ਅੰਮ੍ਰਿਤਸਰ, 23 ਦਸੰਬਰ (ਖਿੜਿਆ ਪੰਜਾਬ): ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਨਮਾਨ ਸਮਾਗਮ ਗੁਰਦੁਆਰਾ ਸਿੰਘ ਸਭਾ, ਪ੍ਰੀਤ ਨਗਰ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਢਾਡੀ ਬਲਬੀਰ ਸਿੰਘ ਗੁੱਜਰਪੁਰਾ ਤੇ ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ ਨੇ ਜੋਸ਼ੀਲਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ. ਇਮਾਨ ਸਿੰਘ ਮਾਨ (ਸਪੁੱਤਰ ਸਿਮਰਨਜੀਤ ਸਿੰਘ ਮਾਨ), ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਪੰਥਕ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ ਅਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਉਹਨਾਂ ਦੱਸਿਆ ਕਿ ਇਹ ਸਮਾਗਮ ਭਾਈ ਐੱਮ.ਐੱਸ. ਮੁਲਤਾਨੀ (ਨਿਊਯਾਰਕ, ਯੂ.ਐੱਸ.ਏ.) ਦੇ ਸਹਿਯੋਗ ਨਾਲ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਵੱਲੋਂ ਅਰੰਭੇ ਸੰਘਰਸ਼ ਨੂੰ ਜਾਰੀ ਰੱਖਿਆ ਜਾਏਗਾ, ਸ਼ਹੀਦਾਂ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦੇਣਾ ਅਤੇ ਕੌਮੀ ਘਰ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਾਕਾਰ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭਾਰਤੀ ਹਕੂਮਤ ਲਗਾਤਾਰ ਸਿੱਖਾਂ ਉੱਤੇ ਜ਼ੁਲਮ ਕਰ ਰਹੀ ਹੈ, ਵਿਦੇਸ਼ਾਂ ਵਿੱਚ ਹੋਏ ਸਿੱਖਾਂ ਦੇ ਕਤਲ ਇਸ ਗੱਲ ਦੀ ਗਵਾਹੀ ਭਰਦੇ ਹਨ। ਉਹਨਾਂ ਕਿਹਾ ਕਿ ਸ਼ਹੀਦਾਂ ਦਾ ਕੌਮੀ ਘਰ ਖ਼ਾਲਿਸਤਾਨ ਦਾ ਸੁਪਨਾ ਛੇਤੀ ਹੀ ਸਾਕਾਰ ਹੋ ਰਿਹਾ ਹੈ। ਸਮਾਗਮ ‘ਚ 21 ਸ਼ਹੀਦਾਂ ਦੇ ਪਰਿਵਾਰਾਂ ਤੇ ਪੰਥਕ ਯੋਧਿਆਂ ਦਾ ਦਸ-ਦਸ ਹਜ਼ਾਰ ਰੁਪਏ ਨਗਦ ਰਾਸ਼ੀ, ਸਿਰੋਪਾਓ ਤੇ ਸ਼ੀਲਡਾਂ ਨਾਲ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੇ ਭਰਾ ਪਵਨ ਸਿੰਘ, ਸ਼ਹੀਦ ਮੁਖਤਿਆਰ ਸਿੰਘ ਕਾਲੇਕੇ ਉਤਾੜ ਦੀ ਭੈਣ ਕੁਲਦੀਪ ਕੌਰ, ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਦੇ ਭਰਾ ਕੁਲਵੰਤ ਸਿੰਘ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ ਦੀ ਸੁਪਤਨੀ ਕੁਲਵਿੰਦਰ ਕੌਰ, ਸ਼ਹੀਦ ਲਖਬੀਰ ਸਿੰਘ ਬੱਬਰ ਦੀ ਸੁਪਤਨੀ ਸਵਿੰਦਰ ਕੌਰ, ਸ਼ਹੀਦ ਰਸਾਲ ਸਿੰਘ ਆਰਫਕੇ ਦੇ ਸਪੁੱਤਰ ਨਿਰਮਲ ਸਿੰਘ, ਸ਼ਹੀਦ ਸੁਖਦੇਵ ਸਿੰਘ ਆਰਫਕੇ ਦੇ ਭਰਾ ਕੁਲਵੰਤ ਸਿੰਘ, ਸ਼ਹੀਦ ਬਲਦੀਪ ਸਿੰਘ ਫੂਲ ਬੱਬਰ ਦੇ ਭਰਾ ਹਰਜਿੰਦਰਪਾਲ ਸਿੰਘ, ਸ਼ਹੀਦ ਸਤਵੰਤ ਸਿੰਘ ਸੋਢੀ ਚੁਗਾਵਾਂ ਦੇ ਭਰਾ ਸਤਨਾਮ ਸਿੰਘ, ਸ਼ਹੀਦ ਬਲਜੀਤ ਸਿੰਘ ਵੱਡਾਘਰ ਦੇ ਭਰਾ ਜਗਰੂਪ ਸਿੰਘ, ਸ਼ਹੀਦ ਕੇਹਰ ਸਿੰਘ ਦੇ ਪੋਤਰੇ ਬਿਕਰਮ ਸਿੰਘ, ਸ਼ਹੀਦ ਹਰਚੰਦ ਸਿੰਘ ਮੁਲਤਾਨੀ ਦੇ ਭਰਾ ਨਿਰਮਲ ਸਿੰਘ, ਜੁਝਾਰੂ ਰਵੇਲ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਜਾਗੋਵਾਲ, ਲਖਬੀਰ ਸਿੰਘ ਡਡਿਆਣਾ, ਖਜਾਨ ਸਿੰਘ ਕਾਦੀਆਂ, ਸਤਵੰਤ ਸਿੰਘ ਮਾਣਕ, ਬਲਵਿੰਦਰ ਸਿੰਘ ਧਰਮੀ ਫੌਜੀ, ਜਸਵੰਤ ਸਿੰਘ ਧਰਮੀ ਫੌਜੀ, ਪੰਥਕ ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ, ਗਗਨਦੀਪ ਸਿੰਘ ਸੁਲਤਾਨਵਿੰਡ ਸ਼ਾਮਲ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।