ਚੰਡੀਗੜ੍ਹ 13 ਅਗਸਤ (ਖਿੜਿਆ ਪੰਜਾਬ)
ਸਿੱਖੀ ਸਿਧਾਂਤਾਂ ਦੀ ਰੱਖਿਆ ਕਰਦਿਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਸਮਰਪਿਤ ਸਮੂਹ ਮਿਸ਼ਨਰੀ ਕਾਲਜਾਂ ਦੀ ਪੰਜਵੀਂ ਸਾਂਝੀ ਵਿਚਾਰ ਗੋਸ਼ਟੀ ਅੱਜ 13 ਅਗਸਤ 2025 ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਬੰਧ ਹੇਠ ਚੰਡੀਗੜ੍ਹ ਸੈਕਟਰ 34-D ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਸੰਪੂਰਨ ਹੋਈ।
ਵਿਚਾਰ ਗੋਸ਼ਟੀ ਵਿੱਚ ਸਿੱਖ ਕੌਮ ਦੇ ਮਸ਼ਹੂਰ ਵਿਦਵਾਨਾਂ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਚੁਣੇ ਹੋਏ ਵਿਸ਼ਿਆਂ ’ਤੇ ਡੂੰਘੇ ਵਿਚਾਰ ਸਾਂਝੇ ਕੀਤੇ। ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ “ਸਿੱਖ ਰਹਿਤ ਮਰਿਆਦਾ” ਦੀ ਮਹੱਤਤਾ ਬਾਰੇ ਵਿਆਖਿਆ ਕੀਤੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਨੇ “ਗੁਰਬਾਣੀ ਪਾਠ ਬਨਾਮ ਅਜੋਕੀਆਂ ਗਤੀਵਿਧੀਆਂ” ਵਿਸ਼ੇ ਤੇ ਗੱਲ ਕਰਦਿਆਂ ਗੁਰਬਾਣੀ ਪੜ੍ਹਨ ਤੇ ਸੁਣਨ ਦੇ ਅਸਲੀ ਮਕਸਦ ਨੂੰ ਸਾਹਮਣੇ ਰੱਖਿਆ ਅਤੇ ਰਹਿਤ ਮਰਿਆਦਾ ਤੋਂ ਉਲਟ ਚੱਲ ਰਹੀਆਂ ਕੁਝ ਫੋਕੀਆਂ ਵਿਧੀਆਂ ਬਾਰੇ ਸੰਗਤ ਨੂੰ ਸੁਚੇਤ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਗੁਰਦੁਆਰਿਆਂ ਦੀਆਂ ਸਟੇਜਾਂ ’ਤੇ ਮਨਮਤ ਦੇ ਫੈਲਾਅ ਤੋਂ ਬਚਣਾ ਜਰੂਰੀ ਹੈ।
ਗਿਆਨੀ ਪਰਵਿੰਦਰ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੰਗਤ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਤੁਰਨ ਲਈ ਪ੍ਰੇਰਿਤ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਤਾਂ ਕਲਾਂ ਦੇ ਪ੍ਰਿੰਸੀਪਲ ਭਾਈ ਮਨਿੰਦਰਪਾਲ ਸਿੰਘ ਜੀ ਨੇ “ਪਰਿਵਾਰਕ ਰਿਸ਼ਤੇ ਨਿਭਾਉਣ ਦੀਆਂ ਗੁਰਮਤਿ ਸੇਧਾਂ” ਬਾਰੇ ਵਿਚਾਰ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਆਪਣੇ ਰਿਸ਼ਤਿਆਂ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ।
ਭਾਈ ਚਰਨਜੀਤ ਸਿੰਘ ਨੇ ਸਟੇਜ ਸੰਭਾਲਦਿਆਂ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸਮੂਹ ਮਿਸ਼ਨਰੀ ਕਾਲਜਾਂ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਜੀ ਤੇ ਦਿੱਲੀ ਕਮੇਟੀ ਵੱਲੋਂ ਕੀਤੀ FRI ਦੀ ਸਖ਼ਤ ਨਿੰਦਾ ਕਰਦੇ ਹੋਏ ਮਤਾ ਪਾਸ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ, ਇਹ ਪੰਜਵੀਂ ਸਾਂਝੀ ਵਿਚਾਰ ਗੋਸ਼ਟੀ ਆਪਣੇ ਸਾਰਥਿਕ ਪ੍ਰਭਾਵ ਨਾਲ ਸੰਪੂਰਨ ਹੋਈ, ਜਿਸ ਵਿੱਚ ਸਾਰੇ ਕਾਲਜਾਂ ਦੇ ਪ੍ਰਬੰਧਕ, ਸੈਂਕੜੇ ਵਿਦਿਆਰਥੀ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।