ਫਰੈਂਕਫਰਟ (ਜਰਮਨੀ) – ਚਾਰ ਸਾਹਿਬਜ਼ਾਦਿਆਂ ਮਾਤਾ ਗੁਜ਼ਰ ਕੌਰ ਜੀ ਅਤੇ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਉਣ ਲਈ 7 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ। ਸ ਗੁਰਚਰਨ ਸਿੰਘ ਗੁਰਾਇਆਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਕੈਂਪ ਦੀ ਰਜਿਸ਼ਟ੍ਰੇਸ਼ਨ ਔਨਲਾਈਨ ਕਰਵਾਈ ਗਈ ਸੀ ਜਿਸ ਵਿੱਚ ਕੁੱਲ 90 ਵਿਦਿਆਰਥੀਆਂ ਨੇ ਦਾਖਲਾ ਲਿਆ। ਇਹਨਾਂ ਵਿਦਿਆਰਥੀਆਂ ਦੇ ਉਮਰ ਮੁਤਾਬਕ 4 ਵਰਗ ਬਣਾਏ ਗਏ, ਬੱਚਿਆਂ ਦੇ ਉਮਰ ਵਰਗ ਅਨੁਸਾਰ ਹੀ ਉਹਨਾਂ ਨੂੰ ਸਿੱਖ ਇਤਿਹਾਸ, ਗੁਰ ਇਤਿਹਾਸ, ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਸਿੱਖ ਧਰਮ ਦੀ ਫ਼ਿਲਾਸਫ਼ੀ ਆਦਿ ਵਿਸ਼ਿਆਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਦੇ ਨਾਲ ਨਾਲ ਹਾਜ਼ਿਰ ਮਾਪਿਆਂ ਅਤੇ ਸੰਗਤਾਂ ਨੇ ਵੀ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ। ਇਸ ਕੈਂਪ ਵਿੱਚ ਬੱਚਿਆਂ ਨੂੰ ਕਵਿਤਾਵਾਂ,ਕਵੀਸ਼ਰੀ ਅਤੇ ਭਾਸ਼ਣ ਦੀ ਪੇਸ਼ਕਾਰੀ ਕਰਨ ਲਈ ਤਿਆਰੀ ਵੀ ਕਰਵਾਈ ਗਈ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦਾ ਇਮਤਿਹਾਨ ਲਿਆ ਗਿਆ ਜਿਸ ਵਿੱਚ ਬੱਚਿਆਂ ਨੇ ਬਹੁਤ ਵਧੀਆ ਕਾਰ ਗੁਜ਼ਾਰੀ ਦਿਖਾਈ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਅਤੇ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਪ੍ਰਚਾਰਕ ਭਾਈ ਜਗਜੀਤ ਸਿੰਘ ਚੀਮਾਂ, ਭਾਈ ਕੁਲਵਿੰਦਰ ਸਿੰਘ ਸਭਰਾ, ਭਾਈ ਚਮਕੌਰ ਸਿੰਘ ਸਭਰਾ ਅਤੇ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਬਾਖ਼ੂਬੀ ਢੰਗ ਨਾਲ ਨਿਭਾਈ। ਇਸ ਕੈਂਪ ਦਾ ਮਕਸਦ ਬੱਚਿਆਂ ਨੂੰ ਸਾਹਿਬਜ਼ਾਦਿਆਂ ਅਤੇ ਸਮੂੰਹ ਸ਼ਹੀਦਾਂ ਦੇ ਜੀਵਨ ਦਰਸ਼ਨ ਕਰਵਾਉਣਾ, ਅਤੇ ਸ਼ਹਾਦਤਾਂ ਵਿਚੋਂ ਮਿਲੇ ਪੈਗ਼ਾਮ ਅਤੇ ਪ੍ਰੇਰਨਾਵਾਂ ਤੋਂ ਜਾਣੂ ਕਰਵਾਉਣਾ ਸੀ ਜੋ ਕਿ ਸਫ਼ਲਤਾ ਪੂਰਵਕ ਪੂਰਾ ਹੋ ਗਿਆ। ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਅਨੂਪ ਸਿੰਘ ਅਤੇ ਗੁਰਚਰਨ ਸਿੰਘ ਗੁਰਾਇਆਂ ਜੀ ਨੇ ਸਮੂੰਹ ਬੱਚਿਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।