ਜਰਮਨ 9 ਸਤੰਬਰ (ਖਿੜਿਆ ਪੰਜਾਬ) ਯੂਰਪ ਲੇਵਲ ਦੀ ਸਾਂਝੀ ਜਥੇਬੰਦੀ ਦਾ ਸਪੇਨ ਦੀ ਧਰਤੀ ਤੇ ਪਲੇਟਫਾਰਮ ਉਸਾਰਨ ਸੰਬਧੀ ਜਥੇਬੰਦੀ ਦੇ ਬੋਰਡ ਮੈਂਬਰਾਂ ਦੀ ਅਗਵਾਈ ਹੇਠ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇਕ ਮਹੱਤਵਪੂਰਨ ਕਾਨਫ਼ਰੰਸ ਆਯੋਜਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਿਆ। ਇਸ ਕਾਨਫ਼ਰੰਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ ਇਕ ਸਾਂਝੀ ਜਥੇਬੰਦੀ ਉਸਾਰਨਾ ਹੈ ਜੋ ਕਿ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਅੰਦਰ ਅਪਣੇ ਸੈਂਟਰ ਖੋਲ੍ਹੇਗੀ ਅਤੇ ਜਿਸ ਦੁਆਰਾ ਯੂਰਪ ਅੰਦਰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਦੇ ਨਾਲ ਨਾਲ ਸਿੱਖ ਬੱਚਿਆਂ ਨੂੰ ਗੁਰਬਾਣੀ, ਸਿੱਖ ਵਿਰਾਸਤ, ਪੰਜਾਬੀ ਭਾਸ਼ਾ ਦੇ ਨਾਲ ਨਾਲ ਉਨ੍ਹਾਂ ਨੂੰ ਖੇਡਾਂ ਅੰਦਰ ਉਤਸ਼ਾਹਤ ਕਰਨ ਲਈ ਵੀ ਵਚਨਬੱਧ ਹੋਵੇਗੀ ਜਿਸ ਨਾਲ ਇਨ੍ਹਾਂ ਦੇਸ਼ਾਂ ਅੰਦਰ ਇਕ ਸਾਕਾਰਤਮਕ ਪਹਿਚਾਣ ਬਣਾਉਣ ਲਈ ਵਚਨਬੱਧ ਰਹੇਗੀ।
ਯੂਰਪ ਅੰਦਰ ਤੇਜ਼ੀ ਨਾਲ ਬਦਲ ਰਹੇ ਸਿਆਸੀ ਪਰਿਪੇਖ ਦੀ ਨਬਜ਼ ਨੂੰ ਸਮਝਦੇ ਹੋਏ ਜਥੇਬੰਦੀ ਲੋਕਲ ਸਿਆਸਤ ਤੋਂ ਲੈ ਕੇ ਨੈਸ਼ਨਲ ਲੇਵਲ ਦੀ ਸਿਆਸਤ ਅੰਦਰ ਸਿੱਖਾਂ ਨੌਜਵਾਨ ਬੱਚੇ-ਬੱਚੀਆਂ ਨੂੰ ਸਿਆਸਤ ਅੰਦਰ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ ਤਾਕਿ ਸਿੱਖਾਂ ਦੀ ਦਿੱਖ ਜਾਂ ਪਹਿਚਾਣ ਸਿਆਸੀ ਪੱਧਰ ਤੇ ਉਭਰ ਕੇ ਆਵੇ ਅਤੇ ਸਾਨੂੰ ਸਾਡੀ ਗੁਆਂਢੀ ਕੌਮ ਨਾਲ ਰਲਗੱਡ ਕਰ ਕੇ ਨਾ ਦੇਖਿਆ ਜਾਵੇ
ਜਥੇਬੰਦੀ ਧਾਰਮਕ ਪ੍ਰੋਗਰਾਮਾਂ ਸਬੰਧੀ ਪੂਰੀ ਤਰ੍ਹਾਂ ਸਮਰਪਿਤ ਰਹੇਗੀ ਅਤੇ ਸਿੱਖ ਸੈਮੀਨਾਰ, ਕਾਨਫ਼ਰੰਸ, ਸੰਵਾਦ ਲਗਾਤਾਰ ਆਯੋਜਤ ਕਰਵਾਇਆ ਕਰੇਗੀ ਜਿਸ ਰਾਹੀਂ ਨਿਰੋਲ ਸਿੱਖੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਵਾਇਆ ਜਾ ਸਕੇ। ਯੂਰਪ ਦੇ ਕਈ ਦੇਸ਼ਾਂ ਤੋਂ ਸਿੱਖ ਨੁਮਾਇੰਦਿਆਂ ਨੇ ਸਪੇਨ ਵਿੱਚ ਇਕ ਮਹੱਤਵਪੂਰਨ ਕਾਨਫ਼ਰੰਸ ਵਿੱਚ ਹਿੱਸਾ ਲਿਆ ਜਿਸ ਵਿੱਚ Sikh Center Europe (SCE) ਦੀ ਅਧਿਕਾਰਕ ਘੋਸ਼ਣਾ ਕੀਤੀ ਗਈ। ਇੰਗਲੈਂਡ, ਜਰਮਨੀ, ਸਵੀਡਨ ਤੇ ਡੈਨਮਾਰਕ ਤੋਂ ਆਏ ਸਿੱਖ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਮੂਲੀਅਤ ਕਰਨ ਵਾਲੇ ਪ੍ਰਮੁੱਖ ਆਗੂਆਂ ਅਤੇ ਬੋਰਡ ਮੈਂਬਰਾਂ ਅੰਦਰ ਮਨਜੀਤ ਸਿੰਘ (ਸਪੇਨ), ਗੁਰਲਾਲ ਸਿੰਘ (ਸਪੇਨ), ਗੁਰਦੀਪ ਸਿੰਘ ਜਰਮਨੀ, ਨਿਰਮਲ ਸਿੰਘ ਹੰਸਪਾਲ (ਜਰਮਨੀ),ਰਣਜੀਤ ਸਿੰਘ ਜਰਮਨੀ, ਪ੍ਰਭਦੀਪ ਸਿੰਘ (ਯੂਕੇ),ਦਰਸ਼ਨ ਸਿੰਘ ਸਵੀਡਨ, ਸੁਬੇਗ ਸਿੰਘ. ਡੈਨਮਾਰਕ, ਗੁਰਵਿੰਦਰ ਸਿੰਘ (ਯੂਕੇ) ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









