Home » ਨਵੀਂ ਦਿੱਲੀ » ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

SHARE ARTICLE

10 Views

👉 ਘਲੂਘਾਰੇ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਅਖੰਡ ਕੀਰਤਨੀ ਜੱਥੇ ਦੇ ਗੁਰਸਿੱਖ ਭਾਈ ਮਹਿੰਗਾ ਸਿੰਘ ਬੱਬਰ ਨੂੰ ਹੋਇਆ ਸੀ ਪ੍ਰਾਪਤ

👉 ਨਾਮ-ਬਾਣੀ ਵਿਚ ਰੰਗੇ ਹੋਏ ਗੁਰਮੁਖਾਂ ਨੇ ਸਾਬਤ ਕੀਤਾ ਖਾਲਸਾ ਕੀਰਤਨ ਕਰਨ ਵਾਲਾ ਹੀ ਨਹੀਂ, ਸਮਾਂ ਆਉਣ ‘ਤੇ ਗੁਰੂ ਦੀ ਆਨ ਲਈ ਆਪਣਾ ਸਰਬੰਸ ਵਾਰ ਦੇਣ ਵਾਲਾ ਵੀ ਹੈ

ਨਵੀਂ ਦਿੱਲੀ 4 ਜੂਨ (ਮਨਪ੍ਰੀਤ ਸਿੰਘ ਖਾਲਸਾ):- 1 ਤੋਂ 6 ਜੂਨ 1984 ਦਾ ਘਲੂਘਾਰਾ ਸਿੱਖ ਇਤਿਹਾਸ ਦਾ ਇੱਕ ਅਤਿ ਦੁਖਦਾਈ ਪਰ ਮਹਾਨ ਸ਼ਹਾਦਤਾਂ ਨਾਲ ਭਰਪੂਰ ਅਧਿਆਇ ਹੈ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ ਦੌਰਾਨ ਅਨੇਕਾਂ ਗੁਰਸਿੱਖ ਸਿੰਘਾਂ ਅਤੇ ਸਿੰਘਣੀਆਂ ਨੇ ਗੁਰੂ ਘਰ ਦੀ ਆਨ, ਸ਼ਾਨ ਅਤੇ ਮਰਯਾਦਾ ਦੀ ਰੱਖਿਆ ਲਈ ਆਪਣੇ ਸੀਸ ਵਾਰ ਦਿੱਤੇ। ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵਲੋਂ ਜਾਰੀ ਕੀਤੇ ਬਿਆਨ ਵਿਚ ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਇਸ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ, ਜਨਰਲ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਅਨੇਕ ਸਾਥੀਆਂ ਨੇ ਵੀ ਅਦੁੱਤੀ ਦ੍ਰਿੜਤਾ, ਨਿਡਰਤਾ ਅਤੇ ਗੁਰੂ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਅਖੀਰਲੇ ਸਾਹਾਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨਤਾ ਅਤੇ ਸਿੱਖ ਕੌਮ ਦੀ ਆਨ-ਸ਼ਾਨ ਦੀ ਰੱਖਿਆ ਲਈ ਅਡੋਲ ਰਹਿ ਕੇ ਇਤਿਹਾਸ ਵਿੱਚ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਸ਼ਹਾਦਤ ਨੂੰ ਸਿੱਖ ਪੰਥ ਵਿੱਚ ਵੱਡੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਅਖੰਡ ਕੀਰਤਨੀ ਜੱਥੇ ਦੇ ਗੁਰਸਿੱਖਾਂ ਨੇ ਵੀ ਇਸ ਸੰਕਟ ਦੇ ਸਮੇਂ ਅਦੁੱਤੀ ਸਿਦਕ, ਨਿਡਰਤਾ ਅਤੇ ਗੁਰੂ ਪ੍ਰਤੀ ਅਟੁੱਟ ਪ੍ਰੇਮ ਦਾ ਪ੍ਰਗਟਾਵਾ ਕੀਤਾ। ਨਾਮ-ਬਾਣੀ ਵਿਚ ਰੰਗੇ ਹੋਏ ਇਨ੍ਹਾਂ ਗੁਰਮੁਖਾਂ ਨੇ ਸਾਬਤ ਕਰ ਦਿੱਤਾ ਕਿ ਖਾਲਸਾ ਕੇਵਲ ਕੀਰਤਨ ਕਰਨ ਵਾਲਾ ਹੀ ਨਹੀਂ, ਸਗੋਂ ਸਮਾਂ ਆਉਣ ‘ਤੇ ਗੁਰੂ ਦੀ ਆਨ ਲਈ ਆਪਣਾ ਸਰਬੰਸ ਵਾਰ ਦੇਣ ਵਾਲਾ ਵੀ ਹੈ। ਉਹਨਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਅਜਿਹੀ ਅਮਿੱਟ ਛਾਪ ਛੱਡੀ ਹੈ ਜੋ ਸਦੀਆਂ ਤੱਕ ਪੰਥ ਨੂੰ ਪ੍ਰੇਰਨਾ ਦਿੰਦੀ ਰਹੇਗੀ।
ਇਸ ਘਲੂਘਾਰੇ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਅਖੰਡ ਕੀਰਤਨੀ ਜੱਥੇ ਦੇ ਮਹਾਨ ਗੁਰਸਿੱਖ ਭਾਈ ਮਹਿੰਗਾ ਸਿੰਘ ਬੱਬਰ ਨੂੰ ਪ੍ਰਾਪਤ ਹੈ। ਫੌਜੀ ਕਾਰਵਾਈ ਦੇ ਆਰੰਭ ਵਿੱਚ ਹੀ ਉਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਆਪਣੀ ਕੁਰਬਾਨੀ ਨਾਲ ਪੰਥ ਦੇ ਇਤਿਹਾਸ ਵਿੱਚ ਅਮਿੱਟ ਛਾਪ ਛੱਡੀ। ਉਨ੍ਹਾਂ ਦੀ ਸ਼ਹਾਦਤ ਸਿੱਖ ਕੌਮ ਲਈ ਸਿਦਕ, ਸੇਵਾ ਅਤੇ ਅਡੋਲਤਾ ਦਾ ਸਦੀਵੀ ਪ੍ਰੇਰਣਾ-ਸਰੋਤ ਹੈ। ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਨੇ ਆਪਣੇ ਖੂਨ ਨਾਲ ਇਹ ਇਤਿਹਾਸ ਲਿਖਿਆ ਕਿ ਗੁਰੂ ਦਾ ਸਿੱਖ ਜ਼ੁਲਮ ਅੱਗੇ ਕਦੇ ਝੁਕਦਾ ਨਹੀਂ ਅਤੇ ਗੁਰੂ ਘਰ ਦੀ ਆਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਿੰਦਾ ਹੈ। ਉਨ੍ਹਾਂ ਦੀਆਂ ਸ਼ਹਾਦਤਾਂ ਕੇਵਲ ਸਿੱਖ ਕੌਮ ਦੀ ਧਰੋਹਰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਹੌਸਲੇ, ਵਿਸ਼ਵਾਸ ਅਤੇ ਚੜ੍ਹਦੀ ਕਲਾ ਦਾ ਚਾਨਣ-ਮੁਨਾਰਾ ਹਨ। ਅਸੀਂ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਨ੍ਹਾਂ ਦੇ ਸਾਥੀ ਸਿੰਘਾਂ ਅਤੇ ਅਖੰਡ ਕੀਰਤਨੀ ਜੱਥੇ ਦੇ ਸਮੂਹ ਸ਼ਹੀਦ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਸਤਿਕਾਰ ਸਹਿਤ ਨਮਨ ਕਰਦੇ ਹਾਂ। ਉਨ੍ਹਾਂ ਦੇ ਬਲਿਦਾਨ, ਸਿਦਕ ਅਤੇ ਗੁਰੂ ਪ੍ਰੇਮ ਨੂੰ ਕੋਟਿ-ਕੋਟਿ ਸਲਾਮ ਕਰਦੇ ਹਾਂ। ਆਓ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵੀ ਉਨ੍ਹਾਂ ਦੇ ਪਵਿੱਤਰ ਜੀਵਨ, ਅਡੋਲ ਵਿਸ਼ਵਾਸ ਅਤੇ ਚੜ੍ਹਦੀ ਕਲਾ ਤੋਂ ਸਿੱਖਣ ਦੀ ਦਾਤ ਬਖ਼ਸ਼ਣ ਅਤੇ ਪੰਥ ਨੂੰ ਸਦਾ ਗੁਰੂ ਚਰਨਾਂ ਨਾਲ ਜੋੜੀ ਰੱਖਣ। ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਨੂੰ ਕੋਟਿ-ਕੋਟਿ ਪ੍ਰਣਾਮ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News