👉 ਜ਼ੇਕਰ ਆਰਐਸਐਸ ਨੂੰ ਮਾਰਚ ਦੀ ਇਜਾਜ਼ਤ ਮਿਲੀ ਤਾਂ ਤਾਮਿਲਨਾਡੂ ’ਚ ‘ਨਿਹੰਗ ਸਿੰਘ ਰੈਲੀ’ ਨਾਲ ਦਿੱਤਾ ਜਾਵੇਗਾ ਜਵਾਬ
ਨਵੀਂ ਦਿੱਲੀ 23 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਤਾਮਿਲ ਸਿੱਖ ਸੰਗਤ ਦੇ ਪ੍ਰਧਾਨ ਐਡਵੋਕੇਟ ਸੇਲਵਾ ਸਿੰਘ ਨੇ ਤਾਮਿਲਨਾਡੂ ਦੇ ਡੀਜੀਪੀ ਨੂੰ ਪਟੀਸ਼ਨ ਭੇਜ ਕੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਰਐਸਐਸ ਵੱਲੋਂ ਕੱਢੇ ਜਾਣ ਵਾਲੇ ਯੂਨੀਫਾਰਮ ਮਾਰਚਾਂ ਅਤੇ ਜਲੂਸਾਂ ਨੂੰ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਤਾਮਿਲਨਾਡੂ ਦੀ ਧਰਮ-ਨਿਰਪੱਖਤਾ, ਸਮਾਜਿਕ ਨਿਆਂ ਅਤੇ ਸਮਾਜਿਕ ਸਦਭਾਵਨਾ ਵਾਲੀ ਵਿਲੱਖਣ ਪਹਿਚਾਣ ਨੂੰ ਕਾਇਮ ਰੱਖਣਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ। ਸੰਗਤ ਨੇ ਸੰਵਿਧਾਨ ਦੇ ਆਰਟੀਕਲ 19(1)(ਬੀ) ਅਤੇ 19(3) ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੱਥੇ ਸ਼ਾਂਤਮਈ ਇਕੱਠ ਦਾ ਅਧਿਕਾਰ ਹੈ, ਉੱਥੇ ਜਨਤਕ ਅਮਨ ਅਤੇ ਕਾਨੂੰਨ-ਵਿਵਸਥਾ ਦੇ ਹਿੱਤ ਵਿੱਚ ਵਾਜਬ ਪਾਬੰਦੀਆਂ ਲਗਾਉਣ ਦਾ ਅਧਿਕਾਰ ਵੀ ਸਰਕਾਰ ਕੋਲ ਹੈ। ਪਟੀਸ਼ਨ ਵਿੱਚ ਯੂਨੀਫਾਰਮਧਾਰੀ, ਫੌਜੀ ਅੰਦਾਜ਼ ਵਾਲੇ ਮਾਰਚਾਂ ਨੂੰ ਘੱਟਗਿਣਤੀਆਂ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਵਿੱਚ ਡਰ ਜਾਂ ਵੰਡ ਦੀ ਭਾਵਨਾ ਪੈਦਾ ਕਰਨ ਵਾਲਾ ਸੰਭਾਵਿਤ ਕਾਰਕ ਦੱਸਦਿਆਂ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਸਮਾਜਿਕ ਪ੍ਰਭਾਵ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਤਾਮਿਲ ਸਿੱਖ ਸੰਗਤ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਸੰਗਠਨ ਨੂੰ ਜਨਤਕ ਮਾਰਚ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਸ ਦੀ ਕਾਨੂੰਨੀ ਸਥਿਤੀ, ਰਜਿਸਟ੍ਰੇਸ਼ਨ ਅਤੇ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਦੀ ਪੂਰੀ ਜਾਂਚ ਕੀਤੀ ਜਾਵੇ। ਸੰਗਤ ਨੇ ਕਿਹਾ ਕਿ ਅਜਿਹੇ ਮਾਰਚਾਂ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਨ ਨਾਲ ਪੁਲਿਸ ਦੇ ਸਰੋਤਾਂ ’ਤੇ ਵਾਧੂ ਬੋਝ ਪੈ ਸਕਦਾ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਪਟੀਸ਼ਨ ਦੇ ਅਖੀਰ ਵਿੱਚ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਇਸ ਦੇ ਬਾਵਜੂਦ ਆਰਐਸਐਸ ਨੂੰ ਮਾਰਚਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਤਾਮਿਲ ਸਿੱਖ ਸੰਗਤ ਹੋਰ ਪ੍ਰਗਤੀਸ਼ੀਲ ਸੰਗਠਨਾਂ ਨਾਲ ਮਿਲ ਕੇ ਕਾਨੂੰਨ ਦੇ ਦਾਇਰੇ ਵਿੱਚ ‘ਨਿਹੰਗ ਸਿੰਘ ਰੈਲੀ’ ਕੱਢਣ ਲਈ ਮਜਬੂਰ ਹੋਵੇਗੀ। ਸੰਗਤ ਨੇ ਕਿਹਾ ਕਿ ਇਸ ਰੈਲੀ ਦਾ ਉਦੇਸ਼ ਵੰਡਪਾਊ ਰੁਝਾਨਾਂ ਦਾ ਵਿਰੋਧ ਕਰਨਾ ਅਤੇ ਤਾਮਿਲਨਾਡੂ ਵਿੱਚ ਸਮਾਜਿਕ ਸਦਭਾਵਨਾ, ਬਰਾਬਰੀ, ਧਰਮ-ਨਿਰਪੱਖਤਾ ਅਤੇ ਅਮਨ ਦੀ ਆਵਾਜ਼ ਬੁਲੰਦ ਕਰਨਾ ਹੋਵੇਗਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








