Home » ਜੀਵਨ ਸ਼ੈਲੀ » ਪੰਥ ਖਾਲਸੇ ਕਾ ਹੋਲਾ,ਨਿਆਰੋ ਖਾਲਸੇ ਕਾ ਹੋਲਾ – ਲੇਖਕ ਨਿਰਮਲ ਸਿੰਘ ਸੁਰਸਿੰਘ

ਪੰਥ ਖਾਲਸੇ ਕਾ ਹੋਲਾ,ਨਿਆਰੋ ਖਾਲਸੇ ਕਾ ਹੋਲਾ – ਲੇਖਕ ਨਿਰਮਲ ਸਿੰਘ ਸੁਰਸਿੰਘ

SHARE ARTICLE

22 Views

ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਹੋਲੇ-ਮਹੱਲੇ ਸਬੰਧੀ ਲਿਖਦੇ ਹਨ – ਹੋਲਾ ਮਹੱਲਾ : ਸੰਗਯਾ- ਹਮਲਾ ਅਤੇ ਜਾਯ ਹਮਲਾ ( ਹੱਲਾ ਅਤੇ ਹੱਲੇ ਦੀ ਥਾਂ )। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ, ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਯਾ ਦਿੰਦੇ ਸੇ,ਔਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ (ਦੇਖੋ ਹੋਲਗੜ੍ਹ ਅਤੇ ਮਹੱਲਾ)।
ਹੋਲਗੜ੍ਹ – ਆਨੰਦਪੁਰ ਦਾ ਇੱਕ ਕਿਲ੍ਹਾ ਇਸੇ ਥਾਂ ਦਸਮੇਸ਼ ਨੇ ਦੀਵਾਨ ਲਗਾ ਕੇ ਸੰਮਤ 1757 ਚੇਤ ਵਧੀ ਇੱਕ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਸੀ।

ਹੋਲਾ ਮਹੱਲਾ ਖਾਲਸੇ ਦੀ ਨਿਆਰੀ ਹਸਤੀ, ਸੁਤੰਤਰ ਸੋਚ,ਚੜ੍ਹਦੀ ਕਲਾ ਉਤਸ਼ਾਹ ਅਤੇ ਬੀਰ-ਰਸ ਦਾ ਪ੍ਰਤੀਕ ਹੈ। ਸੰਸਾਰ ਭਰ ਦੇ ਵਿੱਚ ਪ੍ਰਸਿੱਧ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਸ੍ਰੀ ਦਸਮੇਸ਼ ਜੀ ਦੀ ਯਾਦ ਨੂੰ ਤਾਜਾ ਕਰਵਾਉਂਦਾ ਹੈ। ਪਾਲਾ ਖਤਮ ਹੁੰਦਿਆਂ ਹੀ ਨਵੇ ਮੌਸਮ ਦੀ ਨਵੀਂ ਰੁੱਤ ਅਤੇ ਹੋਲੀ ਤੋਂ ਇੱਕ ਦਿਨ ਮਗਰੋਂ ਸਿੱਖ ਸੰਗਤ ਵੱਲੋਂ ਹੋਲਾ-ਮਹੱਲਾ ਮਨਾਇਆ ਜਾਂਦਾ ਹੈ।
ਹੱਲੇ ਮਹੱਲੇ ਦਾ ਮਕਸਦ ਗੁਰਬਾਣੀ ਪਿਆਰ,ਸਤਸੰਗਤਿ, ਸੇਵਾ, ਉੱਚਾ ਕਿਰਦਾਰ,ਜੰਗੀ ਕਰਤੱਵ ( ਸ਼ਸਤਰ ਵਿਦਿਆ ਦੇ ਜੌਹਰ ) ਦ੍ਰਿੜ ਕਰਵਾ ਸਿੱਖ ਦੇ ਜੀਵਨ ਨੂੰ ਹਰ ਪਹਿਲੂ ਤੋਂ ਸਿੱਖਿਆਦਾਯਕ ਤੇ ਰਸ ਭਰਪੂਰ ਬਣਾਉਣਾ ਹੁੰਦਾ ਹੈ।
“ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ” ਗੁਰੂ ਵਾਕ ਮੁਤਾਬਕ
ਸਿਦਕ ਅਤੇ ਸੰਜਮ ਤੋਂ ਸੱਖਣੇ ਜੀਵਨ, ਖੁਆਰ ਕਰਨ ਵਾਲੇ ਦੁਨਿਆਵੀ ਰੰਗ ਤਮਾਸ਼ੇ,ਤਰੁੱਟੀਆਂ, ਕੁਤਾਹੀਆਂ ਨੂੰ ਤਿਆਗਣਾ
ਗੁਰੂ ਸਿੱਖਿਆ ਦੇ ਦੁਹਰਾਓ ਅਤੇ ਪਾਏ ਪੂਰਨਿਆ ਤੇ ਚੱਲਣ ਲਈ ਯਤਨਸ਼ੀਲ ਹੋਣਾ ਹੀ #ਖਾਲਸੇ ਦਾ ਉੱਤਮ ਕਰਮ ਹੈ।
ਅਜੋਕੇ ਸਮੇਂ ਵਿੱਚ ਹੋਲੇ ਮਹੱਲੇ ਦੇ ਉਲਟ ਅਨਮਤੀ ਤਿਉਹਾਰਾਂ ਦੀ ਰਲਗੱਡ ਸਾਡੀ ਬੇਸਮਝੀ ਅਤੇ ਅਗਿਆਨਤਾ ਦੀ ਨਿਸ਼ਾਨੀ ਹੈ ਜੋ ਸਿੱਖੀ ਸਿਧਾਂਤ ਅਤੇ ਰਹਿਤ-ਮਰਿਯਾਦਾ ਦੇ ਅਨਕੂਲ ਨਹੀ।
ਹੋਲਾ ਮਹੱਲਾ ਅਧਿਆਤਮਕ ਪੱਖ ਤੋਂ ਵਿਸ਼ੇਸ਼ ਢੰਗ ਦੀ ਵਿਆਖਿਆ ਸੀ
ਜਿਸਦੇ ਮੂਲ ਪ੍ਰਸੰਗ ਨੇ ਬਦਲ ਕੇ ਦੁਨਿਆਵੀ ਰੂਪ ਲੈ ਲਿਆ ਹੈ।
ਸਿੱਖ ਪੰਥ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਹੋਲਾ-ਮਹੱਲਾ ਦੁਨਿਆਵੀ ਰੰਗ ਤਮਾਸ਼ਿਆਂ ਤੋਂ ਨਿਰਲੇਪ ਤਿਉਹਾਰ ਸੀ, ਇਸ ਸਬੰਧੀ ਘੜਿਆ ਜਾ ਰਿਹਾ ਗਲਤ ਪ੍ਰਸੰਗ ਗੁਰੂ ਸਿਧਾਂਤ ਤੇ ਮੰਤਵ ਦੀ ਅਸਲ ਸਮਝ ਨਹੀ ਜਾਪਦੀ।

ਪ੍ਰਾਚੀਨ ਸੌ ਸਾਖੀ ਵਿੱਚ ਸ੍ਰ: ਪਿਆਰਾ ਸਿੰਘ ਜੀ ਪਦਮ ਲਿਖਦੇ ਹਨ :
ਏਕ ਬੇਰ ਗੁਰੂ ਜੀ ਬੈਠੇ ਥੇ ਤਾਂ ਹੋਲਾ ਕੀਆ। ਗਿਆਨੀਆਂ ਧਿਆਨੀਆਂ ਸਿੱਖਾਂ ਬੜਾ ਕੰਤੂਹਲ ( ਮੌਜ ਮੇਲਾ ) ਕੀਆ। ਰੰਗ ਰਾਗ ਤਮਾਸ਼ੇ ਸਵਾਂਗ ਕਰਿ ਕਰਿ ਲਿਆਵੈ ਗੁਰੂ ਕੇ ਪਾਸ। ਗੁਰੂ ਜੀ ਦੇਖੈਂ ਜਗਤ ਕੀ ਕਿਰਿਆ। ਤਾਂ ਹੋਲੀ ਪਿਛੋ ਲੋਕਾਂ ਸੰਗਤ ਦਿਆਂ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ! ਬੜਾ ਉਤਸ਼ਾਹ ਹੂਆ, ਇਸ ਮੇਲੇ ਵਿੱਚ ਦੋ ਸਿੱਖਣੀਆਂ ਸੰਗਤ ਦੀਆਂ ਵੱਗ ਗਈਆਂ ਤਾਂ ਬਚਨ ਹੋਊਗ ਇਹ ਮੇਲੇ ਇਸੇ ਵਾਸਤੇ ਬਣੇ ਹੈਣ,
ਏਕ ਲਾਭ ਦਰਸ਼ਨ ਕਰਨਾ ਸਤ ਪੁਰਖਾਂ ਦਾ, ਉਹ ਭੀ ਤੀਰਥ ਉਹ ਉਤਸ਼ਾਹ ਮਹੋਛਿਆ ਵਿੱਚ ਆਮਦੇ ਹੈਨ, ਜੀਆ ਕਾ ਸੁਭਾਵ ਪਰਖਣ ਅਤੇ ਪਾਪ ਨਿਵਾਰਨ ਸ਼ਰਧਾ ਵਾਲਿਆਂ ਦੇ ਅਤੇ ਵਿਗੜ ਬਹੁਤ ਜਾਂਦੇ ਹੈਨ। ਕੋਈ ਕੋਈ ਫਲ ਖੱਟ ਲੈ ਜਾਂਦੇ ਹੈਨ,ਸਿੱਖੋ! ਗੁਰੂ ਜੀ ਕੀ ਪ੍ਰਸੰਨਤਾ ਸਦਾ ਏਕ ਰਸ ਹੈ।
ਜਾ ਰਹਿਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਡੀਏ II
ਹਿੰਦੂਆਂ ਦੇ ਦਿਨ ਹੋਲੀ, ਲੋਹੜੀ, ਦਿਵਾਲੀ ਹੋਰ ਤਿਉਹਾਰਾਂ ਦੇ ਦਿਹਾੜੇ ਆਵਦੇ ਹੈਨ ਤਾਂ ਖਰਾਬ ਤੀਆਂ ਅਤੇ ਗਾਲ੍ਹੀ,ਨਾਰੀ ਪੁਰਖ ਬਿਲੱਜ ਹੁੰਦੇ ਹੈਨ, ਸਿੱਖੋ! ਬੰਦਗੀ ਵਾਲੇ ਦੂਹਾਂ ਜਹਾਨਾਂ ਦੇ ਸੁਖੀ ਅਤੇ ਆਪਣੀ ਆਪਣੀ ਸਰਾਂ ਵਿੱਚ ਬੱਧੇ ਪਸ਼ੂਆਂ ਵਾਂਗੂ ਪਏ ਜਨਮ ਦੇ ਮਰਦੇ ਹੈਨ।
ਭਾਈ ਸਿੱਖੋ! ਬਿਨਾਂ ਕਰਣੀ ਤਰਦਾ ਨਹੀਂ। ਹੱਸਦਿਆਂ ਟੱਪਦਿਆਂ ਪਰਮੇਸ਼ਰ ਰੀਝਦਾ ਨਹੀਂ,ਮਰ ਮਰਕੈ ਲੋਕ ਪਛਤਾਵੈਗੇਂ,ਜਾਣੈ ਤਬ ਅੰਧ ਜਾਂ ਸਿਰ ਪਉਸੀਆ। ਸਿਖੋ! ਆਪ ਨੂੰ ਸਮਝੇਗਾ ਤਾਂ ਪੂਜਾ ਧਰਮ ਥਾਂਇ ਪਾਉਸੀ। ਸਾਖੀ ਪੂਰੀ ਹੋਈ ਤੇਤੀਸਵੀਂ। ਬੋਲਹੁ ਭਾਈ ਜੀ ਵਾਹਿਗੁਰੂ I

ਤਵਾਰੀਖ਼ ਗੁਰੂ ਖਾਲਸਾ ਗਿਆਨੀ ਗਿਆਨ ਜੀ ਦੇ ਹਵਾਲੇ ਅਨੁਸਾਰ “ਗਗਨ ਮੱਲ, ਹੋਲੇ ਦਾ ਵਰਣਨ”
ਹੋਲੇ ਦੇ ਮੇਲੇ ਦਾ ਉਤਸ਼ਾਹ ਦੇਖਣ ਲਈ ਦਸ ਦਿਨ ਪਹਿਲੇ ਹੀ ਦੇਸ਼ ਦੇਸ਼ਾਂਤਰਾਂ ਦੀਆਂ ਸੰਗਤਾਂ ਆਉਣ ਲੱਗ ਪਈਆਂ।
ਸਿੱਖਾਂ ਦੀ ਸ਼ਰਧਾ ਤੇ ਨਜ਼ਰ ਭੇਟਾ ਵੇਖ ਕੇ ਰਾਜਾ ਤੇ ਮੰਤਰੀ ਸਭ ਅਚਰਜ ਹੋ ਗਏ ਕਿਉਂਕਿ ਸ਼ਿਕਾਰਪੁਰ ਦੀ ਸੰਗਤ ਨਾਲ ਗਗਨ ਮੱਲ ਨਾਮ ਅਰੋੜੇ ਸਿੱਖ ਸੌਦਾਗਰ ਨੇ ਆ ਕੇ ਕਈ ਬਰਸ ਦੇ ਦਸਵੰਧ ਦਾ ਰੁਪਈਆ ਤੇ ਤੋਹਫੇ ਜੋ 10 ਹਜ਼ਾਰ ਦੇ ਲਗਭਗ ਸਭ ਚੀਜ਼ ਸੀ। ਅਰਦਾਸ ਕਰਾ, ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ! ਮੇਰੇ ਜਨਮ ਮਰਨ ਦੇ ਬੰਧਨ ਕੱਟੋ, ਹੋਰ ਮੈਨੂੰ ਕੋਈ ਇੱਛਾ ਨਹੀ ਆਪ ਨੇ ਸਭੇ ਕੁਝ ਬਖਸ਼ਿਸ਼ ਛੱਡਿਆ ਹੈ।
ਸੇਠ ਦੀ ਸ਼ਰਧਾ, ਭਗਤੀ ਭਾਵ ਤੋਂ ਰਾਜਾ ਰਤਨ ਰਾਏ ਬੜਾ ਖੁਸ਼ ਹੋਇਆ।
ਫੇਰ ਉਹਨਾਂ ਦਿਨਾਂ ਵਿੱਚ ਹੀ ਰਾਜੇ ਬਿਸ਼ਨ ਸਿੰਘ ਜੋਧਪੁਰੀਏ ਦੇ ਭੇਜੇ ਹੋਏ ਪੰਜ ਘੋੜੇ ਬੜੇ ਕੀਮਤੀ ਚਾਂਦੀ ਦੀਆਂ ਕਾਠੀਆਂ ਸਾਜ ਸਮੇਤ ਪੰਜ ਹਜਾਰ ਰੁਪਈਆ ਨਦ ਚੰਗੇ ਚੰਗੇ ਕਈ ਹਥਿਆਰ ਗੁਰੂ ਜੀ ਦੇ ਅਰਪਣ ਹੋਏ ਕਿਉਂਕਿ ਅਸਾਮ ਦੇਸ਼ ਵਿੱਚ ਉਸ ਰਾਜੇ ਦੀ ਸਹਾਇਤਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਫਤਿਹ ਦਵਾਈ ਸੀ।
ਹੋਲੇ ਦੇ ਮੇਲੇ ਪਰ ਸੰਗਤ ਦਾ ਇਕੱਠ, ਉਤਸਾਹ, ਆਮਦਨੀ, ਖਰਚ ਦੇਖ ਕੇ ਰਾਜਾ ਅਚਰਜ ਰਹਿ ਗਿਆ। ਗੁਰੂ ਜੀ ਨੇ ਸਮਝਾਇਆ ” ਕਿ ਗੁਰੂ ਦਾ ਘਰ ਸੋਮੇ ਦੇ ਜਲ ਵਾਂਗੂੰ ਹੈ ਤਾਂ ਹੀ ਤੇਜ ਪ੍ਰਤਾਪ ਬਣਿਆ ਹੋਇਆ ਹੈ। ਖੂਹ ਦਾ ਜਲ ਜਿੰਨਾ ਛੇਤੀ ਤੇ ਵਧੇਰੇ ਨਿਕਲੇ ਉਤਨਾ ਹੀ ਸਵਾਦ ਤੇ ਨਰੋਆ ਸਾਫ ਰਹਿੰਦਾ ਹੈ। ਜੇ ਨਾ ਨਿਕਲੇ ਤਾਂ ਬੇਸਵਾਦ, ਰੋਗਲਾ ਹੋ ਜਾਂਦਾ ਹੈ। ਤਿਉਂ ਪੂਜਾ ਦਾ ਧਾਨ ਜਮਾ ਕੀਤਾ ਹੋਇਆ ਕਈ ਉਪੱਦ੍ਰਵਾਂ ਤੇ ਪਾਪਾਂ ਦਾ ਕਾਰਨ ਹੁੰਦਾ ਹੈ। ਜੀਕੂੰ ਪਰਨਾਲੇ ਬਿਨਾਂ ਛੱਤ ਗਲ ਜਾਂਦੀ ਹੈ ਇਸੇ ਤਰ੍ਹਾਂ ਧਨ ਜਮਾ ਕੀਤਾ ਹੋਇਆ ਦੁਖਦਾਈ ਤੇ ਖਰਚਿਆ ਸੁਖਦਾਈ ਰਹਿੰਦਾ ਹੈ। ਹੋਲੇ ਦੇ ਪਿੱਛੋਂ ਰਾਜੇ ਦੀ ਮਾਈ ਤੇ ਮੰਤਰੀਆਂ ਦੇ ਹੱਠ ਕਰਨੇ ਪੁਰ ਰਾਜੇ ਨੇ ਗੁਰੂ ਜੀ ਤੋਂ ਵਿਦਾਇਗੀ ਚਾਹੀ ਤਾਂ ਗੁਰੂ ਜੀ ਨੇ ਆਪਣੇ ਵੱਲੋਂ ਰਾਜੇ ਨੂੰ ਖਿਲਅਤ,ਢਾਲ, ਤਲਵਾਰ,ਮੁਸਾਹਿਬਾਂ ਨੂੰ ਦੁਸ਼ਾਲੇ,ਰਾਣੀਆਂ ਨੂੰ ਯਥਾ ਯੋਗ ਤੇਉਰ, ਬੇਉਰ,ਪੰਜਾਬੀ ਪ੍ਰਸ਼ਾਦ ਦੇ ਕੇ ਵਿਦਾ ਕੀਤਾ,ਜਿਸ ਕਰਕੇ ਉਹ ਗੁਰੂ ਜੀ ਦੇ ਗੁਣ ਗਾਉਂਦੇ ਆਪਣੀ ਦੇਸ ਨੂੰ ਗਏ।
ਰਾਜੇ ਦੀ ਮਾਈ ਪੋਤਰਾ ਹੋਣ ਦੀ ਅਰਦਾਸ ਕਰਾ ਕੇ ਤੁਰੀ ਸੀ,ਉਸੇ ਸਾਲ ਪੋਤਰਾ ਹੋ ਪਿਆ, ਜਿਸ ਕਰਕੇ ਹਮੇਸ਼ਾ ਅਨੇਕ ਪ੍ਰਕਾਰ ਦੀਆਂ ਸੁਗਾਤਾਂ, ਨਜ਼ਰ ਭੇਟਾ ਗੁਰੂ ਜੀ ਨੂੰ ਭੇਜਦੀ ਹੈ ਤੇ ਮਸੰਦੀ ਪੂਜਦੀ ਰਹੀ।
ਹੁਣ ਵੀ ਕੋਈ ਸਿੱਖ ਸਾਧ ਉਸ ਦੇਸ਼ ਜਾਂਦਾ ਹੈ ਤਾਂ ਉਸ ਦੀ ਔਲਾਦ ਦੇ ਲੋਕ ਮੰਨਦੇ ਪੂਜਦੇ ਹਨ (ਮੈਂ ਉਥੇ ਰਹਿ ਕੇ ਦੇਖ ਆਇਆ ਹਾਂ) ਉਸੇ ਰਿਆਸਤ ਦੇ ਦੋ ਪਿੰਡ ਮਾਫੀ ਦਿੱਤੇ ਹੋਏ ਗੁਰਦੁਆਰੇ ਦਮਦਮੇ ਸਾਹਿਬ ਦੇ ਨਾਮ ਉਦਾਸੀ ਸੰਤ ਪਾਸ ਹਨ।
ਸਿੱਖ ਇਤਿਹਾਸ ਭਾਗ 3 ” ਮੈਕਸ ਆਰਥਰ ਮੈਕਾਲਿਡ” ਅਨੁਸਾਰ
ਗੁਰੂ ਜੀ ਨੇ ਹਿੰਦੂਆਂ ਦੇ ਹੋਲੀ ਤਿਉਹਾਰ ਦੇ ਇਕੱਠ ਮੌਕੇ ਲਾਹਾ ਲੈਣ ਲਈ ਅਗਲੇ ਦਿਨ ਆਪਣੇ ਸੈਨਿਕਾਂ ਦੇ ਅਭਿਆਸ ਲਈ”ਨਕਲੀ ਯੁੱਧ” ਦਾ ਪ੍ਰਬੰਧ ਕੀਤਾ,ਜਿਸ ਨੂੰ ਉਹਨਾਂ ਨੇ ਹੋਲਾ ਮਹੱਲਾ ਆਖਿਆ।

ਪ੍ਰਿੰਸੀਪਲ ਸਤਬੀਰ ਸਿੰਘ ਜੀ,,ਪੁਰਖ ਭਗਵੰਤ,,ਦੇ ਕਥਨ ਮੁਤਾਬਕ ” ਹੋਲਾ ਭੱਠੀ ਵਿੱਚ ਪੱਕ ਗਏ ਦਾਣਿਆਂ ਨੂੰ ਵੀ ਕਹਿੰਦੇ ਹਨ ਅਤੇ ਹੋਲਾ ਮਹੱਲਾ ਭੱਠੀ ਵਿੱਚ ਪਾ ਕੇ ਲੋਕਾਂ ਨੂੰ ਦ੍ਰਿੜ ਚਿਤ ਕਰਕੇ ਪਕਾਉਣਾ ਹੀ ਸੀ”।ਪੁਜਾਰੀ ਦੀ ਸਮਾਜਿਕ ਵੰਡ ਮੁਤਾਬਕ ਲੋਕਾਂ ਦੇ ਤਿਉਹਾਰ ਵੀ ਵੱਖੋ ਵੱਖ ਸਨ ਜਿਵੇਂ ਵੈਸਾਖੀ ਬ੍ਰਾਹਮਣ ਦੀ, ਦੁਸਹਿਰਾ ਕਸ਼ੱਤਰੀਆਂ,ਦੀਵਾਲੀ ਵੈਸ਼ ਅਤੇ ਹੋਲੀ ਸ਼ੂਦਰ ਵਰਗ ਲਈ।
ਨਵੀਂ ਰੁੱਤ ਦਾ ਨਵਾਂ ਗੁਰੂ ਪੈਗਾਮ ਲਿਤਾੜੇ ਵਰਗ ਦੇ ਲਈ ਉਤਸਾਹ ਦਾ ਦਿਨ ਹੋ ਨਿਭੜਿਆ। ਪਹਿਲਾਂ ਖੱਤਰੀਆਂ ਤੋਂ ਬਗੈਰ ਕੋਈ ਹੋਰ ਹਥਿਆਰ ਨਹੀਂ ਸੀ ਚੁੱਕ ਸਕਦਾ ਪਰ ਗੁਰੂ ਸਾਹਿਬ ਜੀ ਨੇ ਇਸ ਵਰਨ-ਭੇਦ ਤੇ ਸੱਟ ਮਾਰਨ ਲਈ ਹੋਲੀ ਵਾਲੇ ਦਿਨ ਹਥਿਆਰਾਂ ਦਾ ਦਿਖਾਵਾ ਹੀ ਨਹੀਂ ਸਗੋਂ ਹਥਿਆਰ ਵਰਤਣ ਦਾ ਵੀ ਐਲਾਨ ਕੀਤਾ।
ਜੋ ਭਲੇ ਕੰਮ ਲਈ ਜੂਝਣ ਦਾ ਅਰੰਭਲਾ ਅਤੇ ਸਰਲ ਅਭਿਆਸ ਸੀ।
ਹੋਲੇ ਮਹੱਲੇ ਦੇ ਮੌਕੇ ਅਨੰਦਪੁਰ ਸਾਹਿਬ ਵਿਖੇ ਝੂਲਦੇ ਖਾਲਸਾਈ ਨਿਸ਼ਾਨ, ਵੱਜਦੇ ਨਗਾਰੇ, ਗੱਜਦੇ ਜੈਕਾਰੇ, ਠਾਠਾਂ ਮਾਰਦਾ ਸੰਗਤੀ ਇਕੱਠ, ਸ਼ਸਤਰ ਵਿੱਦਿਆ ਦੇ ਜੌਹਰ, ਘੋੜ ਸਵਾਰੀਆਂ, ਗੁਰੂ ਕੇ ਲੰਗਰ,ਗੁਰਧਾਮਾਂ ਦੇ ਦਰਸ਼ਨ ਦੀਦਾਰ ਤੋਂ ਉਪਰੰਤ ਸੰਧਿਆ ਵੇਲੇ ਦੇ ਦੀਵਾਨਾਂ ਦੀ ਅਰਦਾਸ ਬੇਨਤੀ ਨਾਲ ਇਸ ਮਹੱਲੇ ਦੀ ਸਮਾਪਤੀ ਸਿੱਖ ਪੰਥ ਦੀ ਪੁਰਾਤਨ ਰਵਾਇਤ ਦਾ ਹਿੱਸਾ ਹੈ

ਨਿਰਮਲ ਸਿੰਘ ਸੁਰ ਸਿੰਘ 9888520250

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ, ਸੋਹਾਵਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਆਯੋਜਿਤ ਸਾਇੰਸ ਅਤੇ ਕਾਮਰਸ ਸੈਮੀਨਾਰ ਵਿੱਚ ਆਪਣੀ ਪ੍ਰਤਿਭਾ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।