ਨਵੀਂ ਦਿੱਲੀ 12 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ‘ਕੌਰਨਾਮਾ-2’ ਕੇ.ਸੀ.ਐਫ. ਦੇ ਦੂਜੇ ਮੁਖੀ ਜਨਰਲ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਇਤਿਹਾਸਕ ਧਰਤੀ ਪੰਜਵੜ੍ਹ ਤੋਂ ਜਾਰੀ ਕੀਤੀ ਗਈ। ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਵੱਲੋਂ ਆਰੰਭ ਕਰਵਾਈ ਤੇ ਖਾਲਸਤਾਨੀ ਚਿੰਤਕ ਭਾਈ ਦਲਜੀਤ ਸਿੰਘ ਦੀ ਅਗਵਾਈ ’ਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਇਹ ਕਿਤਾਬ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਦੇ ਵਾਰਸਾਂ ਤੇ ਬੀਬੀਆਂ ਵੱਲੋਂ ਸੰਗਤਾਂ ਦੇ ਸਨਮੁੱਖ ਕੀਤੀ ਗਈ। ਇਸ ਮੌਕੇ ਬੋਲਦਿਆ ਭਾਈ ਦਲਜੀਤ ਸਿੰਘ ਖਾਲਸਾ ਜੀ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਲਈ ਯਤਨ ਜਾਰੀ ਰੱਖਣ ਪ੍ਰਤੀ ਆਸਾਵੰਦ ਹੁੰਦਿਆ ਕਿਹਾ ਕਿ ਹੁਣ ਸਮਾਂ ਇਕੱਲੇ ਇਕੱਲੇ ਖਾੜਕੂ ਸਿੰਘ ਤੇ ਸਿੰਘਣੀ ਦੀ ਕੁਰਬਾਨੀ ਤੇ ਪ੍ਰਾਪਤੀਆਂ ਨੂੰ ਸਾਂਭਣ ਦਾ ਹੈ। ਉਹਨਾਂ ਖਾਲਸਾ ਰਾਜ ਦੇ ਸੰਕਲਪ ਨੂੰ ਸਪੱਸਟ ਕਰਦਿਆ ਕਿਹਾ ਕਿ ਇਹ ਸਾਰੀਆਂ ਕੁਰਬਾਨੀਆਂ ਖਾਲਸਤਾਨ ਦੀ ਸਥਾਪਨਾ ਲਈ ਸੀ ਨਾ ਕਿ ਕਿਸੇ ਪਾਰਲੀਮੈਂਟ ਰਾਹ ਪੈ ਕੇ ਵਜ਼ੀਰੀਆਂ ਹਾਸਲ ਕਰਨ ਲਈ। ਪੰਚ ਪ੍ਰਧਾਨੀ ਜਥੇ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਦੀ ਬੇਨਤੀ ਕਰਦਿਆ ਕਿਹਾ ਕਿ ਸਟੇਟ ਤੇ ਉਸ ਦੇ ਟੂਲਜ ਵੱਲੋਂ ਖਾੜਕੂ ਲਹਿਰ ਦੇ ਮਾਣਮੱਤੇ ਇਤਿਹਾਸ ਨੂੰ ਰੋਲਣ ਦਾ ਨਿਖਿੱਧ ਰੋਲ ਅਦਾ ਕੀਤਾ, ਉਹਨਾਂ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਇਤਿਹਾਸ ਤੋਂ ਪ੍ਰਰੇਣਾ ਲੈਣ ਦੀ ਅਪੀਲ ਵੀ ਕੀਤੀ। ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਜੁਝਾਰੂ ਲਹਿਰ ਨਾਲ ਗੈਂਗਸਟਰਵਾਦ ਨੂੰ ਜੋੜਨ ਦੀ ਸਾਜ਼ਿਸ਼ ਨੂੰ ਨਕਾਮ ਕਰਦਿਆ ਕਿਹਾ ਕਿ ਇਹ ਸ਼ਹੀਦ ਸਿੰਘਾਂ ਦਾ ਰਾਹ ਨਾ ਸੀ, ਨਾ ਹੈ ਤੇ ਨਾ ਹੀ ਰਹੇਗਾ। ਸ੍ਰੀ ਆਖੰਡ ਪਾਠ ਤੇ ਕੀਰਤਨ ਦੀ ਸਮਾਪਤੀ ਉਪਰੰਤ ਢਾਡੀ ਤੇ ਕਵੀਸਰੀ ਜਥਿਆਂ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਵੀਰ ਰਸ ਨਾਲ ਨਿਹਾਲ ਕੀਤਾ। ਇਲਾਕੇ ਦੇ ਵੱਡੀ ਗਿਣਤੀ ’ਚ ਸ਼ਹੀਦ ਸਿੰਘਾਂ ਦੇ ਵਾਰਸਾਂ ਨੂੰ ਸਨਮਾਨਤ ਵੀ ਕੀਤਾ ਗਿਆ। ਭਾਈ ਨਰਾਇਣ ਸਿੰਘ ਚੌੜਾ ਵੱਲੋਂ ਰਚਿਤ ਦਸਤਾਵੇਜ ‘ਖਾਲਸਤਾਨ ਵਿਰੁੱਧ ਸਾਜ਼ਿਸ਼’ ਦੀ ਕਾਪੀ ਸ਼ਹੀਦ ਭਾਈ ਲਾਭ ਸਿੰਘ ਦੇ ਸਪੁੱਤਰ ਭਾਈ ਰਾਜੇਸਵਰ ਸਿੰਘ ਨੂੰ ਵੀ ਭੇਂਟ ਕੀਤੀ ਗਈ। ਸਟੇਜ ਤੋਂ ਭਾਈ ਗੁਰਪਾਲ ਸਿੰਘ ਵੱਲੋਂ ਪੰਜਾਬੀ ’ਚ ਉਲੱਥਾ ਕੀਤੀ ਪੁਸਤਕ ‘ਸਿੱਖ ਰਾਜ ਦਾ ਖਿਆਲ’ ਵੀ ਜਾਰੀ ਕੀਤੀ ਗਈ। ਸ਼ਹੀਦੀ ਸਮਾਗਮ ਵਿੱਚ ਭੈਣ ਦਵਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ, ਭਾਈ ਦਲਜੀਤ ਸਿੰਘ ਪੰਜਵੜ੍ਹ, ਭੈਣ ਅੰਮ੍ਰਿਤ ਕੌਰ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ, ਭਾਊ ਬਲਦੇਵ ਸਿੰਘ ਪੰਜਵੜ੍ਹ, ਜਸਵੀਰ ਸਿੰਘ ਖਾਡੂਰ, ਭਾਈ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੰਝੀਆ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਪੰਥਕ ਜਥਾ ਮਾਲਵਾ ਤੇ ਮਾਝਾ ਦੇ ਸੇਵਾਦਾਰ, ਭਾਈ ਪਰਮਜੀਤ ਸਿੰਘ ਮਾਲੂਵਾਲ, ਲੇਖਕ ਭਾਈ ਸਰਬਜੀਤ ਸਿੰਘ ਘੁੰਮਾਣ ਤੇ ਵਾਰਸਤ ਪੰਜਾਬ ਦੇ ਤਰਸੇਮ ਸਿੰਘ ਝੰਡੂਖੇੜਾ ਆਦਿ ਵੀ ਸ਼ਾਮਲ ਸਨ।ਸਟੇਜ ਦੀ ਕਾਰਵਾਈ ਨੂੰ ਭਾਈ ਰਾਮ ਸਿੰਘ ਨੇ ਸੁਚੱਜੇ ਢੰਗ ਨਾਲ ਸੰਭਾਲਿਆ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।