ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖ ਨੂੰ ਮੁਢਲਾ ਉਪਦੇਸ਼ ਜਪੁ ਜੀ ਸਾਹਿਬ ਵਿੱਚ ਸਚਿਆਰ ਬਣਨ ਦਾ ਦਿੱਤਾ ਹੈ :-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਿਖਆ ਨਾਲਿ ॥1॥ ਜੋ ਮਨੁੱਖ ਦੀ ਹਾਉਮੈ ਦੇ ਕਾਰਨ ਅਕਾਲ ਪੁਰਖ ਨਾਲ ਵਿੱਥ ਪਈ ਹੋਈ ਹੈ ਇਹ ਅਕਾਲ ਪੁਰਖ ਦੀ ਰਜ਼ਾ ਤੇ ਗੁਣਾਂ ਰੂਪੀ ਹੁਕਮ ਨੂੰ ਮੰਨਕੇ ਤੇ ਉਸ ਉੱਪਰ ਚਲਕੇ ਹੀ ਦੂਰ ਹੋ ਸਕਦੀ ਹੈ ਤੇ ਅਸੀਂ ਸਚਿਆਰ ਬਣ ਸਕਦੇ ਹਾਂ ।ਜਪੁ ਜੀ ਸਾਹਿਬ ਵਿੱਚ ਹੀ ਸਚਿਆਰ ਬਣ ਲਈ ਆਚਰਨ ,ਧੀਰਜ, ਮਤਿ, ਗਿਆਨ, ਭਾਉ, ਘਾਲ ਤੇ ਪ੍ਰੇਮ ਗੁਣ ਧਾਰਨ ਕਰਨ ਦਾ ਉਪਦੇਸ਼ ਹੈ ਤੇ ਸਭ ਤੋਂ ਪਹਿਲਾਂ ਉਪਦੇਸ਼ ਸਚੁ ਆਚਾਰ ਬਣਾਉਣ ਦਾ ਦਿੱਤਾ ਹੈ ।
ਅੱਜ ਵਿਰਲੇ ਸਿੱਖਾਂ ਨੂੰ ਛੱਡਕੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲਿਆਂ ਵਿੱਚੋਂ ਸਚੁ ਆਚਾਰ ਦੇ ਦਰਸ਼ਨ ਹੁੰਦੇ ਹਨ ਤੇ ਬਹੁਗਿਣਤੀ ਵਿੱਚੋਂ ਇਹ ਗੁਣ ਅਲੋਪ ਹੋ ਗਿਆ ਹੈ । ਗੁਰਬਾਣੀ ਦਾ ਵੀ ਫੁਰਮਾਣ ਹੈ:– ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥12॥ {ਪੰਨਾ 1411}ਅਰਥ:-ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ । ਆਮ ਤੌਰ ਤੇ ਜਗਤ ਵਿਖਾਵੇ ਦੇ ਕੰਮ ਹੀ ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ ਨੀਵਾਂ ਕਰਨ ਵਾਲਾ ਬੋਲ ਹੀ ਬੋਲਦਾ ਜਾ ਕਰਮ ਕਰਦਾ ਰਹਿੰਦਾ ਹੈ ਇਹਨਾਂ ਵਿਰਲਿਆਂ ਨੂੰ ਛੱਡ ਕੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਉਸ ਪਾਦਰੀ ਵੱਲੋਂ ਆਪਣੇ ਪੁੱਤਰ ਦੀ ਲਈ ਪਰੀਖਿਆ ਵਰਗਾ ਹੀ ਹੋ ਗਿਆ ਹੈ ਜਿਸ ਨੇ ਇਕ ਕਮਰੇ ਵਿੱਚ ਸ਼ਰਾਬ ਕਬਾਬ, ਦੂਸਰੇ ਵਿੱਚ ਅੋਰਤ, ਤੀਸਰੇ ਵਿੱਚ ਮਾਇਆ ਤੇ ਚੌਥੇ ਵਿੱਚ ਧਾਰਮਿਕ ਪੁਸਤਕ ਬਾਈਬਲ ਰੱਖ ਦਿੱਤੀ ਤੇ ਆਪਣੇ ਪੁੱਤਰ ਨੂੰ ਇਹਨਾਂ ਕਮਰਿਆਂ ਵਿੱਚੋਂ ਗੁਜ਼ਰਨ ਨੂੰ ਕਿਹਾ ਤਾਂ ਉਸ ਨੇ ਸ਼ਰਾਬ ਕਬਾਬ ਦਾ ਲੁਤਫ ਲਿਆ ਤੇ ਔਰਤ ਨਾਲ ਵੀ ਵਿਭਚਾਰ ਕੀਤਾ ਤੇ ਮਾਇਆ ਨਾਲ ਜੇਬਾਂ ਭਰੀਆਂ ਤੇ ਚੌਥੇ ਕਮਰੇ ਵਿੱਚੋਂ ਬਾਈਬਲ ਹੱਥ ਵਿਚ ਲਈ ਤੇ ਧਾਰਮਿਕ ਚਿਹਰਾ ਬਣਾਕੇ ਗੌਡ ਗੌਡ ਕਰਦਾ ਬਾਹਰ ਆ ਗਿਆ ਤੇ ਪਾਦਰੀ ਨੇ ਸਮਝ ਲਿਆ ਕਿ ਇਹ ਅਜੋਕੀ ਗੰਦੀ ਰਾਜਨੀਤੀ ਦਾ ਹਿੱਸਾ ਬਣੇਗਾ ।ਅਜੋਕੇ ਰਾਜਸੀ ਲੀਡਰਾਂ ਦਾ ਕੁਰਸੀ ਜਾਂ ਚੌਧਰ ਹਥਿਆਣ ਲਈ ਘਟੀਆ ਤੋਂ ਘਟੀਆ ਹੱਥ ਕੰਡੇ ਅਪਣਾਉਣੇ ਆਮ ਅਜਿਹੀ ਗੱਲ ਹੈ ਉੱਥੇ ਕਹਿਣੀ ਤੇ ਕਰਨੀ ਤੋਂ ਕੋਹਾਂ ਦੂਰ ਵਾਲਿਆ ਦੀ ਕੌਮ ਵਿੱਚ ਬਹੁਤਾਤ ਹੈ । ਪਰ ਉੱਚੇ ਸੁਚੇ ਆਚਾਰ ਵਾਲੀ ਸਿੱਖ ਕੌਮ ਦੇ ਧਰਮਿਕ ਖੇਤਰ ਵਿੱਚ ਵੀ ਇਹ ਬਿਮਾਰੀ ਵੱਡੇ ਪੱਧਰ ਤੇ ਫੈਲ ਚੁੱਕੀ ਹੈ । ਇਸ ਬਿਮਾਰੀ ਦਾ ਸ਼ਿਕਾਰ ਹਰ ਖੇਤਰ ਧਰਮ ਦੇ ਪ੍ਰਚਾਰ ਜਾਂ ਕੌਮ ਦੇ ਹਿੱਤਾਂ ਦੀ ਗੱਲ ਕਰਨ ਦੇ ਨਾਮ ਹੇਠ ਧਾਰਮਿਕ ਮੁਖੌਟਾ ਪਹਿਨੇ ਹੋਏ ਅਖੌਤੀ ਸੰਤ, ਬਾਬੇ, ਪ੍ਰਚਾਰਕ, ਵਿਦਵਾਨ, ਸਿੱਖ ਸੰਸਥਾਵਾਂ ਦੇ ਆਗੂ, ਗੁਰਦੁਆਰਾ ਪ੍ਰਬੰਧਕ, ਲੋਕਾਂ ਸਾਹਮਣੇ ਆਪਣੇ ਆਪ ਨੂੰ ਧਾਰਮਿਕ ,ਪੰਥ ਪ੍ਰਸਤ ਹੋਣ ਦਾ ਡਰਮਾ ਕਰਦੇ ਆਮ ਹੀ ਨਜ਼ਰ ਆਉਦੇ ਹਨ ।ਇਸ ਕਰਕੇ ਸਤਿਗੁਰਾਂ ਦੀ ਰੱਬੀ ਬਾਣੀ ਨੇ ਕਿਸੇ ਦਾ ਲਿਹਾਜ਼ ਨਹੀ ਕੀਤਾ ਤੇ ਅਨੇਕਾਂ ਗੁਰਬਾਣੀ ਦੇ ਫੁਰਮਾਣ ਹਨ ਜਿਵੇਂ:-
ਗਉੜੀ ਮਹਲਾ 5 ॥ ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥1॥ ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥1॥ ਰਹਾਉ ॥ ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥2॥ ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥3॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥4॥71॥140॥ {ਪੰਨਾ 194} ਅਰਥ:-(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂµ ਸਿਮਰਦਾ ਹੈ । (ਉਸ ਮਨੁੱਖ ਨੂµ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ।1।ਰਹਾਉ।(ਪਰ ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂµ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂµ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ (ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ ।1।(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂµ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂµ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂµ ਮਾਰ ਦਿੱਤਾ ਹੈ, ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ।2।(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂµ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ, ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ।3।ਹੇ ਨਾਨਕ! ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ।4।71।140।
ਜਦੋਂ ਜਦੋਂ ਵੀ ‘ਕਰੈ ਦੁਹਕਰਮ ਦਿਖਾਵੈ ਹੋਰੁ’ ਵਾਲੇ ਕੌਮ ਦੇ ਆਗੂ ਬਣੇ ਹਨ ਉਦੋਂ ਹੀ ਕੌਮ ਨਿਘਾਰ ਵੱਲ ਗਈ ਹੈ ਅੱਜ ਵੀ ਕੌਮ ਦੇ ਨਿਘਾਰ ਵੱਲ ਜਾਣ ਦਾ ਇਹ ਹੀ ਕਾਰਨ ਹੈ ।ਅੱਜ ਸਚੁ ਆਚਾਰ ਅਸੀ ਘਰ ਤੋਂ ਸਿੱਖਣਾ ਸੀ ਪਰ ਇਹ ਉਥੋਂ ਵੀ ਗਾਇਬ ਹੋ ਗਿਆ ਹੈ ਕਿਉਂਕਿ ਸਾਡੀ ਜ਼ਿੰਦਗੀ ਵੀ ‘ਕਰੈ ਦੁਹਕਰਮ ਦਿਖਾਵੈ ਹੋਰੁ’ ਵਾਲੀ ਹੋਣ ਕਰਕੇ ਸਾਡੇ ਬੱਚੇ ਅੱਜ ਸਿੱਖੀ ਤੋਂ ਦੂਰ ਜਾ ਰਹੇ ਹਨ ।ਅਸੀ ਹਉਮੈ ਜਾਂ ਪਦਾਰਥਵਾਦ ਦੀ ਦੌੜ ਵਿੱਚ ਰੁਝੇ ਹੋਏ ਹੋਣ ਕਰਕੇ ਗੰਭੀਰਤਾ ਨਾਲ ਇਸ ਪਾਸੇ ਘੱਟ ਹੀ ਧਿਆਨ ਦੇ ਰਹੇ ਹਾਂ ।ਘਰ ਤੋਂ ਬਾਹਰ ਦੂਸਰਾ ਸਿੱਖੀ, ਗੁਰਮਤਿ ਦ੍ਰਿੜ ਕਰਾਉਣ ਤੇ ਸਚੁ ਆਚਾਰ ਦੇ ਸਕੂਲ ਹਨ ਸਾਡੇ ਗੁਰਦੁਆਰਾ ਸਾਹਿਬ ਦੇ ਅਯੋਗ ਪ੍ਰਬੰਧਕਾਂ ਦੀ ਹਾਉਮੈ ਚੌਧਰ ਖਾਤਰ ਲੜਾਈ ਤੇ ਗੰਦੀ ਸਿਆਸਤ ਦੇ ਅਖਾੜੇ ਬਣਾ ਦਿੱਤੇ ਗਏ ਹਨ ।ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੋਲਣ ਵਾਲਿਆ ਦੀ ਹਾਲਤ ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ਵਾਲੀ ਹੀ ਹੁੰਦੀ ਹੈ ਤੇ ਇਹ ਵੀ ਭੁਲ ਜਾਦੇ ਹਾਂ ਕਿ ਆਖਾ ਜੀਵਾ ਵਿਸਰੈ ਮਰਿ ਜਾਉ ॥ਭਾਵ ਕਿ ਜੇਕਰ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹਾਂ ਤਾਂ ਆਤਮਿਕ ਤੌਰਤੇ ਜੀਉਂਦਾ ਹਾਂ ਜਦੋ ਉਸ ਨੂੰ ਵਿਸਾਰ ਦਿੰਦਾ ਹਾਂ ਤਾਂ ਮੈਂ ਮਰ ਜਾਦਾ ਹਾਂ । ਅੱਜ ਆਤਮਿਕ ਤੌਰ ਤੇ ਮਰੇ ਹੋਣ ਕਰਕੇ ਹੀ ਸਾਡੇ ਵਿੱਚੋਂ ਸਚੁ ਆਚਰ ਨਜ਼ਰ ਨਹੀ ਆਉਦਾ ।ਅੱਜ ਸੱਚ ਕਹਿਣਾ ਔਖਾ ਬਣਦਾ ਜਾ ਰਿਹਾ ਹੈ ਕਈ ਵਾਰੀ ਸਾਨੂੰ ਪਤਾ ਹੋਣ ਦੇ ਬਾਵਾਜੂਦ ਉਸ ਤੋਂ ਪਾਸਾ ਵੱਟ ਜਾਦੇ ਹਾਂ ਕਿਉਕਿ ਕੁਫਰ ਬੋਲਣ ਵਾਲਾ ਸਾਡੇ ਧੜ੍ਹੇ ਜਾਂ ਗਰੁੱਪ ਦਾ ਹੈ ਤੇ ਵਿਰੋਧ ਇਸ ਕਰਕੇ ਕਿ ਇਸ ਨੇ ਕਹਿਣਾ ਕਿ ਇਹ ਮੇਰਾ ਵਿਰੋਧੀ ਹੈ ਤੇ ਆਮ ਲੋਕ ਕਿ ਸਾਨੂੰ ਕੀ ਅਸੀ ਕੀ ਲੈਣਾ । ਇਸੇ ਕਰਕੇ ਹੀ ਅੱਜ ਕੂੜ ਪ੍ਰਧਾਨ ਹੈ ਤੇ ਜੋ :– ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥3॥
ਅੱਜ ਹਰ ਪਾਸੇ ਕਰੇ ਦੁਹਕਰਮ ਦਿਖਾਵੈ ਹੋਰ ਵਾਲੇ ਆਗੂਆਂ ਕਰਕੇ ਝੂਠ ਤੇ ਕੂੜ ਦਾ ਪਸਾਰਾ ਹੈ ।ਪਰ ਗੁਰਬਾਣੀ ਦੇ ਫੁਰਮਾਨ ਅਨੁਸਾਰ ਹੈਨਿ ਵਿਰਲੈ ਨਾਹੀ ਘਣੈ ਵਾਲੇ ਗੁਰਸਿੱਖਾਂ ਨੇ ਪਹਿਲਾਂ ਵੀ ਬਹੁਤ ਸਿਦਕਦਿਲੀ ਤੇ ਕੁਰਬਾਨੀਆਂ ਕਰਕੇ ਇਹੋ ਜਿਹੇ ਆਗੂਆਂ ਦੀ ਗ੍ਰਿਫਤ ਵਿੱਚੋਂ ਕੌਮ ਨੂੰ ਅਜ਼ਾਦ ਕਰਵਾਇਆ ਸੀ ਤੇ ਉਹ ਹੁਣ ਵੀ ਸਿਦਕ ਦਿਲੀ ਨਾਲ ਉਪਰਾਲੇ ਕਰ ਰਹੇ ਹਨ ।ਅੱਜ ਲੋੜ ਹੈ ਉਹਨਾਂ ਗੁਰਸਿੱਖ ਪ੍ਰਚਾਰਕਾਂ, ਵਿਦਵਾਨਾਂ ਤੇ ਆਗੂਆਂ ਦਾ ਸਾਥ ਦੇਣ ਦੀ ਜੋ ਜੀਅਹੁ ਨਿਰਮਲ ਬਾਹਰਹੁ ਨਿਰਮਲ ॥ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥ ਵਾਲੇ ਹੋਣ ਅਤੇ ਜੀਵਨ ਵਿੱਚ ਸਚੁ ਆਚਾਰ ਲਿਆਉਣ ਲਈ ਪਹਿਲਾਂ ਆਪਣੇ ਆਪ ਤੇ ਆਪਣੇ ਘਰ ਤੋਂ ਸ਼ੁਰੂਆਤ ਕਰਨ ਵਾਲੇ ਹੋਣ । ਗੁਰਬਾਣੀ ਦੇ ਫੁਰਮਾਨ :-ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਅਨੁਸਾਰ ਸ੍ਰਿਸ਼ਟੀ ਦੇ ਰਚਣਹਾਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕੇ ਸਾਡੇ ਤੇ ਕਿਰਪਾ ਕਰੋ ਜੀ । ਆਪ ਜੀ ਦਾ ਪਹਿਲਾ ਗੁਣ ਸਾਡਾ ਆਚਰਨ ਪਵਿੱਤਰ ਹੋ ਜਾਵੇ ਫਿਰ ਧੀਰਜ, ਮਤਿ, ਗਿਆਨ, ਭਾਉ, ਘਾਲ ਤੇ ਪ੍ਰੇਮ ਵਾਲੇ ਗੁਣ ਸਾਡੇ ਵਿੱਚ ਆ ਜਾਣ ਤੇ ਸਾਡਾ ਇਸ ਜਗ ਤੇ ਆਉਣਾ ਸਫਲਾ ਹੋ ਜਾਵੇ । ਇਹ ਵੀਚਾਰ ਲਿਖਣ ਵਿੱਚ ਅਨੇਕਾਂ ਭੁਲਾਂ ਹੋ ਗਈਆਂ ਹੋਣਗੀਆਂ ਉਹਨਾਂ ਲਈ ਖਿਮਾਂ ਦਾ ਜਾਚਕ।
ਗੁਰਚਰਨ ਸਿੰਘ ਗੁਰਾਇਆ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









