ਹਾਲੈਂਡ 19 ਮਾਰਚ (ਖਿੜਿਆ ਪੰਜਾਬ) ਜਰਮਨ ਦੇ ਹੇਸਨ ਪ੍ਰੋਵੀਜ਼ਨ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲ, ਸ਼ਹਿਰੀ ਕੌਂਸਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ।
ਫਰੈਂਕਫਰਟ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਨੇ ਪਹਿਲੀ ਵਾਰ ਗਰੀਨ ਪਾਰਟੀ ਦੀ ਟਿਕਟ ‘ਤੇ ਸ਼ਹਿਰੀ ਪਾਰਲੀਮੈਂਟ ਦੀ ਚੋਣ ਲੜੀ ਅਤੇ ਲਗਭਗ 51 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ। ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਉਨ੍ਹਾਂ ਨੇ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਦੂਜੀ ਵਾਰ ਭਾਰੀ ਜਿੱਤ ਦਰਜ ਕੀਤੀ।
ਕੈਲਕਾਇਮ ਕਸਬੇ ਵਿੱਚ ਯੂਨੀਵਰਸਿਟੀ ਦੀ ਵਿਦਿਆਰਥਣ ਹਰਪ੍ਰੀਤ ਕੌਰ ਸੰਧੂ ਨੇ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਜਾਣ ਦੇ ਨਾਲ ਨਾਲ ਸ਼ਹਿਰੀ ਕੌਂਸਲ ਵਿੱਚ ਵੀ ਜਿੱਤ ਪ੍ਰਾਪਤ ਕੀਤੀ। ਹਰਪ੍ਰੀਤ ਕੌਰ ਦੀ ਛੋਟੀ ਭੈਣ ਕੋਮਲਪ੍ਰੀਤ ਕੌਰ ਨੇ ਵੀ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ।
ਏਸੇ ਤਰਾਂ ਮਾਰਬਰਗ ਤੋਂ ਜਰਮਨ ਦੀ ਸਿੱਖ ਭਾਈਚਾਰੇ ਦੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਭਾਈ ਨਿਰਮਲ ਸਿੰਘ ਹੰਸਪਾਲ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਗਏ। ਇਸ ਤੋਂ ਇਲਾਵਾ, ਕਸ਼ਮੀਰੀ ਮੂਲ ਦੀ ਪੰਜਾਬੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਆਪਣੀ ਮਜ਼ਬੂਤ ਪਕੜ ਦਰਸਾਈ।
ਇਹ ਨਤੀਜੇ ਦਰਸਾਉਂਦੇ ਹਨ ਕਿ ਜਰਮਨ ਦਾ ਪੰਜਾਬੀ ਭਾਈਚਾਰਾ ਜਿੱਥੇ ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਇਆ ਉੱਥੇ ਰਾਜਨੀਤਿਕ ਪੱਧਰ ਤੇ ਵੀ ਮਜ਼ਬੂਤ ਹੋ ਰਿਹਾ ਹੈ।
ਇਸ ਜਿੱਤ ਤੋਂ ਬਾਅਦ ਗੱਲ ਕਰਦਿਆਂ ਗੁਰਦੁਆਰਾ ਸਿੰਘ ਸਭਾ ਡੈਨਹਾਗ ਦੀ ਸਮੂੰਹ ਪ੍ਰਬੰਧਕ ਕਮੇਟੀ, ਸ ਜਸਪਾਲ ਸਿੰਘ (ਇੰਡੀਆ ਗੇਟ ਸਟੋਰ ਵਾਲੇ), ਸ ਗੁਰਿੰਦਰ ਬੈਂਸ , ਸ ਹਰਬੰਸ ਸਿੰਘ, ਸ ਅਵਤਾਰ ਸਿੰਘ ਤਾਰੀ, ਸ ਅਮਰੀਕ ਸਿੰਘ, ਸ ਸਿੰਗਾਰਾ ਸਿੰਘ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਦੇਂਦਿਆਂ ਹੋਇਆਂ ਕਿਹਾ ਕਿ ਇਹ ਜਰਮਨ ਦੇ ਸੰਵਿਧਾਨ ਅਨੁਸਾਰ ਆਪਣੇ ਭਾਈਚਾਰੇ ਦੀ ਸੇਵਾ ਕਰਨਗੇ ਅਤੇ ਆਪਣੀ ਕੌਂਮ ਲਈ ਪੱਖੀ ਕਾਰਜ ਕਰਵਾਉਣਗੇ। ਇਸਦੇ ਨਾਲ ਹੀ ਭਾਰਤ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਜਰਮਨ ਸਰਕਾਰ ਨੂੰ ਜਾਣੂ ਕਰਵਾਉਂਦੇ ਹੋਏ ਹੱਕਾਂ ਦੀ ਮੰਗ ਰੱਖਣਗੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








