ਨਵੀਂ ਦਿੱਲੀ 15 ਜੂਨ (ਮਨਪ੍ਰੀਤ ਸਿੰਘ ਖਾਲਸਾ) ਕੈਨੇਡੀਅਨ ਸਿੱਖਾਂ ਨੇ ਓਟਾਵਾ ਪਾਰਲੀਮੈਂਟ ਹਿੱਲ ਕੈਨੇਡਾ ਵਿਖ਼ੇ ਪਾਰਲੀਮੈਂਟ ਮੂਹਰੇ ਜੂਨ 1984 ਦੇ ਘਲੂਘਾਰੇ ਅਤੇ ਜੀ 7 ਵਿਚ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੂੰ ਦਿੱਤੇ ਗਏ ਸੱਦੇ ਤੇ ਰੋਸ ਜ਼ਾਹਿਰ ਕਰਦਿਆਂ ਭਾਰੀ ਗਿਣਤੀ ਵਿਚ ਰੋਸ ਮੁਜਾਹਿਰਾ ਕੀਤਾ । ਇਸ ਮੌਕੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਬਸਾਂ ਅਤੇ ਆਪਣੀ ਨਿੱਜੀ ਗੱਡੀਆਂ ਰਾਹੀਂ ਸਵੇਰ ਤੋਂ ਹੀ ਸੰਗਤਾਂ ਪਾਰਲੀਮੈਂਟ ਮੂਹਰੇ ਖਾਲਸਾਈ ਝੰਡੇ ਲੈਕੇ ਪਹੁੰਚਣੀ ਸ਼ੁਰੂ ਹੋ ਚੁਕੀ ਸੀ । ਤੇ ਮੁਜਾਹਿਰੇ ਸ਼ੁਰੂ ਹੋਣ ਸਮੇਂ ਤਕ ਹਰ ਪਾਸੇ ਖਾਲਿਸਤਾਨੀ ਝੰਡੇ ਨਜ਼ਰ ਆ ਰਹੇ ਸਨ ਤੇ ਸੰਗਤਾਂ ਖਾਲਿਸਤਾਨ ਦੇ ਹਕ਼ ਵਿਚ ਨਾਹਰੇ ਲਗਾ ਰਹੀਆਂ ਸਨ । ਇਸ ਮੌਕੇ ਉਚੇਚੇ ਤੌਰ ਤੇ ਭਾਈ ਸੰਤੋਖ ਸਿੰਘ ਖੇਲਾ, ਗੁਰਦੁਆਰਾ ਸਾਹਿਬ ਦੇ ਸਕੱਤਰ ਜਸਵਿੰਦਰ ਸਿੰਘ ਵੀਂ ਭਾਰੀ ਗਿਣਤੀ ਵਿਚ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਮੁਜਾਹਿਰੇ ਵਿਚ ਪਹੁੰਚੇ ਸਨ । ਇਸ ਮੌਕੇ ਬਾਬਾ ਖੇਲਾ ਨੇ ਸੰਗਤਾਂ ਨੂੰ ਜੂਨ 1984 ਦੇ ਘਲੂਘਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਰਖਣ ਵਾਸਤੇ ਸਿੰਘਾਂ, ਨੇ ਅਜੇਹੇ ਅਨੇਕਾਂ ਕਾਰਨਾਮੇ ਕੀਤੇ। ਅਸਲ ਗੱਲ ਇਹ ਹੈ, ਕਿ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਸਨ । ਮੌਤ ਦਾ ਭੈ ਉਹਨਾਂ ਦੇ ਨੇੜੇ ਕਦੇ ਨਹੀਂ ਸੀ ਲੰਘਿਆ। ਅੰਮ੍ਰਿਤ ਛਕ ਕੇ ਸਿੰਘ ਸਜਦਾ ਹੀ ਓਹਾ ਸੀ, ਜਿਹੜਾ ਧਰਮ ਦੀ ਖ਼ਾਤਰ ਮਰਨਾ ਪਰਵਾਨ ਕਰ ਲੈਂਦਾ ਸੀ। ਸਿੰਘ ਸਜਣ ਵਾਲਾ ਹੀ ਨਹੀਂ, ਉਹਦੇ ਘਰਦੇ ਅਤੇ ਸੰਬੰਧੀ ਵੀ ਇਹੋ ਸਮਝ ਲੈਂਦੇ ਸਨ, ਕਿ ਇਹ ਪੰਥ ਦੀ ਖ਼ਾਤਰ ਮਰਨੇ ਵਾਸਤੇ ਹੀ ਸਿੰਘ ਸਜਿਆ ਹੈ। ਇਸ ਮੌਕੇ ਹਾਜ਼ਰੀਨ ਸੰਗਤਾਂ ਵਲੋਂ ਜੀ 7 ਵਿਚ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੂੰ ਦਿੱਤੇ ਗਏ ਸੱਦੇ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਓਸ ਦੀ ਆਮਦ ਤੇ ਕੈਲਗਰੀ ਵਿਖ਼ੇ ਭਾਰੀ ਰੋਸ ਮੁਜਾਹਿਰੇ ਦੀ ਚੇਤਾਵਨੀ ਦੇਂਦਿਆ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਅੰਦਰ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੌਕੇ ਭਾਈ ਸੰਤੋਖ ਸਿੰਘ ਖੇਲਾ, ਭਾਈ ਜਸਵਿੰਦਰ ਸਿੰਘ ਸਕੱਤਰ, ਭਾਈ ਬਲਕਾਰ ਸਿੰਘ, ਭਾਈ ਗੁਪੇਸ਼ ਸਿੰਘ, ਭਾਈ ਜਸ਼ਨ ਸਿੰਘ, ਭਾਈ ਨਿਰਮਲ ਸਿੰਘ ਹੱਡਸਨ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਨੇ ਰੋਸ ਮੁਜਾਹਿਰੇ ਅੰਦਰ ਹਾਜ਼ਿਰੀ ਭਰੀ ਸੀ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।