Home » ਸੰਸਾਰ » ਜਰਮਨੀ » ਸੱਪ ਲੰਘੇ ਤੋਂ ਲਕੀਰ ਫਰੋਲਣ ਦਾ ਕੀ ਫਾਇਦਾ ਸੱਜਣੋ!-ਜਗਤਾਰ ਸਿੰਘ ਮਾਹਲ ਮੁੱਖ ਸੇਵਾਦਾਰ ਸ੍ਰੋ.ਅ.ਦ ਵਾਰਿਸ ਪੰਜਾਬ ਦੇ ਜਰਮਨੀ।

ਸੱਪ ਲੰਘੇ ਤੋਂ ਲਕੀਰ ਫਰੋਲਣ ਦਾ ਕੀ ਫਾਇਦਾ ਸੱਜਣੋ!-ਜਗਤਾਰ ਸਿੰਘ ਮਾਹਲ ਮੁੱਖ ਸੇਵਾਦਾਰ ਸ੍ਰੋ.ਅ.ਦ ਵਾਰਿਸ ਪੰਜਾਬ ਦੇ ਜਰਮਨੀ।

SHARE ARTICLE

13 Views

ਮੈਨੂੰ ਤਕਰੀਬਨ ਚਾਰ ਦਹਾਕੇ ਹੋਗੇ ਪੰਜਾਬ ਦੀ ਸਿਆਸਤ ਨੂੰ ਦੇਖਦੇ। ਚੋਣਾਂ ਦੇ ਬਾਈਕਾਟ ਵਰਗੇ ਹਾਲਾਤ ਵੀ ਦੇਖੇ ਉਸ ਵਕਤ ਵੀ ਕਦੇ ਮਨ ਅੰਦਰ ਇਤਨੀ ਚਿੰਤਾ ਨਹੀਂ ਉਪਜੀ ਜਿਤਨੀ ਇਸ ਵਾਰ ਹੈ। ਇਉਂ ਲੱਗਦਾ ਸਿੱਖਾਂ ਦੀ ਆਪਣੀ ਤਾਕਤ ਦੇ ਦਮ ਤੇ ਸਰਕਾਰ ਬਣਾਉਣ ਦਾ ਇਹ ਆਖਰੀ ਵੇਲਾ ਫੇਰ ਸ਼ਾਇਦ ਇਹ ਇਤਿਹਾਸ ਵਿੱਚ ਦਿਸਿਆ ਕਰੇਗਾ ਕਿ ਸਿੱਖਾਂ ਨੇ ਆਪਣੇ ਦਮ ਤੇ ਸਰਕਾਰ ਬਣਾਈ ਸੀ। ਅੱਜ ਸਿੱਖ ਹਰੇਕ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ ਪਰ ਜੋ ਪਿਛਲੇ ਬੂਹਿਓਂ ਚੁੱਪ-ਚਪੀਤੇ ਮੁਸੀਬਤ ਆ ਰਹੀ ਉਸ ਤੋਂ ਸਿੱਖ ਬਹੁਤ ਅਣਜਾਣ ਜਾਪਦਾ।
SIR(Special Intensive Revision) ਦੇਖਣ ਸੁਣਨ ਵਿੱਚ ਇਹ ਇਤਨੀ ਕੁ ਹੀ ਗੱਲ ਹੈ ਕਿ ਸਰਕਾਰ ਨੇ ਵੋਟਰ ਲਿਸਟ ਸਹੀ ਕਰਨੀ ਹੈ, ਫਰਜੀ ਵੋਟਿੰਗ ਘੱਟ ਹੁੰਦੀ ਹੈ, ਹਰ ਯੋਗ ਵਿਅਕਤੀ ਨੂੰ ਵੋਟ ਦਾ ਹੱਕ ਮਿਲਦਾ ਹੈ। ਸੁਣਨ, ਪੜ੍ਹਨ ਨੂੰ ਕਿੰਨਾ ਵਧੀਆ ਲੱਗਾ ਹਰੇਕ ਚੰਗਾ ਨਾਗਰਿਕ ਚਾਹੇਗਾ ਕਿ ਇਹ ਹੋਣਾ ਚਾਹੀਦਾ। ਏਥੋਂ ਤੀਕ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ The Indian EXPRESS ਵਿੱਚ 10 ਜੁਲਾਈ 2026 ਨੂੰ ਖਬਰ ਲੱਗੀ ਜਿਥੇ ਮੁਖ ਮੰਤਰੀ ਸਾਬ ਲੋਕਾਂ ਨੂੰ ਅਪੀਲ ਕਰ ਰਹੇ ਕਿ ਇਹ ਪ੍ਰਕਿਰਿਆ ਪੂਰੀ ਕਰਨ ਲਈ ਸਹਿਯੋਗ ਕਰੋ। ਇਸ ਨਾਲ ਨਾ ਸਿਰਫ ਤੁਹਾਡਾ ਵੋਟ ਦਾ ਹੱਕ ਸੁਰੱਖਿਅਤ ਰਹੇਗਾ, ਸਗੋਂ ਤੁਸੀਂ ਸਰਕਾਰ ਦੀਆਂ ਵੈਲਫੇਅਰ ਸਕੀਮਾਂ ਦਾ ਲਾਭ ਵੀ ਲੈਂਦੇ ਰਹੋਗੇ। ਪੰਜਾਬ ਵਿੱਚ ਮੁੱਖ ਮੰਤਰੀ ਸਾਬ ਇਸ ਦਾ ਸਮਰਥਨ ਕਰ ਰਹੇ ਹਨ। ਪਰ ਜਦੋਂ The New Indian Express ਦੀ 7 ਅਗਸਤ 2025 ਦੀ ਖਬਰ ਤੇ ਝਾਤ ਮਾਰੀਏ ਤਾਂ ਉਥੇ ਕਾਂਗਰਸ, ਟੀ.ਐਮ.ਸੀ ਦੇ ਨਾਲ ਆਮ ਆਦਮੀ ਪਾਰਟੀ ਵੀ ਇਸਦੇ ਵਿਰੋਧ ਵਿੱਚ ਡਟ ਕੇ ਖੜੀ ਸੀ ਤੇ ਆਦੀ ਵਾਸੀਆਂ ਦੀਆਂ ਵੋਟਾਂ ਕੱਟੀਆਂ ਨਾ ਜਾਣ ਉਸਤੇ ਖਦਸ਼ਾ ਪ੍ਰਗਟ ਕਰ ਰਹੀ ਸੀ। ਇਹੀ ਵਿਰੋਧ ਆਮ ਆਦਮੀ ਪਾਰਟੀ ਦੇ ਨੇਤਾ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਇਸੇ ਅਖਬਾਰ ਦੀ ਖਬਰ 17 ਮਈ 2026 ਨੂੰ ਜਤਾਉਂਦੇ ਹੋਏ ਆਖਦੇ ਕਿ ਬਿਹਾਰ ਵਾਲੀ ਕਹਾਣੀ ਬੰਗਾਲ ਵਿੱਚ ਦੁਹਰਾਈ ਨਾ ਜਾਵੇ। ਉਥੇ ਵੀ SIR ਦਾ ਵਿਰੋਧ ਕਰਦੀ ਹੀ ਆਮ ਆਦਮੀ ਪਾਰਟੀ ਦਿਸਦੀ ਹੈ। ਕੀ ਹੁਣ ਇਹ ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਦੀ ਵਿਚਾਰਾਧਾਰਾ ਅੱਡੋ-ਅੱਡ ਹੈ?
ਆਮ ਪੰਜਾਬੀਆਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਇਸਦਾ ਨੁਕਸਾਨ ਕੀ ਹੈ? ਬੀ.ਬੀ.ਸੀ ਨੇ 13 ਅਪ੍ਰੈਲ 2026 ਦੀ ਰਿਪੋਰਟ ਵਿੱਚ ਲਿਖਿਆ ਕਿ ਪੱਛਮੀ ਬੰਗਾਲ ਦੇ 76 ਮੀਲੀਅਨ(ਸੱਤ ਕਰੋੜ ਸੱਠ ਲੱਖ) ਲੋਕਾਂ ਵਿੱਚੋਂ ਤਕਰੀਬਨ 12% (9 ਮਿਲੀਅਨ(ਨੱਬੇ ਕਰੋੜ) ਲੋਕਾਂ ਦੀ ਵੋਟ ਕੱਟ ਦਿੱਤੀ ਗਈ। ਉਸੇ ਲੇਖ ਵਿੱਚ ਲਿਖਿਆ ਕਿ ਮੁਹੰਮਦ ਦਾਊਦ ਅਲੀ ਜੋ ਸਾਬਕਾ ਭਾਰਤੀ ਫੌਜੀ ਹੈ ਸਮੇਤ ਉਸਦੇ ਤਿੰਨ ਬੱਚਿਆਂ ਦੀ ਵੋਟ ਕੱਟੀ ਗਈ। ਉਸੇ ਰਿਪੋਰਟ ਵਿੱਚ ਇਹ ਵੀ ਲਿਖਿਆ ਪਾਇਆ ਗਿਆ ਕਿ ਤਕਰੀਬਨ ਤਿੰਨ ਮੀਲੀਅਨ(ਤੀਹ ਲੱਖ) ਲੋਕਾਂ ਦੀਆਂ ਵੋਟਾਂ ਬਿਲਕੁਲ ਨਜਾਇਜ ਕੱਟੀਆਂ ਗਈਆਂ ਜਿਹਨਾਂ ਨੇ ਵਿਰੋਧ ਦਰਜ ਕਰਵਾਇਆ ਅਜੇ ਸੱਠ ਲੱਖ ਦੀ ਤਫਤੀਸ਼ ਬਾਕੀ ਹੈ। ਬਿਹਾਰ ਵਿੱਚ ਵੀ ਤਕਰਬੀਨ 65 ਲੱਖ ਲੋਕਾਂ ਦੀ ਵੋਟ ਕੱਟੀ ਗਈ। ਖਾਸ ਕਰਕੇ ਮਰਦਾਂ ਦੇ ਮੁਕਾਬਲੇ 7 ਲੱਖ ਔਰਤਾਂ ਦੀ ਵੋਟ ਜਿਆਦਾ ਕੱਟੀ ਗਈ।
ਹੁਣ ਔਰਤਾਂ ਨੂੰ ਟਾਰਗੇਟ ਕਰਨਾ ਦਰਸਾਉਂਦਾ ਕਿ ਜਿਸ ਵੈਲਫੇਅਰ ਸਕੀਮ ਦਾ ਹਵਾਲਾ ਮੁੱਖ ਮੰਤਰੀ ਪੰਜਾਬ ਦੇ ਰਹੇ ਹਨ ਜਦੋਂ ਵੋਟ ਹੀ ਕੱਟੀ ਗਈ ਫਿਰ ਉਹ ਕਿਥੋਂ ਮਿਲਣੀ? ਜਿਹੜਾ ਹਜਾਰ ਰੁਪਏ ਆਮ ਵਰਗ ਤੇ ਪੰਦਰਾਂ ਸੌ ਰੁਪਏ ਦਲਿੱਤ ਵਰਗ ਦੀਆਂ ਔਰਤਾਂ ਨੂੰ ਵੋਟਾਂ ਲੈਣ ਖਾਤਿਰ ਦਿੱਤੇ ਜਾ ਰਹੇ ਹਨ। ਅਗਲੀ ਵੋਟਿੰਗ ਲਿਸਟ ਵਿੱਚ ਜਦੋਂ ਇਹਨਾਂ ਔਰਤਾਂ ਦੇ ਨਾਮ ਹੀ ਨਾ ਰਹੇ ਫਿਰ ਕਿਹੜੀਆਂ ਸਕੀਮਾਂ? ਇਹ ਗੱਲ ਤੇ ਪੰਜਾਬੀਆਂ ਨੂੰ ਸੋਚਣੀ ਚਾਹੀਦੀ। ਕਾਬਿਲ-ਏ-ਗੌਰ ਗੱਲ ਇਹ ਵੀ ਹੈ ਜਦੋਂ ਬਿਹਾਰ ਤੇ ਪੱਛਮੀ ਬੰਗਾਲ ਵਿੱਚ ਇਤਨਾ ਵੱਡਾ ਧੱਕਾ ਹੋਇਆ ਤਾਂ ਪੰਜਾਬ ਦੇ ਸਿਆਸੀ ਲੋਕ ਇਸਦਾ ਵਿਰੋਧ ਕਿਉਂ ਨਹੀਂ ਕਰ ਰਹੇ?
ਕਾਂਗਰਸ ਪ੍ਰਧਾਨ ਦੀ ਅਸਲੀਅਤ ਸਭ ਦੇ ਸਾਹਮਣੇ ਹੈ। ਮੁੱਖ ਮੰਤਰੀ ਨੇ ਬੱਸਾਂ ਦੀ ਬਾਡੀਆਂ ਦੀਆਂ ਫਾਇਲਾਂ ਦਾ ਦਬਕਾ ਜਦੋਂ ਦਾ ਰਾਜਾ ਵੜਿੰਗ ਨੂੰ ਮਾਰਿਆ ਉਦੋਂ ਦੇ ਤਕਰੀਬਨ ਸਾਢੇ ਚਾਰ ਸਾਲ ਹੋਗੇ ਰਾਜਾ ਜੀ ਕੁਸਕੇ ਨਹੀਂ। ਅਕਾਲੀ ਦਲ ਦੀਆਂ ਬਹੁਤ ਫਾਇਲਾਂ ਭਗਵੰਤ ਮਾਨ ਸਮੇਤ ਈ.ਡੀ ਕੋਲ ਵੀ ਹਨ ਸੋ ਉਹਨਾਂ ਦਾ ਨਾ ਬੋਲਣਾ ਵੀ ਸਮਝੀ ਪੈਂਦਾਂ। ਹੁਣ ਆਗੀ ਗੱਲ ਆਮ ਆਦਮੀ ਪਾਰਟੀ ਦੀ। ਮੁੱਖ ਮੰਤਰੀ ਸਾਬ ਦੀ ਫਰੈਂਕਫਰਟ ਜਰਮਨੀ ਜਦੋਂ ਜਹਾਜ ਵਿੱਚ ਸ਼ਰਾਬ ਪੀ ਕੇ ਝੰਡੇ ਝੁਲਾਏ ਸਨ ਵਾਲੀ ਵੀਡੀਓ ਕਈ ਵਾਰ ਸੁਖਪਾਲ ਸਿੰਘ ਖਹਿਰਾ ਆਖ ਚੁੱਕੇ ਕੇ ਭਾਰਤ ਸਰਕਾਰ ਪਾਸ ਹੈ ਦੂਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਵੀਡੀਓ ਮਾਮਲੇ ਵਿੱਚ ਵੀ ਜੋ ਐਫ.ਆਈ.ਆਰ ਹਰਿਆਣੇ ਹੋਈ ਉਹ ਵੀ ਵੱਡਾ ਕਾਰਨ ਤੇ ਬਾਕੀ ਇਹਨਾਂ ਦੇ ਮੰਤਰੀਆਂ ਦੇ ਗਮਨ ਜਗ ਜਾਹਿਰ ਹਨ। ਬੀ.ਜੇ.ਪੀ ਪੰਜਾਬ ਵਿੱਚ ਇਸ ਮੁੱਦੇ ਤੇ ਕਦੇ ਨਹੀਂ ਬੋਲੇਗੀ ਕਿਉਂ ਜੁ ਉਹਨਾਂ ਨੇ ਇਸੇ ਤਰੀਕੇ ਸੱਤਾ ਹਾਸਿਲ ਕਰਨੀ ਹੈ। ਹਾਂ ਇੱਕ ਗੱਲ ਹੋਰ ਧਿਆਨ ਵਿੱਚ ਲਿਆ ਦੇਵਾਂ ਬੀ.ਜੇ.ਪੀ 2027 ਵਿੱਚ ਆਉਣ ਦੀ ਤਿਆਰੀ ਨਹੀਂ ਕਰ ਰਹੀ। ਇਸ ਵਾਰ ਸਮਝੌਤੇ ਤਹਿਤ ਭਗਵੰਤ ਮਾਨ ਨੂੰ ਦੁਬਾਰਾ ਲਿਆਂਦਾ ਜਾਏਗਾ ਤੇ 2032 ਵਿੱਚ ਬੀਜੇਪੀ ਪੂਰਨ ਬਹੂਮਤ ਭਾਵ ਹਰੇਕ ਸ਼ਾਮ, ਦਾਮ, ਦੰਡ, ਭੇਦ ਵਰਤ ਕੇ ਜਦੋਂ ਕਾਬਜ ਹੋ ਗਈ ਫਿਰ ਪੰਜਾਬੀਓ ਅਗਲੇ ਕਈ ਦਹਾਕੇ ਵੋਟਾਂ ਤਹਿਤ ਤੁਸੀਂ ਬੀਜੇਪੀ ਨੂੰ ਪੰਜਾਬ ਵਿੱਚੋਂ ਨਹੀਂ ਕੱਢ ਸਕਦੇ।
ਐਸ.ਆਈ.ਆਰ ਦਾ ਪੰਜਾਬ ਤੇ ਕੀ ਅਸਰ ਪਵੇਗਾ ਇਹ ਵੀ ਥੋੜ੍ਹਾ ਜਿਹਾ ਜਾਣ ਲਈਏ। ਪੰਜਾਬ ਦੀ ਆਬਾਦੀ ਤਕਰੀਬਨ ਤਿੰਨ ਕਰੋੜ ਦਸ ਲੱਖ ਤੱਕ ਹੈ। ਸਿੱਖ ਗਿਣਤੀ ਤਕਰੀਬਨ ਇੱਕ ਕਰੋੜ ਸੱਠ ਲੱਖ ਭਾਵ 57 ਪ੍ਰਤੀਸ਼ਤ ਇਹਨਾਂ ਵਿੱਚੋਂ ਕਰੀਬਨ 50 ਲੱਖ ਸਿੱਖ ਵਿਦੇਸ਼ਾਂ ਵਿੱਚ ਹਨ। ਇਹ ਗਿਣਤੀ ਦਾ 30 ਪ੍ਰਤੀਸ਼ਤ ਬਣਦਾ ਹੁਣ ਜੇ ਇਹਨਾਂ ਐਨ.ਆਈ.ਆਰ ਪੰਜਾਬੀਆਂ ਵਿੱਚੋਂ 10 ਪ੍ਰਤੀਸ਼ਤ ਨੂੰ ਵੀ ਐਸ.ਆਈ.ਆਰ ਪ੍ਰਭਾਵਿਤ ਕਰਗੀ ਤਾਂ ਸਿੱਖ ਆਪਣੇ ਆਪ ਹੀ ਪੰਜਾਬ ਵਿੱਚ ਘੱਟ ਗਿਣਤੀ ਹੋ ਜਾਣਗੇ। ਤੇ 57 ਪ੍ਰਤੀਸ਼ਤ ਤੋਂ ਵੋਟ ਘਟਕੇ 47 ਤੇ ਆ ਜਾਵੇਗੀ। ਦੂਜਾ ਖਦਸ਼ਾ ਪਹਿਲਾਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੰਜਾਬ ਦੇ ਬੀ.ਐਲ.ਓ ਨੂੰ ਅਕਤੂਬਰ ਮਹੀਨੇ ਤੱਕ ਦਾ ਸਮਾਂ ਦਿੱਤਾ ਸੀ। ਪਰ ਅਚਾਨਕ ਹੀ ਪੰਜਾਬ ਸਰਕਾਰ ਉਹਨਾਂ ਨੂੰ ਕਾਹਲੀ ਨਾਲ ਇਸ ਪ੍ਰਕਿਰਿਆ ਨੂੰ ਖਤਮ ਕਰਨ ਦਾ ਆਦੇਸ਼ ਕਰਨ ਲੱਗ ਗਈ ਤੇ ਹੁਕਮ ਦਿੱਤਾ ਚਾਹੇ 14 ਤੋਂ 20 ਘੰਟੇ ਵੀ ਕੰਮ ਕਰਨਾ ਪਵੇ। ਇਹ ਪ੍ਰਕਿਰਿਆ ਅਗਸਤ ਤੀਕ ਪੂਰੀ ਕੀਤੀ ਜਾਵੇ। ਹੁਣ ਜੇ ਇਹ ਪ੍ਰਕਿਰਿਆ ਅਗਸਤ ਤੀਕ ਪੂਰੀ ਹੋ ਗਈ ਤਾਂ ਪੂਰਨ ਸੰਭਾਵਨਾ ਹੈ ਕਿ ਚੋਣ ਕਮੀਸ਼ਨ ਨਵੰਬਰ 2026 ਵਿੱਚ ਚੋਣਾ ਕਰਵਾਏਗੀ। ਤੇ ਕਿਉਂ ਜੁ ਜਿਵੇਂ ਇਹਨਾਂ ਨੇ ਬਿਹਾਰ ਤੇ ਬੰਗਾਲ ਵਿੱਚ ਕਾਹਲ ਕਦਮੀ ਨਾਲ ਵੋਟਾਂ ਕਰਵਾ ਕੇ ਆਪਣੇ ਹੱਕ ਵਿੱਚ ਭੁਗਤਵਾ ਲਈਆਂ ਇਵੇਂ ਹੀ ਪੰਜਾਬ ਵਿੱਚ ਕੀਤਾ ਜਾਵੇਗਾ। ਫਿਰ ਮਮਤਾ ਬੈਨਰਜੀ ਵਾਂਗ ਪੰਜਾਬ ਦੇ ਬੁੱਧੀਜੀਵੀ ਅਦਾਲਤਾਂ ਦੇ ਚੱਕਰ ਕੱਟਦੇ ਰਹਿਣਗੇ। ਸੋ ਪੰਜਾਬੀਓ ਸੱਪ ਦੇ ਲੰਘਣ ਤੋਂ ਬਾਅਦ ਲਕੀਰ ਫਰੋਲਣ ਦਾ ਕੋਈ ਫਾਇਦਾ ਨਹੀਂ। ਅੱਖਾਂ ਖੋਲ੍ਹ ਕੇ ਇਸ ਪ੍ਰਕਿਰਿਆ ਨੂੰ ਹੁੰਦੇ ਵੇਖੋ ਜੇ ਰੋਕ ਨਹੀਂ ਸਕਦੇ ਤਾਂ।
ਬੜੀ ਸੂਖਮਤਾ ਦੇ ਨਾਲ ਸਤਲੁੱਜ ਫਿਲਮ ਨੂੰ ਇਹਨਾਂ ਦਿਨਾਂ ਵਿੱਚ ਲਿਆ ਕੇ ਪਿਛਲੇ ਦਰਵਾਜੇ ਤੋਂ ਐਸ.ਆਈ.ਆਰ ਰੂਪੀ ਮੁਸੀਬਤ ਨੂੰ ਪੰਜਾਬ ਵਿੱਚ ਦਾਖਲ ਕਰਵਾਇਆ ਜਾ ਰਿਹਾ। ਜਿਥੇ ਅਸੀਂ ਸ਼ਹੀਦ ਭਾਈ ਖਾਲੜਾ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਉਥੇ ਹੀ ਪਿਛਲੇ ਦਰਵਾਜੇ ਆਉਂਦੇ ਇਸ ਰਾਖਸ਼ਸ਼ ਦਾ ਵੀ ਮੁਕਾਬਲਾ ਕਰੀਏ। reddit.com ਤੇ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ ਕਿ ਇਸ ਪ੍ਰਕਿਰਿਆ ਤੋਂ ਬਾਅਦ ਸਿੱਖ ਪੰਜਾਬ ਵਿੱਚ ਛੱਤੀ ਪ੍ਰਤੀਸ਼ਤ ਹੋ ਜਾਣਗੇ। ਅਸੀਂ ਦਸ ਪ੍ਰਤੀਸ਼ਤ ਵੋਟ ਕੱਟਣ ਦਾ ਅਨੂਮਾਨ ਲਾ ਕੇ ਸੰਤਾਲੀ ਪ੍ਰਤੀਸ਼ਤ ਦਾ ਖਦਸਾ ਪ੍ਰਗਟਾ ਰਹੇ ਸੀ ਪਰ reddit ਪੂਰੇ ਸਬੂਤਾਂ ਨਾਲ ਦੱਸਿਆ ਕਿ ਇਹ ਗਿਣਤੀ 36 ਪ੍ਰਤੀਸ਼ਤ ਤੋਂ ਵੀ ਘੱਟ ਜਾਵੇਗੀ।
SIR ਵਿੱਚ ਵੋਟ ਕੱਟੀ ਕਿਵੇਂ ਜਾਂਦੀ ਹੈ? ਦਸਤਾਵੇਜ ਨਾ ਦੇ ਸਕਣ ਤੇ (ਹੁਣ ਪਹਿਲੀ ਅੜਚਣ ਹੀ ਇਹ ਹੈ ਜਿਹੜੇ ਐਨ.ਆਰ.ਆਈ ਨੇ ਉਹਨਾਂ ਦੇ ਕੋਲ ਜਿਆਦਾਤਰ ਦੇ ਸਿਵਾਏ ਪਾਸਪੋਰਟ ਤੋਂ ਹੋਰ ਕੋਈ ਦਸਤਾਵੇਜ ਹੀ ਨਹੀਂ) ਤੇ ਪਾਸਪੋਰਟ ਨੂੰ MEA(The Ministry of External Affairs ਨੇ ਯਾਤਰਾ ਕਰਨ ਵਾਲਾ ਦਸਤਾਵੇਜ ਤੋਂ ਵਧੇਰੇ ਕੁਝ ਵੀ ਨਹੀਂ ਮੰਨਿਆ ਭਾਵ ਕਿ ਇਹ ਦਸਤਾਵੇਜ ਵੋਟ ਬਚਾਉਣ ਲਈ ਕਾਫੀ ਨਹੀਂ। ਇਸ ਬਾਰੇ ਪੂਰਾ ਲੇਖ drishtiias.com ਦੇ ਪੜ੍ਹਿਆ ਜਾ ਸਕਦਾ। ਜਿਆਦਾਤਰ ਐਨ.ਆਈ.ਆਰ ਦੇ ਕੋਲ ਬਾਕੀ ਦਸਤਾਵੇਜ ਜਿਵੇਂ ਆਧਾਰ ਕਾਰਡ ਹੈਨੀ ਜੇ ਹੈਨ ਵੀ ਤਾਂ ਅੱਪਡੇਟ ਨਹੀਂ ਕਰਵਾਏ। ਤੇ ਬਾਕੀ ਪੈਨ ਕਾਰਡ ਆਦਿਕ ਹੈ ਹੀ ਨਹੀਂ। ਦੂਜਾ ਤਰੀਕਾ ਵੋਟ ਕੱਟੇ ਜਾਣ ਦਾਃ- ਇਹ ਤਰੀਕਾ ਇਤਨਾ ਸੂਖਮ ਤੇ ਭਿਆਨਕ ਹੈ ਜੇ ਬੀ.ਐਲ.ਓ ਸਰਕਾਰ ਦੀ ਚਾਲ ਦਾ ਹਿੱਸਾ ਹੋਇਆ ਤਾਂ ਜਿਸਦੀ ਚਾਹੇ ਵੋਟ ਕੱਟ ਸਕਦਾ, ਇਸ ਵਿੱਚ ਇਹ ਹੁੰਦਾ ਕਿ ਬੀ.ਐਲ.ਓ ਤੁਹਾਡੇ ਘਰ ਆਇਆ ਤੇ ਤੁਸੀਂ ਘਰ ਨਹੀਂ ਸੀ। ਉਸਨੂੰ ਵੋਟਰ ਨਹੀਂ ਮਿਲਿਆ ਜਾਂ ਉਸਨੂੰ ਸ਼ੱਕ ਪੈ ਗਿਆ ਵੋਟਰ ਇਥੇ ਰਹਿੰਦਾ ਨਹੀਂ ਤਾਂ ਵੀ ਵੋਟ ਕੱਟੀ ਜਾ ਸਕਦੀ ਇਸੇ ਤਹਿਤ ਹੀ ਤਾਂ ਬਿਹਾਰ ਤੇ ਪੱਛਮੀ ਬੰਗਾਲ ਵਿੱਚ ਲੱਖਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ। ਵੈਸੇ ਵੀ ਇਹਨਾਂ ਦਿਨਾਂ ਵਿੱਚ ਜਿਆਦਾ ਐਨ.ਆਰ.ਆਈ ਪੰਜਾਬੀਆਂ ਦੇ ਘਰਾਂ ਨੂੰ ਤਾਲੇ ਲੱਗੇ ਹਨ। ਉਹਨਾਂ ਦੇ ਮਾਂ ਬਾਪ ਗਰਮੀਆਂ ਵਿੱਚ ਵਿਦੇਸ਼ਾਂ ਵਿੱਚ ਆ ਜਾਂਦੇ ਹਨ। ਤੇ ਪਿਛੋਂ ਬੀ.ਐਲ.ਓ ਦੇ ਕੋਲ ਤਾਂ ਬਹਾਨਾ ਹੈ ਕਿ ਕੋਈ ਘਰ ਨਹੀਂ ਸੀ ਅਸੀਂ ਵੋਟ ਕੱਟ ਦਿੱਤੀ। ਇਸਦਾ ਸ਼ਿਕਾਰ ਦੁਆਬਾ ਖੇਤਰ ਜਿਆਦਾ ਹੋਵੇਗਾ। ਤੀਜਾ ਤਰੀਕਾ ਸਥਾਨ ਬਦਲਣਾ ਹੁਣ ਜਿਆਦਾਤਰ ਪੰਜਾਬੀ ਪਿੰਡਾਂ ਨੂੰ ਛੱਡ ਸ਼ਹਿਰਾਂ ਵਿੱਚ ਘਰ ਬਣਾਈ ਜਾਂਦੇ ਤੇ ਪਰ ਉਹਨਾਂ ਦੀ ਵੋਟ ਪਿੰਡ ਵਿੱਚ ਹੀ ਬਣੀ ਹੁੰਦੀ। ਹੁਣ ਇਸ ਹਾਲਤ ਵਿੱਚ ਨਵੀਂ ਵੋਟ ਤੇ ਅਜੇ ਪਤਾ ਨਹੀਂ ਕਦੋਂ ਬਣਨੀ ਪਰ ਪੁਰਾਣੀ ਉਸੇ ਵਕਤ ਕੱਟੀ ਜਾਵੇਗੀ।
ਲੇਖ ਦਾ ਅਕਾਰ ਜਿਆਦਾ ਵੱਡਾ ਹੋਣ ਕਾਰਨ ਬਾਕੀ ਦੀਆਂ ਜਾਣਕਾਰੀਆਂ ਇੱਕ ਨਵੇਂ ਲੇਖ ਵਿੱਚ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਬੇਸ਼ੱਕ ਅਜੇ ਸਾਡੇ ਕੋਲ ਕੋਈ ਤਾਕਤ ਨਹੀਂ ਜੋ ਅਸੀਂ ਇਸ ਪ੍ਰਕਿਰਿਆ ਨੂੰ ਰੋਕ ਸਕੀਏ। ਪਰ ਪੰਜਾਬ ਦੇ ਵਾਰਿਸ ਹੋਣ ਦੇ ਨਾਤੇ ਅਸੀਂ ਹਰੇਕ ਪੰਜਾਬੀ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਾਗਦੇ ਰਹੋ ਤੇ ਇਸ ਹੋ ਰਹੀ ਪ੍ਰਕਿਰਿਆ ਤੇ ਸਮਾਂ ਰਹਿੰਦੇ ਨਿਗ੍ਹਾ ਰੱਖੋਂ। ਸੁਚੇਤ ਰਹੋਗੇ ਤਾਂ ਬਚ ਜਾਵੇਗੋ ਵੈਸੇ ਵੀ ਇਹ ਇਲੈਕਸ਼ਨ ਤੁਹਾਡੇ ਕੋਲ ਆਖਰੀ ਹੈ। ਜੇ ਕੋਈ ਪੰਥਕ ਸਰਕਾਰ ਨਹੀਂ ਬਣਾ ਸਕੇ ਤਾਂ ਫਿਰ ਅਗਲੇ ਕਈ ਦਹਾਕੇ ਮੋਰਚਿਆਂ ਜੋਗੇ ਰਹਿ ਜਾਣਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News