ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ। ਇਹਨਾਂ ਸਮਾਗਮਾਂ ਵਿਚ ਰਾਗੀ ਸਿੰਘਾਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮੁੱਖ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹੋਇਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਤੇ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਉਹਨਾਂ ਕਿਹਾ ਕਿ ਗੁਰੂ ਦੇ ਲੜ ਲੱਗ ਕੇ ਹੀ ਅੱਜ ਸਮੁੱਚੀ ਕੌਮ ਤਰੱਕੀ ਕਰ ਰਹੀ ਹੈ ਤੇ ਸਾਰੀ ਦੁਨੀਆਂ ਵਿਚ ਸਿੱਖ ਆਪਣੀਆਂ ਪ੍ਰਾਪਤੀਆਂ ਦੇ ਲੋਹੇ ਮੰਨਵਾ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਆਰੰਭ ਨਹੀਂ ਕੀਤੇ, ਉਹ ਜਲਦੀ ਤੋਂ ਜਲਦੀ ਆਰੰਭ ਕਰਨ। ਉਹਨਾਂ ਕਿਹਾ ਕਿ ਸਹਿਜ ਪਾਠਾਂ ਦੀ ਲੜੀ ਦੀ ਸਮਾਪਤੀ 25 ਨਵੰਬਰ ਨੂੰ ਲਾਲ ਕਿਲ੍ਹੇ ’ਤੇ ਕੀਤੀ ਜਾਵੇਗੀ। ਉਹਨਾਂ ਕਿਹਾ ਮੁੜ ਦੁਹਰਾਇਆ ਕਿ ਜਿਹਨਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚਾਹੀਦੇ ਹਨ ਜਾਂ ਸੈਂਚੀਆਂ ਚਾਹੀਦੀਆਂ ਹਨ, ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਨਾਲ ਸੰਪਰਕ ਕਰਨ, ਸੰਗਤਾਂ ਨੂੰ ਇਹ ਉਪਲਬਧ ਕਰਵਾਏ ਜਾਣਗੇ। ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਸਰਬ ਧਰਮ ਸੰਮੇਲਨ 20 ਸਤੰਬਰ ਨੂੰ ਦਿੰਲੀ ਵਿਚ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਤੂਬਰ ਮਹੀਨੇ ਵਿਚ ਸੈਮੀਨਾਰ ਤੇ ਹੋਰ ਪ੍ਰੋਗਰਾਮ ਹੋਣਗੇ ਅਤੇ ਨਵੰਬਰ ਮਹੀਨੇ ਵਿਚ 13 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਲਗਾਤਾਰ ਸਮਾਗਮ ਹੋਣਗੇ ਜਿਹਨਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਮਨਾਏ ਜਾਣਗੇ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਅਮਰੀਕਾ ਵਿਚ ਸਿੱਖ ਨੌਜਵਾਨ ਦੀ ਸੜਕ ਹਾਦਸੇ ਵਿਚ ਗ੍ਰਿਫਤਾਰੀ ਮਗਰੋਂ ਦੇ ਹਾਲਾਤ ਦੀ ਗੱਲ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਸੜਕ ਹਾਦਸੇ ਵਿਚ ਕਿਸੇ ਦੀ ਵੀ ਜਾਨ ਜਾਣਾ ਮੰਦਭਾਗਾ ਹੈ ਪਰ ਜਿਸ ਤਰੀਕੇ ਗ੍ਰਿਫਤਾਰੀ ਤੋਂ ਬਾਅਦ ਸਿੱਖ ਨੌਜਵਾਨ ਨੂੰ ਨੰਗੇ ਸਿਰ ਰੱਖਿਆ ਗਿਆ ਤੇ ਜਿਵੇਂ ਉਸਦੀ ਵੀਡੀਓ ਵਾਇਰਲ ਹੋ ਰਹੀਆਂ ਹਨ, ਉਹ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ ’ਤੇ ਸੋਸ਼ਲ ਮੀਡੀਆ ’ਤੇ ਇਕ ਲਹਿਰ ਚਲਾਈ ਜਾਵੇ ਤਾਂ ਜੋ ਅਮਰੀਕਾ ਸਰਕਾਰ ਇਸ ਨੌਜਵਾਨ ਨੂੰ ਘੱਟ ਤੋਂ ਘੱਟ ਸਜ਼ਾ ਦੇਣ ਵਾਸਤੇ ਮਜਬੂਰ ਹੋਵੇ। ਉਹਨਾਂ ਕਿਹਾ ਕਿ ਬੇਸ਼ੱਕ ਸੜਕ ਹਾਦਸੇ ਵਿਚ ਨੌਜਵਾਨ ਦੀ ਗਲਤੀ ਹੋਵੇ ਪਰ ਉਸਨੂੰ ਇੰਨੀ ਭਾਰੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਉਸਦੀ ਜ਼ਿੰਦਗੀ ਹੀ ਖ਼ਤਮ ਹੋ ਜਾਵੇ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।