ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪੰਥ ਦਰਦੀ ਹਮੇਸ਼ਾ ਪੰਥਕ ਏਕਤਾ ਦੀ ਅਰਦਾਸ ਕਰਦੇ ਹਨ, ਅਤੇ ਸਿਧਾਂਤਕ ਪੰਥਕ ਏਕਤਾ ਕੌਮੀ ਸੰਘਰਸ਼ ਦੀ ਕਾਮਯਾਬੀ ਲਈ ਅਤਿਅੰਤ ਜਰੂਰੀ ਹੈ। ਪਰ ਅਫਸੋਸ ਕਿ ਬਹੁ ਗਿਣਤੀ ਸਿੱਖ ਅਤੇ ਖਾਸਕਰ ਜਿੰਮੇਵਾਰ ਸੰਸਥਾਵਾਂ ਦੇ ਅਹਿਮ ਆਗੂ ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਉਲਟ ਭਾਵਨਾ ਨਾਲ ਲੈ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਪ੍ਰਚਲਿਤ ਲੋਕਤੰਤਰ ਤੋਂ ਵੀ ਉੱਤਮ ਸਿਧਾਂਤ ਬਖਸ਼ੇ ਹਨ ਇਸਦੇ ਬਾਵਜੂਦ ਬਹੁਗਿਣਤੀ ਆਗੂ ਆਪੋ-ਆਪਣੀ ਡਿਕਟੇਟਰਸ਼ਿਪ ਅਤੇ ਧੌਂਸ ਮਨਵਾਉਣ ਦੀ ਜਿੱਦ ਵਿੱਚ ਸੰਸਥਾਨਾਂ ਦਾ ਨੁਕਸਾਨ ਕਰ ਰਹੇ ਹਨ। ਬਹੁ-ਗਿਣਤੀ ਪਦਾਰਥਵਾਦੀ ਹਵਸ ਖਾਤਰ ਪੰਥਕ ਹੋਣ ਦਾ ਵਿਖਾਵਾ ਕਰਦੇ ਹੋਏ ਸਰਕਾਰੀ ਸਰਪ੍ਰਸਤੀ ਅਧੀਨ ਵਿਚਰ ਰਹੇ ਹਨ ਅਤੇ ਸਰਕਾਰੀ ਏਜੰਡੇ ਦੀ ਹੀ ਪੂਰਤੀ ਕਰਦੇ ਹਨ, ਉਨ੍ਹਾ ਨੂੰ ਇਸਦੀ ਖਾਤਰ ਬਿਪਰਨ ਕੀ ਰੀਤ ਤਹਿਤ ਵਿਚਰਨ ਵਾਲੀਆਂ ਜਾਂ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਪਾਰਟੀਆਂ ਨਾਲ ਸਹਿਯੋਗ ਕਰਨ ਤੋਂ ਵੀ ਪ੍ਰਹੇਜ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ) ਪਾਰਟੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਜੇ ਆਗੂ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਕਹੇ ਤਾਂ ਬਹੁ-ਗਿਣਤੀ ਜੀ ਹਜੂਰੀ ਖਾਤਿਰ ਸਤਿਬਚਨ ਕਹਿਣ ਲੱਗਿਆ ਮਾਣ ਮਹਿਸੂਸ ਕਰਦੀ ਹੈ, ਆਗੂ ਦੀ ਨਿਗੁਣੀ ਜਿਹੀ ਪ੍ਰਾਪਤੀ ‘ਤੇ ਵੀ ਚੀਅਰ ਲੀਡਰਜ ਵਾਂਗ ਝੂਮਣ ਲੱਗ ਪੈਂਦੇ ਹਨ ਪਰ ਜੇ ਇਹੀ ਕੰਮ ਦੂਸਰੀ ਪਾਰਟੀ ਵਿੱਚ ਹੋਵੇ ਤਾਂ ਉਨ੍ਹਾਂ ਨੂੰ ਅੰਧ-ਭਗਤ ਜਿਹੇ ਖਿਤਾਬ ਦਿੰਦੇ ਹਨ। ਕੌਮ ਨੂੰ ਯੋਗ ਲੀਡਰਸ਼ਿੱਪ ਅਤੇ ਸਿਧਾਂਤਕ ਏਕਤਾ ਮਿਲ਼ਣ ਦੀ ਉਮੀਦ ਕਰਦੇ ਹਾਂ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








