ਨਿਊਨਬਰਗ (ਜਰਮਨੀ) 30 ਜੁਲਾਈ (ਖਿੜਿਆ ਪੰਜਾਬ) “ਜਿਸ ਦਿਨ ਸਾਡੇ ਅੰਦਰ ਗੁਰਮਤਿ ਨੂੰ ਸਮਝਣ ਦੀ ਭੁੱਖ ਅਤੇ ਪਿਆਸ ਜਾਗ ਪਈ, ਉਸ ਦਿਨ ਸਾਡੀ ਸੋਚ, ਸਾਡਾ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਜਾਵੇਗਾ। ਅੱਜ ਅਸੀਂ ਗੁਰੂ ਘਰ ਆ ਕੇ ਕੇਵਲ ਮੱਥਾ ਟੇਕਦੇ ਹਾਂ, ਪਰ ਗੁਰੂ ਦੇ ਉਪਦੇਸ਼ ਨੂੰ ਸਮਝਣ ਅਤੇ ਜੀਵਨ ਵਿੱਚ ਅਪਣਾਉਣ ਦਾ ਯਤਨ ਘੱਟ ਕਰਦੇ ਹਾਂ। ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਾਂਗੇ, ਤਦੋਂ ਹੀ ਗੁਰੂ ਨਾਲ ਸਾਡਾ ਅਸਲ ਰਿਸ਼ਤਾ ਬਣੇਗਾ।”
ਇਹ ਵਿਚਾਰ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ (ਜਰਮਨੀ) ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਦੌਰਾਨ ਸੰਗਤ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਜਿਵੇਂ ਭੁੱਖ ਤੋਂ ਬਿਨਾਂ ਭੋਜਨ ਦਾ ਸੁਆਦ ਨਹੀਂ ਆਉਂਦਾ, ਉਸੇ ਤਰ੍ਹਾਂ ਗੁਰਬਾਣੀ ਨੂੰ ਸਮਝਣ ਦੀ ਤਲਬ ਤੋਂ ਬਿਨਾਂ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਮਨੁੱਖਾਂ ਨੇ ਗੁਰਬਾਣੀ ਨਾਲ ਸੱਚਾ ਪ੍ਰੇਮ ਜੋੜਿਆ, ਗੁਰੂ ਨੇ ਉਨ੍ਹਾਂ ਦੇ ਜੀਵਨ ਨੂੰ ਮਨੂਰ ਲੋਹੇ ਤੋਂ ਕੰਚਨ ਵਰਗਾ ਬਣਾ ਦਿੱਤਾ। ਉਨ੍ਹਾਂ ਸੰਗਤ ਨੂੰ ਸੁਆਮੀ ਰਾਮ ਤੀਰਥ ਦੀ ਪੁਸਤਕ ‘ਸਰਵੋਤਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਅਧਿਐਨ ਲਈ ਵੀ ਪ੍ਰੇਰਿਤ ਕੀਤਾ।
ਭਾਈ ਧੂੰਦਾ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਨੂੰ ਮਨਮਤ ਅਤੇ ਕਰਮਕਾਂਡਾਂ ਦਾ ਤਿਆਗ ਕਰਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਹੀ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੁਝ ਤਾਕਤਾਂ ਸਿੱਖੀ ਸਰੂਪ ਅਤੇ ਗੁਰੂ ਦੇ ਬਾਣੇ ਦੀ ਆੜ ਵਿੱਚ ਪੰਥ ਅੰਦਰ ਘੁਸਪੈਠ ਕਰਕੇ ਸੰਗਤ ਨੂੰ “ਇੱਕ ਗ੍ਰੰਥ–ਇੱਕ ਪੰਥ” ਦੇ ਸਿਧਾਂਤ ਤੋਂ ਦੂਰ ਕਰਨ ਦੇ ਯਤਨ ਕਰ ਰਹੀਆਂ ਹਨ। ਅਜਿਹੇ ਸਮੇਂ ਵਿੱਚ ਹਰ ਸਿੱਖ ਲਈ ਗੁਰਬਾਣੀ ਦਾ ਓਟ-ਆਸਰਾ ਲੈ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਨਾਲ ਹੋਈ, ਉਪਰੰਤ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਮਤਿ ਵਿਚਾਰਾਂ ਦਾ ਲਾਭ ਪ੍ਰਾਪਤ ਕੀਤਾ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਈ ਸਰਬਜੀਤ ਸਿੰਘ ਧੂੰਦਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਉਪਦੇਸ਼ਾਂ ਨੂੰ ਸੰਗਤ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਖਾਲਿਸਤਾਨ ਜਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਾਮ ਨਾਲ ਜੋੜ ਕੇ ਸਿੱਖ ਪ੍ਰਚਾਰਕਾਂ ਅਤੇ ਉਨ੍ਹਾਂ ਨੂੰ ਸੁਣਨ ਵਾਲੀਆਂ ਸੰਗਤਾਂ ਪ੍ਰਤੀ ਅਪਮਾਨਜਨਕ ਅਤੇ ਅਸ਼ੋਭਨੀਕ ਸ਼ਬਦਾਵਲੀ ਵਰਤਣ ਵਾਲੇ ਤੱਤਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਪ੍ਰਗਟਾਵਾ ਸੰਜਮ, ਸੱਭਿਆਚਾਰ ਅਤੇ ਗੁਰਮਤਿ ਦੀ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦਾਂ ਦੇ ਮਹਾਨ ਸੁਪਨਿਆਂ ਨਾਲ ਸੱਚੀ ਨਿਸ਼ਠਾ ਰੱਖਣ ਵਾਲਾ ਵਿਅਕਤੀ ਆਪਣੀ ਬੋਲੀ ਅਤੇ ਵਿਹਾਰ ਵਿੱਚ ਵੀ ਉਨ੍ਹਾਂ ਉੱਚੇ ਆਦਰਸ਼ਾਂ ਦਾ ਪ੍ਰਤੀਬਿੰਬ ਪੇਸ਼ ਕਰਦਾ ਹੈ।
ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਸਰਬਜੀਤ ਸਿੰਘ ਧੂੰਦਾ ਜਦੋਂ ਵੀ ਜਰਮਨੀ ਦੇ ਪ੍ਰਚਾਰ ਦੌਰੇ ’ਤੇ ਆਉਣ, ਉਹ ਨਿਊਨਬਰਗ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਇਹ ਕਾਰਜ ਨਿਰੰਤਰ ਜਾਰੀ ਰੱਖਣ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








