ਨਵੀਂ ਪੀੜ੍ਹੀ ਤੱਕ ਉਸ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪਹੁੰਚੇ, ਜਿਵੇਂ ਕਿ ਪੁਹੰਚਣੇ ਚਾਹੀਦੇ ਸਨ/ਹਨ। ਅਕਾਲ ਪੁਰਖ ਦੀ ਕਿਰਪਾ ਨਾਲ ਸਿੱਖ ਕੌਮ ਕੋਲ ਅਜਿਹਾ ਸੁਨਹਿਰੀ ਇਤਿਹਾਸ ਹੈ ਜੋ ਕੇਵਲ ਕਿਸੇ ਇੱਕ ਕੌਮ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਪਰ ਇਸ ਇਤਿਹਾਸ ਨੂੰ ਕੇਵਲ ਪੁਸਤਕਾਂ ਤੱਕ ਸੀਮਿਤ ਰੱਖਣਾ ਅੱਜ ਦੇ ਸਮੇਂ ਦੀ ਲੋੜ ਨੂੰ ਪੂਰਾ ਨਹੀਂ ਕਰਦਾ। ਅੱਜ ਦੀ ਨਵੀਂ ਪੀੜ੍ਹੀ ਵਿਜ਼ੂਅਲ ਮੀਡੀਆ ਰਾਹੀਂ ਸੋਚਦੀ, ਸਿੱਖਦੀ ਅਤੇ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜੇ ਸਿੱਖ ਇਤਿਹਾਸ ਨੂੰ ਮਿਆਰੀ ਸਿਨੇਮਾ, ਡਿਜੀਟਲ ਮੀਡੀਆ, ਬਹੁਭਾਸ਼ਾਈ ਸਮੱਗਰੀ, ਡਾਕੂਮੈਂਟਰੀਆਂ ਅਤੇ ਗਿਆਨ-ਗੋਸ਼ਟੀਆਂ ਰਾਹੀਂ ਪੇਸ਼ ਕੀਤਾ ਜਾਵੇ, ਤਾਂ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਸਕਦਾ ਹੈ।

ਇਹ ਗੱਲ ਸਪੱਸ਼ਟ ਅਤੇ ਅਟੱਲ ਰਹਿਣੀ ਚਾਹੀਦੀ ਹੈ ਕਿ ਗੁਰੂ ਸਾਹਿਬਾਨ ਦੇ ਪਵਿੱਤਰ ਸਰੂਪ ਨੂੰ ਫ਼ਿਲਮਾਂ ਜਾਂ ਨਾਟਕੀ ਰੂਪ ਵਿੱਚ ਦਰਸਾਉਣਾ ਗੁਰਮਤਿ ਅਤੇ ਮਰਿਆਦਾ ਦੇ ਅਨੁਕੂਲ ਨਹੀਂ। ਗੁਰੂ ਸਾਹਿਬਾਨ ਦਾ ਰੂਹਾਨੀ ਦਰਜਾ ਅਤੇ ਜੋਤਿ-ਸਰੂਪ ਮਹਾਨਤਾ ਕਿਸੇ ਵੀ ਦ੍ਰਿਸ਼ਟੀਗਤ ਅਦਾਕਾਰੀ ਤੋਂ ਉੱਚੀ ਹੈ। ਪਰੰਤੂ ਸਿੱਖ ਯੋਧਿਆਂ, ਸ਼ਹੀਦਾਂ, ਇਤਿਹਾਸਕ ਘਟਨਾਵਾਂ ਅਤੇ ਗੁਰਸਿੱਖ ਮਹਾਨ ਪੁਰਸ਼ਾਂ ਦੇ ਜੀਵਨ ਉੱਤੇ ਖੋਜ-ਅਧਾਰਿਤ, ਇਤਿਹਾਸਕ ਤੱਥਾਂ ਅਨੁਸਾਰ ਅਤੇ ਉੱਚ ਮਿਆਰ ਵਾਲੀਆਂ ਫ਼ਿਲਮਾਂ ਅਤੇ ਡਿਜੀਟਲ ਪ੍ਰੋਜੈਕਟ ਬਣਾਉਣੇ ਸਮੇਂ ਦੀ ਵੱਡੀ ਲੋੜ ਹਨ।

ਪਰ ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਿੱਖ ਇਤਿਹਾਸ ਨੂੰ ਕੇਵਲ ਤਲਵਾਰ, ਯੁੱਧ ਜਾਂ ਬਹਾਦਰੀ ਤੱਕ ਸੀਮਿਤ ਨਾ ਕੀਤਾ ਜਾਵੇ। ਸਿੱਖ ਯੋਧਿਆਂ ਦੀ ਵੀਰਤਾ ਦੇ ਪਿੱਛੇ ਜੋ ਰੂਹਾਨੀ ਤਾਕਤ, ਗੁਰਬਾਣੀ ਦਾ ਆਧਾਰ, ਨਾਮ ਦੀ ਸ਼ਕਤੀ ਅਤੇ ਮੀਰੀ-ਪੀਰੀ ਦਾ ਸੰਤੁਲਨ ਸੀ, ਅਸਲ ਵਿੱਚ ਉਸ ਦੀ ਪੇਸ਼ਕਾਰੀ ਹੋਣੀ ਚਾਹੀਦੀ ਹੈ। ਦੁਨੀਆ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਸਿੱਖਾਂ ਦੀ ਬਹਾਦਰੀ ਸਿਰਫ਼ ਜੰਗੀ ਕਲਾ ਨਹੀਂ ਸੀ, ਸਗੋਂ ਇੱਕ ਉੱਚ ਆਤਮਕ ਅਵਸਥਾ ਦਾ ਵੀ ਪ੍ਰਗਟਾਵਾ ਸੀ। ਉਹ ਕਿਹੜੀ ਆਤਮਕਤਾ ਸੀ ਜਿਸ ਨੇ ਮਨੁੱਖ ਨੂੰ ਨਿਡਰ, ਨਿਰਭਉ ਅਤੇ ਸਰਬੱਤ ਦੇ ਭਲੇ ਲਈ ਜੀਉਣ ਵਾਲਾ ਬਣਾਇਆ, ਅੱਜ ਦੀ ਦੁਨੀਆ ਲਈ ਇਹੀ ਸਭ ਤੋਂ ਵੱਡਾ ਸੰਦੇਸ਼ ਹੈ।

ਅੱਜ ਦੀ ਮਨੁੱਖਤਾ ਹਿੰਸਾ, ਨਫ਼ਰਤ, ਅਸਮਾਨਤਾ ਅਤੇ ਆਤਮਕ ਖਾਲੀਪਣ ਨਾਲ ਜੂਝ ਰਹੀ ਹੈ। ਅਜਿਹੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬ੍ਰਹਿਮੰਡੀ ਫਲਸਫ਼ਾ ਪੂਰੀ ਦੁਨੀਆ ਲਈ ਰਾਹ-ਦਰਸਾਉਣ ਵਾਲੀ ਰੋਸ਼ਨੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਇੱਕ ਕੌਮ, ਭਾਸ਼ਾ ਜਾਂ ਭੂਗੋਲ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਸੱਚ, ਨਾਮ, ਕਿਰਤ, ਵੰਡ ਛਕਣ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਾ। ਇਸ ਲਈ ਸਿੱਖੀ ਦੇ ਪ੍ਰਚਾਰ ਲਈ ਸੌੜੀ ਸੋਚ ਤੋਂ ਉੱਪਰ ਉੱਠ ਕੇ ਵਿਸ਼ਵ ਪੱਧਰੀ ਯੋਜਨਾਬੰਦੀ ਦੀ ਲੋੜ ਹੈ, ਤਾਂ ਜੋ ਗੁਰਮਤਿ ਦਾ ਇਹ ਸੰਦੇਸ਼ ਹਰ ਭਾਸ਼ਾ, ਹਰ ਦੇਸ਼ ਅਤੇ ਹਰ ਮਨੁੱਖ ਤੱਕ ਪਹੁੰਚ ਸਕੇ।

ਇਤਿਹਾਸਕਾਰ ਆਰਨਲਡ ਟੋਇਨਬੀ ਨੇ ਵੀ ਸਿੱਖ ਲਹਿਰ ਵਿੱਚ “Universal State” ਅਤੇ “Universal Church” ਦੇ ਬੀਜ ਵੇਖੇ ਸਨ। ਇਸ ਦਾ ਭਾਵ ਇਹ ਹੈ ਕਿ ਸਿੱਖੀ ਵਿੱਚ ਬ੍ਰਹਿਮੰਡੀ ਮੀਰੀ-ਪੀਰੀ ਦੀ ਉਹ ਸੰਭਾਵਨਾ ਮੌਜੂਦ ਹੈ ਜੋ ਆਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਕੱਠੇ ਲੈ ਕੇ ਚੱਲਦੀ ਹੈ। ਇਹ ਫਲਸਫ਼ਾ ਕੇਵਲ ਇਤਿਹਾਸਕ ਯਾਦ ਨਹੀਂ, ਸਗੋਂ ਭਵਿੱਖ ਦੀ ਮਨੁੱਖਤਾ ਲਈ ਇੱਕ ਜੀਵੰਤ ਮਾਰਗਦਰਸ਼ਨ ਹੈ। ਇਸ ਲਈ ਸਿੱਖ ਇਤਿਹਾਸ ਅਤੇ ਗੁਰਮਤਿ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਨ ਲਈ ਸਿਨੇਮਾ, ਡਿਜੀਟਲ ਮੀਡੀਆ, ਖੋਜ ਕੇਂਦਰ, ਅਨੁਵਾਦ ਪ੍ਰੋਜੈਕਟ, ਇੰਟਰਫੇਥ ਸੰਵਾਦ, ਸਿੱਖਿਆਕਾਰੀ ਪਲੇਟਫਾਰਮ ਅਤੇ ਆਧੁਨਿਕ ਸੰਚਾਰ ਦੇ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਬੇਸ਼ੱਕ ਕੁਝ ਲੋਕਾਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਫ਼ਿਲਮਾਂ ਜਾਂ ਡਿਜੀਟਲ ਮਾਧਿਅਮਾਂ ਵਿੱਚ ਕਈ ਵਾਰ ਤੱਥਾਂ ਦੀ ਤੋੜ-ਮਰੋੜ, ਵਪਾਰਕ ਸੋਚ ਜਾਂ ਮਰਿਆਦਾ ਦੇ ਉਲੰਘਣ ਦਾ ਖ਼ਤਰਾ ਬਣ ਸਕਦਾ ਹੈ। ਇਹ ਚਿੰਤਾ ਆਪਣੀ ਥਾਂ ਠੀਕ ਹੈ ਅਤੇ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪਰ ਹਰ ਯਤਨ ਦਾ ਬਿਨਾਂ ਸਮਝੇ ਵਿਰੋਧ ਕਰਨਾ ਵੀ ਸਿੱਖ ਇਤਿਹਾਸ ਦੇ ਪ੍ਰਚਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਪੰਥਕ ਵਿਦਵਾਨ, ਇਤਿਹਾਸਕਾਰ, ਫ਼ਿਲਮਸਾਜ਼ ਅਤੇ ਸੰਸਥਾਵਾਂ ਆਪਸੀ ਸੰਵਾਦ ਅਤੇ ਸਹਿਯੋਗ ਨਾਲ ਮਿਆਰੀ ਕੰਮ ਕਰਨ। ਵਿਰੋਧ ਦੀ ਥਾਂ ਰਚਨਾਤਮਕ ਦਿਸ਼ਾ ਅਤੇ ਜ਼ਿੰਮੇਵਾਰ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ।

ਸਮੱਸਿਆ ਇਹ ਨਹੀਂ ਕਿ ਸਾਡੇ ਕੋਲ ਮਹਾਨ ਇਤਿਹਾਸ ਨਹੀਂ; ਸਮੱਸਿਆ ਇਹ ਹੈ ਕਿ ਅਸੀਂ ਉਸ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਯੋਜਨਾਬੱਧ ਅਤੇ ਆਧੁਨਿਕ ਉਪਰਾਲੇ ਘੱਟ ਕੀਤੇ ਹਨ। ਕਈ ਵਾਰ ਅਣਜਾਣਪੁਣੇ ਜਾਂ ਬੇਸਮਝੀ ਕਰਕੇ ਅਸੀਂ ਆਪ ਹੀ ਸਿੱਖ ਮੱਤ ਨੂੰ ਸੀਮਿਤ ਘੇਰਿਆਂ ਵਿੱਚ ਕੈਦ ਕਰ ਲੈਂਦੇ ਹਾਂ, ਜਦਕਿ ਗੁਰਬਾਣੀ ਦਾ ਸੰਦੇਸ਼ ਬ੍ਰਹਿਮੰਡੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਿੱਖ ਕੌਮ ਵਿਸ਼ਵ ਪੱਧਰ ’ਤੇ ਸੋਚੇ, ਖੋਜ-ਅਧਾਰਿਤ ਸਮੱਗਰੀ ਤਿਆਰ ਕਰੇ ਅਤੇ ਨਵੀਂ ਪੀੜ੍ਹੀ ਦੀ ਭਾਸ਼ਾ ਅਤੇ ਮਾਧਿਅਮਾਂ ਵਿੱਚ ਗੁਰਮਤਿ ਦਾ ਸੰਦੇਸ਼ ਪਹੁੰਚਾਏ।

ਅੰਤ ਵਿੱਚ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਬਿਬੇਕ, ਦੂਰਦਰਸ਼ਤਾ ਅਤੇ ਏਕਤਾ ਬਖ਼ਸ਼ਣ, ਤਾਂ ਜੋ ਅਸੀਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਦੀ ਰੋਸ਼ਨੀ ਵਿੱਚ ਸਿੱਖ ਇਤਿਹਾਸ, ਸਿੱਖੀ ਅਤੇ ਮਨੁੱਖਤਾ ਲਈ ਉਸ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਮਾਣ ਅਤੇ ਜ਼ਿੰਮੇਵਾਰੀ ਨਾਲ ਦੁਨੀਆ ਸਾਹਮਣੇ ਪੇਸ਼ ਕਰ ਸਕੀਏ।

ਗਲੋਬਲ ਸਿੱਖ ਕੌਂਸਲ ਕੋਲ ਦੁਨੀਆਂ ਭਰ ਦੇ ਉਚ ਕੋਟੀ ਦੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਇੱਕ ਮਜਬੂਤ ਨੈਟਵਰਕ ਹੈ। ਅਸੀਂ ਉਨ੍ਹਾਂ ਫਿਲਮ ਨਿਰਮਾਤਾਵਾਂ ਦਾ ਸਵਾਗਤ ਕਰਦੇ ਹਾਂ ਜੋ ਗੰਭੀਰਤਾ ਨਾਲ ਸਿੱਖ ਇਤਿਹਾਸ ਤੇ ਕੰਮ ਕਰਨਾ ਚਾਹੁੰਦੇ ਹਨ। ਅਸੀਂ ਅਜਿਹੇ ਨਿਰਮਾਤਾਵਾਂ ਨੂੰ ਆਪਣੇ ਵਿਦਵਾਨਾਂ ਦਾ ਸਹਿਯੋਗ ਦੇਣ ਲਈ ਸਦਾ ਤਿਆਰ ਹਾਂ ਤਾਂ ਜੋ ਬਣਨ ਵਾਲੀ ਫਿਲਮ ਇਤਿਹਾਸਕ ਕਸਵੱਟੀ ਤੇ ਖਰੀ ਉਤਰਦੀ ਹੋਵੇ। ਗਲੋਬਲ ਸਿੱਖ ਕੌਂਸਲ ਹਮੇਸ਼ਾਂ ਅਜਿਹੇ ਉਪਰਾਲਿਆਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ ,ਜੋ ਮੀਡੀਏ ਰਾਹੀਂ ਸੱਚੀ ਸਿੱਖ ਪਛਾਣ, ਦਸਤਾਰ ਅਤੇ ਸਾਡੇ ਸਤਿਕਾਰਤ ਵਿਰਸੇ ਨੂੰ ਵਿਸ਼ਵ ਪੱਧਰ ਤੇ ਸਹੀ ਢੰਗ ਨਾਲ ਪੇਸ਼ ਕਰਦੇ ਹੋਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News