Home » ਮਾਝਾ » ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 245ਵੇਂ ਜਨਮ ਦਿਨ `ਤੇ ਵਿਸ਼ੇਸ਼

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 245ਵੇਂ ਜਨਮ ਦਿਨ `ਤੇ ਵਿਸ਼ੇਸ਼

SHARE ARTICLE

66 Views

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 245ਵੇਂ ਜਨਮ ਦਿਨ `ਤੇ ਵਿਸ਼ੇਸ਼

 

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,

ਜੰਮੂ, ਕਾਂਗੜਾ ਕੋਟ ਨਿਵਾਇ ਗਿਆ।

ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,

ਸਿੱਕਾ ਆਪਣੇ ਨਾਮ ਚਲਾਇ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ

ਅੱਛਾ ਰੱਜ ਕੇ ਰਾਜ ਕਮਾਇ ਗਿਆ।

 

ਸ਼ਾਹ ਮੁਹੰਮਦ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀਆਂ ਗਈਆਂ ਇਹ ਸਤਰਾਂ ਬਿਲਕੁੱਲ ਸੱਚ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਏਨਾਂ ਮਹਾਨ ਸੀ ਕਿ ਅੱਜ ਵੀ ਪੰਜਾਬੀ ਉਸ ਦੇ ਰਾਜ ਦੀਆਂ ਬਾਤਾਂ ਪਾਉਂਦੇ ਥੱਕਦੇ ਨਹੀਂ ਹਨ।

 

13 ਨਵੰਬਰ 1780 ਨੂੰ ਗੁਜਰਾਂਵਾਲ ਵਿਖੇ ਪਿਤਾ ਮਹਾਂ ਸਿੰਘ ਦੇ ਘਰ ਜਨਮੇਂ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀਆਂ ਨੇ ਦਰ੍ਹਾ ਖੈਬਰ ਰਾਹੀਂ ਹੁੰਦੇ ਹਮਲਿਆਂ ਨੂੰ ਸਦਾ ਲਈ ਬੰਦ ਕਰ ਦਿੱਤਾ ਅਤੇ ਇੱਕ ਵਿਸ਼ਾਲ ਖ਼ਾਲਸਾ ਰਾਜ ਨੂੰ ਕਾਇਮ ਕਰਕੇ ਇਤਿਹਾਸ ਸਿਰਜ ਦਿੱਤਾ।

 

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਏਨਾ ਵਿਸ਼ਾਲ ਸੀ ਕਿ ਇੱਕ ਪਾਸੇ ਉਸਦੀਆਂ ਹੱਦਾਂ ਕਾਰਾਕੋਰਮ ਦੀ ਪਹਾੜੀਆਂ, ਉੱਤਰ-ਪੂਰਬ ਵਿੱਚ ਗਿਲਗਿਤ, ਲਦਾਖ਼ ਦੇ ਇਲਾਕੇ ਅਤੇ ਪੂਰਬ ਵੱਲ ਸਤਲੁਜ ਦਰਿਆ ਅਤੇ ਦੱਖਣ ਵਿੱਚ ਮੁਲਤਾਨ ਤੋਂ ਅੱਗੇ ਘਾਰਾ ਦਾ ਇਲਾਕਾ ਸੀ। ਇਸ ਤੋਂ ਇਲਾਵਾ ਪੱਛਮ ਵਿੱਚ ਖ਼ੈਬਰ ਦੱਰੇ ਸਮੇਤ ਸੁਲੇਮਾਨ ਪਹਾੜ ਲੜੀ ਤੋਂ ਸਿੰਧ ਦੇ ਸ਼ਿਕਾਰਪੁਰ ਤੱਕ ਹੱਦ ਫੈਲੀ ਹੋਈ ਸੀ। ਇਤਿਹਾਸਕਾਰ ਦੱਸਦੇ ਹਨ ਕਿ ਸਰਕਾਰ ਖ਼ਾਲਸਾ ਜੀ ਦੇ ਰਾਜ ਦਾ ਕੁੱਲ ਏਰੀਆ 1 ਲੱਖ ਵਰਗ ਮੀਲ ਤੋਂ ਵੀ ਵਧੇਰੇ ਸੀ। ਸਾਲ 1839 ਈਸਵੀ ਵਿੱਚ ਸਰਕਾਰ ਖ਼ਾਲਸਾ ਜੀ ਦੀ ਸਲਾਨਾ ਆਮਦਨ 3 ਕਰੋੜ ਰੁਪਏ ਤੋਂ ਵੀ ਵੱਧ ਸੀ।

 

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਭਾਵੇਂ ਮਰਦਮਸ਼ੁਮਾਰੀ ਤਾਂ ਨਹੀਂ ਹੁੰਦੀ ਸੀ ਪਰ ਇਕ ਅਨੁਮਾਨ ਅਨੁਸਾਰ ਖ਼ਾਲਸਾ ਰਾਜ ਵਿੱਚ 35 ਲੱਖ ਦੇ ਕਰੀਬ ਅਬਾਦੀ ਸੀ। ਹਾਲਾਂਕਿ ਅੰਗਰੇਜ਼ ਅਫ਼ਸਰ ਵਾੱਨ ਓਰਲਿਚ ਨੇ ਅਬਾਦੀ 50 ਲੱਖ, ਹੈਨਰੀ ਲਾਰੇਂਸ ਨੇ 15 ਲੱਖ, ਸਮਿੱਥ ਨੇ 50 ਲੱਖ ਅਤੇ ਫ਼ਕੀਰ ਸਈਅਦ ਵਾਹਉੱਦੀਨ ਨੇ 53 ਲੱਖ 50 ਹਜ਼ਾਰ ਦੱਸੀ ਹੈ। ਧਰਮ ਅਧਾਰਿਤ ਅਬਾਦੀ ਅਨੁਪਾਤ ਦੀ ਗੱਲ ਕਰੀਏ ਤਾਂ ਕੁੱਲ ਵਸੋਂ ਵਿੱਚੋਂ ਅੱਧੇ ਤੋਂ ਜ਼ਿਆਦਾ ਮੁਸਲਿਮ ਸਨ, ਜਦਕਿ ਦੋ-ਤਿਹਾਈ ਹਿੰਦੂ ਅਤੇ ਇੱਕ-ਤਿਹਾਈ ਸਿੱਖ ਸਨ।

 

ਖ਼ਾਲਸਾ ਰਾਜ ਵਿੱਚ ਹਰ ਤਰ੍ਹਾਂ ਦੇ ਮੌਸਮ ਸਨ। ਇੱਕ ਪਾਸੇ ਜਿੱਥੇ ਮੁਲਤਾਨ ਸੂਬੇ ਦੇ ਇਲਾਕਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੁੰਦੀ ਓਥੇ ਦੂਜੇ ਪਾਸੇ ਉਸੇ ਸਮੇਂ ਕਸ਼ਮੀਰ ਤੇ ਲਦਾਖ਼ ਦੇ ਪਹਾੜਾਂ ਉੱਪਰ ਬਰਫ਼ ਪੈ ਰਹੀ ਹੁੰਦੀ ਸੀ।

 

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ 8 ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਜਿਨ੍ਹਾਂ ਦੇ ਨਾਮ ਲਾਹੌਰ, ਜਲੰਧਰ, ਕਾਂਗੜਾ ਦੇ ਪਹਾੜੀ ਇਲਾਕੇ, ਜੰਮੂ, ਕਸ਼ਮੀਰ, ਪੇਸ਼ਾਵਰ, ਗੁਜਰਾਤ (ਵਜ਼ੀਰਾਬਾਦ) ਅਤੇ ਮੁਲਤਾਨ ਸਨ। ਹਰੇਕ ਸੂਬੇ ਨੂੰ ਅੱਗੋਂ ਪਰਗਣਿਆਂ ਵਿੱਚ ਵੰਡਿਆ ਹੁੰਦਾ ਸੀ ਅਤੇ ਪਰਗਣਿਆਂ ਨੂੰ ਅੱਗੇ ਤੁਅੱਲਕਾ ਵਿੱਚ। ਇੱਕ ਤੁਅੱਲਕਾ ਵਿੱਚ 50 ਤੋਂ 100 ਪਿੰਡ ਹੁੰਦੇ ਸਨ।

 

ਅਜੋਕੇ ਸਮੇਂ ਵਿੱਚ ਜਿਵੇਂ ਕਿਸੇ ਦੇਸ਼ ਵਿੱਚ ਰਾਸ਼ਟਰਪਤੀ ਦਾ ਅਹੁਦਾ ਹੁੰਦਾ ਹੈ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਉਹ ਮੁਕਾਮ ਰੱਖਦੇ ਸਨ। ਉਨ੍ਹਾਂ ਕੋਲ ਅਜੋਕੇ ਪ੍ਰਧਾਨ ਮੰਤਰੀ ਵਾਂਗ ਸਰਕਾਰ ਦੀਆਂ ਸਾਰੀਆਂ ਤਾਕਤਾਂ ਹੁੰਦੀਆਂ ਸਨ ਅਤੇ ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਵਾਂਗ ਵੀ ਸਾਰੀਆਂ ਤਾਕਤਾਂ ਰੱਖਦੇ ਸਨ।

 

ਇਸ ਸਭ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਵੀ ਇੱਕ ਡਿਕਟੇਟਰ ਵਾਂਗ ਵਿਵਹਾਰ ਨਹੀਂ ਕੀਤਾ। ਉਨ੍ਹਾਂ ਦਾ ਰਾਜ ਸਿੱਖ ਧਰਮ ਦੇ ਅਸੂਲਾਂ ਅਨੁਸਾਰ ‘ਹਲੀਮੀ ਰਾਜ’ ਸੀ ਅਤੇ ਉਹ ਆਪਣੇ ਆਪ ਨੂੰ ਪਰਜਾ ਦਾ ਸੇਵਕ ਸਮਝਦੇ ਸਨ। ਇੱਥੋਂ ਤੱਕ ਕਿ ਕੋਈ ਗ਼ਲਤੀ ਹੋਣ ’ਤੇ ਉਹ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਸੈਂਟਰਲ ਬਾਡੀ ਨੂੰ ਜੁਆਬਦੇਹ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਰਣਜੀਤ ਸਿੰਘ ਦਾ ਰਾਜ ਬਿਲਕੁਲ ਨਹੀਂ ਕਿਹਾ ਕਿਉਂਕਿ ਉਹ ਜਾਣਦੇ ਸਨ ਕਿ ਇਸ ਰਾਜ ਦੀ ਬੁਨਿਆਦ ਗੁਰੂ ਸਾਹਿਬਾਨ ਦੀਆਂ ਬਖ਼ਸ਼ੀਸ਼ਾਂ ਅਤੇ ਖ਼ਾਲਸੇ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਹੋਈ ਹੈ ਅਤੇ ਇਹੀ ਕਾਰਨ ਸੀ ਕਿ ਉਨ੍ਹਾਂ ਨੇ ਆਪਣੀ ਹਕੂਮਤ ਨੂੰ ‘ਸਰਕਾਰ-ਏ-ਖ਼ਾਲਸਾ ਜੀ’ ਦਾ ਨਾਮ ਦਿੱਤਾ ਸੀ। ਭਾਵ ਖ਼ਾਲਸਿਆਂ ਦਾ ਰਾਜ।

 

ਸਰਕਾਰ ਖ਼ਾਲਸਾ ਜੀ ਪੂਰੀ ਤਰ੍ਹਾਂ ਧਰਮ ਨਿਰਪੱਖ ਸੀ। ਅਸਲ ਵਿੱਚ ਸਿੱਖ ਧਰਮ ਦੇ ਅਸੂਲ ਹੀ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਜਮਾਂਦਾਰ ਖ਼ੁਸ਼ਹਾਲ ਸਿੰਘ, ਰਾਜਾ ਸੁਚੇਤ ਸਿੰਘ, ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼-ਉਦ-ਦੀਨ, ਫ਼ਕੀਰ ਨੀਰ-ੳਦ-ਦੀਨ ਅਤੇ ਵਿੱਤ ਮੰਤਰੀ ਦੀਵਾਨ ਦੀਨਾ ਨਾਥ ਸਨ। ਰਣਜੀਤ ਸਿੰਘ ਸਾਰੇ ਵਿਭਾਗਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਦੇ ਸਨ ਅਤੇ ਜਦ ਕਦੀ ਵੀ ਕੋਈ ਮੁਸ਼ਕਲ ਆਉਂਦੀ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੁਕਮਨਾਮਾ ਲੈ ਕੇ ਗੁਰੂ ਸਾਹਿਬ ਦੀ ਅਗਵਾਈ ਲੈਂਦੇ ਸਨ।

 

ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦਾ ਰਾਜ ਏਨਾ ਹਰਮਨ-ਪਿਆਰਾ ਕਿਉਂ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਜ਼ੁਬਾਨੀ ਹੀ ਜਾਣਿਆ ਜਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 5 ਮਈ 1830 ਨੂੰ ਇੱਕ ਪੱਤਰ ਰਾਹੀਂ ਮੇਜਰ ਲਾਰੰਸ (ਜਿਸ ਨੇ ਇੱਕ ਨਵੀਂ ਖ਼ਾਲਸਾ ਰਜਮੈਂਟ ਦਾ ਚਾਰਜ ਲਿਆ ਸੀ) ਨੂੰ ਆਪਣੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਦਾ ਸਾਰ ਹੇਠ ਲਿਖੇ ਸ਼ਬਦਾਂ ਵਿੱਚ ਲਿਖਿਆ ਸੀ, ਜੋ ਉਨ੍ਹਾਂ ਦੇ ਚਰਿੱਤਰ ਦਾ ਸ਼ੀਸ਼ਾ ਹੈ।

 

ਮਹਾਰਾਜਾ ਰਣਜੀਤ ਸਿੰਘ ਪੱਤਰ ਵਿੱਚ ਲਿਖਦੇ ਹਨ ਕਿ “ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ, ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ, ਪਹਿਲਾਂ ਇਹ ਛਿੰਨ-ਭਿੰਨ, ਟੁੱਟੀ-ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਿਤ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨੇਮਾਂ ਨੇ ਮੇਰੀ ਅਗਵਾਈ ਕੀਤੀ ਹੈ, ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਓਵੇਂ ਹੀ ਕੀਤਾ ਹੈ। ਮੈਂ ਇਹ ਰਾਜ-ਭਾਗ ਵਾਹਿਗੁਰੂ ਦੀ ਮਿਹਰ ਤੇ ਉਸਦੇ ਬਖ਼ਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫ਼ਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ, ਉਤਸ਼ਾਹਿਤ ਕੀਤਾ ਹੈ ਅਤੇ ਰਣਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖ਼ਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫ਼ੌਜ ਦੇ ਅੰਗ-ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖ਼ਲ ਹੋਣ ਦਿੱਤਾ ਹੈ। ਮੈਂ ਆਪਣੀ ਸੁੱਖ-ਸੁਵਿਧਾ ਵੱਲੋਂ ਸਦਾ ਬੇਧਿਆਨਾ ਰਿਹਾ ਹਾਂ ਤੇ ਸ਼ਹਿਨਸ਼ਾਹੀ ਖ਼ਿਲਅਤ ਪਹਿਨਣ ਦੇ ਨਾਲ-ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖ਼ਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫ਼ਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖ਼ਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਹੈ, ਉਨ੍ਹਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਲਈ ਦਿਆਲੂ ਰਹੇ ਹਨ ਤੇ ਉਸਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇੱਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ”।

 

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਿਖੇ ਪੱਤਰ ਦਾ ਇੱਕ-ਇੱਕ ਸ਼ਬਦ ਉਨ੍ਹਾਂ ਦੀ ਅਤੇ ਖ਼ਾਲਸਾ ਰਾਜ ਦੀ ਮਹਾਨਤਾ ਨੂੰ ਦਰਸਾਉਂਦਾ ਹੈ ਅਤੇ ਮੇਜਰ ਲਾਰੰਸ ਨੇ ਖ਼ੁਦ ਇਸ ਪੱਤਰ ਬਾਬਤ ਲਿਖਿਆ ਸੀ ਕਿ “ਇਹ ਕੇਵਲ ਪੱਤਰ ਨਹੀਂ, ਇਹ ਮਹਾਰਾਜੇ ਦੇ ਆਪਣੇ ਚਰਿੱਤਰ ਦਾ ਇੱਕ ਸ਼ੀਸ਼ਾ ਹੈ, ਜਿਸ ਵਿੱਚ ਰਣਜੀਤ ਸਿੰਘ ਦਾ ਆਪਣੇ ਆਪ ਬਾਬਤ ਦਿੱਤਾ ਹੋਇਆ ਇਹ ਬਿਆਨ ਇੱਕ ਮਹੱਤਵਪੂਰਨ ਨਿਰਨਾ ਹੈ ਜੋ ਕਿ ਇਤਿਹਾਸਕ ਤੇ ਯਾਦਗਾਰੀ ਪੱਤਰ ਬਣ ਕੇ ਰਹਿ ਗਿਆ ਹੈ”।

 

ਮਹਾਰਾਜਾ ਰਣਜੀਤ ਸਿੰਘ ਏਨੇ ਕਾਬਲ ਸਨ ਕਿ ਸੰਸਾਰ ਭਰ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਬਹਾਦਰ ਅਤੇ ਯੋਗ ਹੁਕਮਰਾਨ ਮੰਨਦੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਖ਼ਾਲਸਾ ਰਾਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲੇ ਪਰ ਅਫ਼ਸੋਸ ਮਹਾਰਾਜੇ ਦੀ ਮੌਤ ਦੇ ਨਾਲ ਹੀ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ ਅਤੇ ਮਹਾਰਾਜੇ ਦੇ ਜਾਣ ਤੋਂ ਬਾਅਦ 10 ਸਾਲਾਂ ਵਿਚ ਏਨੀ ਤੇਜ਼ੀ ਨਾਲ ਕਈ ਘਟਨਾਵਾਂ ਵਾਪਰ ਗਈਆਂ ਜਿੰਨੀਆਂ 10 ਯੁੱਗਾਂ ਵਿੱਚ ਵਾਪਰਦੀਆਂ ਹਨ। ਦੇਖਦਿਆਂ ਹੀ ਦੇਖਦਿਆਂ ਸਰਕਾਰ-ਏ-ਖ਼ਾਲਸਾ ਦਾ ਰਾਜ ਇਤਿਹਾਸ ਬਣ ਕੇ ਰਹਿ ਗਿਆ।

ਸਰਕਾਰ-ਏ-ਖ਼ਾਲਸਾ ਜੋ ਕਿ ਇੱਕ ਵਿਸ਼ਾਲ ਰਾਜ ਸੀ ਅਤੇ ਇਹ ਅਸਲ ਵਿੱਚ ਪੰਜਾਬੀਆਂ ਦਾ ਆਪਣਾ ਰਾਜ ਸੀ। ਇਸ ਰਾਜ ਵਿੱਚ ਹਰ ਕੋਈ ਖ਼ੁਸ਼ਹਾਲ ਸੀ ਅਤੇ ਪੰਜਾਬ ਨੇ ਪਹਿਲੀ ਵਾਰ ਅਮਨ-ਸ਼ਾਂਤੀ ਤੇ ਹਲੀਮੀ ਰਾਜ ਦਾ ਅਨੰਦ ਮਾਣਿਆ ਸੀ। ਇਹੀ ਕਾਰਨ ਹੈ ਕਿ ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਸੁਨਹਿਰੀ ਦੌਰ ਦੱਸਦੇ ਹੋਏ ਉਸਦੇ ਰਾਜ ਦੀਆਂ ਬਾਤਾਂ ਪਾਉਂਦੇ ਹਨ।

 

13 ਨਵੰਬਰ ਨੂੰ ਵੱਡੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।

 

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ