“ਓਏ ! ਮੁੜ ਕਿਉਂ ਚੱਲਿਆ ਬੇਲੀਆ, ਸੁਣਾ ਜਾਂਦਾ ਕੋਈ ਵਾਰ , ਕੋਈ ਢੱਡ , ਕੋਈ ਸਾਰੰਗੀ, ਕਿਸੇ ਨਰ ਬੰਦੇ ਦੀ ਗੱਲ ਮੇਰੇ ਆਰ !”
“ਕੀ ਸੁਣਾਵਾਂ ਬਾਈ ਸਿੰਆਂ ? ਕਹਾਣੀਆਂ ਈ ਮੁੱਕ ਗਈਆਂ, ਨਰ ਬੰਦਿਆਂ ਦੀਆਂ ਤਾਂ, ਹੁਣ ਤਾਂ ਚੀਜ਼ਾਂ ਈ ਨਰ ਹੋ ਗਈਆਂ |”
“ਆਹ ! ਕੱਲ੍ਹ ਕਿਸੇ ਨਾਲ ਗੱਲੀਂ dr ਪੈ ਗਿਆ ਮੈਂ , ਉਹ ਮੁੰਡਾ ਕਹੀ ਜਾਵੇ ਅਖੇ ਥਾਰ ਲਈ ਆ ਬਈ , ਵਾਹਲੀ ਜਾਨ ਆ ਸਹੁਰੀ ‘ਚ ,ਭਾਵੇਂ ਟੱਕਰ ਮਾਰ ਕੇ ਪਹਾੜ ਸਿੱਟ ਲਾ…|”
ਦੂਜਾ ਕਹਿੰਦਾ ਅੱਠ ਸੌ ਪਜਵੰਜਾ ਲਿਆਂਦਾ , ਬਸ ਜਮਦੂਤ ਦਾ ਝੋਟਾ ਈ ਆ ਸਹੁਰਾ ਵਾਹਲੀ ਜਾਨ ਆ |
ਤੀਜਾ ਕਹਿੰਦਾ ਬੁਲਟ ਦੇ ਅਲਾਏ ਪਵਾਏ ਆ ਹੁਣ , ਐਂ ਲਿਸ਼ਕਦੇ ਆ ਭਾਵੇਂ ਮੂੰਹ ਦੇਖ ਲਾ |
ਕਿੰਨਾ ਚਿਰ ਉਹ ਇਹ ਚਰਚਾ ਈ ਕਰੀ ਗਏ….
ਮੈਂ ਸੋਚਿਆ ਕਿ ਯਾਰ ਪਹਿਲਾਂ ਤਾਂ ਗੱਲਾਂ ਚੱਲਦੀਆਂ ਹੁੰਦੀਆਂ ਬੀ ਯਾਰ ਬੜਾ ਨਰ ਬੰਦਾ ਮੱਘਰ ਸਿਹੁੰ , ਟੇਕ ਸਿਹੁੰ ਬੜਾ ਦਰਵੇਸ਼ ਬੰਦਾ , ਬਚਨ ਸਿਹੁੰ ਤਾਂ ਵਚਨ ਦਾ ਪੱਕਾ ਭਾਈ…..|
ਆਹ ਕਿਹੜੀਆਂ ਗੱਲਾਂ ਵਿੱਢ ਲਈਆਂ ਅਸੀਂ…..
ਜਿੱਥੇ ਬੰਦ ਬੂਹੇ ਤੇ ਬਾਰੀਆਂ ਹੋਣ ,
ਬੰਦਿਆਂ ਤੋਂ ਚੀਜ਼ਾਂ ਪਿਆਰੀਆਂ ਹੋਣ ,
ਦਸਤਕ ਨੂੰ ਉਡੀਕਦੇ ਦਰ ਨਹੀਂ ਹੁੰਦੇ |
ਉਹ ਮਕਾਨ ਤਾ ਹੁੰਦੇ ਆ ਸੋਹਣਿਆ
ਉਹ ਘਰ ਨਹੀਂ ਹੁੰਦੇ……|
ਕੱਲ੍ਹ ਗੁਆਂਢੀਆਂ ਦਾ ਮੁੰਡਾ ਕਹਿੰਦਾ ਆਜਾ ਚਾਚਾ ਤੈਨੂੰ ਟੋਚਨ ਮੁਕਾਬਲਾ ਦਿਖਾ ਕੇ ਲਿਆਵਾਂ |
“ਦੇਖੀਂ ਸਾਨਾਂ ਦਾ ਜ਼ੋਰ ਫੇਰ ਕਿਵੇਂ ਲਾਟਾਂ ਛੱਡਦੇ ਆ|”
“ਮਖਿਆ ਕਮਲਿਆ ! ਮਸ਼ੀਨਰੀ ਦਾ ਕੀ ਜ਼ੋਰ ਵੇਖਣਾ….. ਤੁਸੀਂ ਰੇਸ ਦੱਬੀ ਜਾਨੇ ਓ , ਮਸ਼ੀਨਰੀ ਲਾਟਾਂ ਛੱਡੀ ਜਾਂਦੀ ਆ, ਕੋਈ ਗੱਲ ਆ ਭਲਾ ਇਹ , ਤੁਹਾਡੇ ਇਹਨਾਂ ਮੁਕਾਬਲਿਆਂ ਨੇ ਕਿੰਨੀਆਂ ਮਾਵਾਂ ਦੇ ਪੁੱਤ ਖਾ ਓਏ , ਕੁਝ ਅਕਲ ਨੂੰ ਹੱਥ ਮਾਰੋ ਓਏ …|”
ਜ਼ੋਰ ਦੇਖਣਾ ਤਾਂ ਆਓ ਕਬੱਡੀ ਦੇ ਮੈਦਾਨ ‘ਚ , ਜਦੋਂ ਰੇਡਰ ਪੁਆਇੰਟ ਲੈ ਕੇ ਪਾਲੇ ‘ਤੇ ਜਾਕੇ ਥਾਪੀ ਮਾਰਦੈ ,
ਜਾਫੀ ਕੈਂਚੀ ਮਾਰ ਕੇ ਕਹਿੰਦੈ ” ਪੁੱਤ ਹੁਣ ਨੀ ਛੱਡਦਾ ਹੁਣ ਤਾਂ ਜ਼ਿੰਦੇ ਲੱਗ ਗੇ |”
ਉਧਰੋਂ ਕੁਮੈਂਟਰੀ ਵਾਲਾ ਭਾਈ ਬੋਲ ਪੈਂਦਾ ……
” ਜ਼ਿੰਦਰਾ ਜ਼ੰਗਾਲ ਖਾ ਗਿਆ, ਕੁੰਜੀ ਲੈ ਦਿਲਾਂ ਜਾਨੀ ”
ਆਹ ਜ਼ੋਰ ਹੁੰਦੈ, ਸ਼ੇਰਾ ਵੇਖਣ ਆਲੇ ,
ਰੇਸ ਦੱਬੇ ਤੋਂ ਧੂੰਏ ਦੀ ਲਾਟ ਵੱਜਣੀ ਜ਼ੋਰ ਥੋੜ੍ਹਾ ਹੁੰਦੈ ਸ਼ੇਰਾ |
ਡੀਜ਼ਲ ਦਾ ਜ਼ੋਰ ਇੱਕ ਵੱਖ ਗੱਲ ਆ ਸ਼ੇਰਾ
ਤੇ ਲਹੂ ਦਾ ਜ਼ੋਰ ਅੱਡ ਗੱਲ ਆ |
ਨਾਲੇ ਇਹ ਚੀਜ਼ਾਂ ਜਿਸ ਕੰਮ ਲਈ ਬਣੀਆਂ ਉਹਦੇ ਲਈ ਵਰਤੋਂ….
“ਦੱਬ ਕੇ ਵਾਹ , ਰੱਜ ਕੇ ਖਾਹ “… ਇਹ ਕਹਾਵਤ ਆ
ਤੁਸੀਂ ਪਤੰਦਰੋ ਨਵੀਂ ਬਣਾਲੀ….
“ਆਖੇਂ ਟੋਚਨ ਪਾ, ਸਟੰਟ ਦਿਖਾ, ਬੰਦੇ ਮਰਵਾ….”
ਜਦੋਂ ਸਕੂਲ ‘ਚ ਪੜ੍ਹਦੇ ਹੁੰਦੇ ਤੀ ਨਾ , ਮਾਸਟਰ ਜੀ ਵਿਗਿਆਨ ਦਾ ਪਾਠ ਪੜ੍ਹਾਉਂਦੇ ਤੀ |
ਬੀ ਭਾਈ ਵਸਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ, ਇੱਕ ਤਾਂ ਸਜੀਵ ਤੇ ਦੂਜੀਆਂ ਨਿਰਜੀਵ |
ਸਜੀਵ ਜਿੰਨ੍ਹਾਂ ਚ ਜਾਨ ਹੁੰਦੀ ਆ, ਸਾਹ ਲੈਂਦੀਆਂ,ਚੱਲ ਫਿਰ ਸਕਦੀਆਂ ਤੇ ਜਿੰਨਾ ਚ ਵਾਧਾ ਵਿਕਾਸ ਹੁੰਦੈ|
ਨਿਰਜੀਵ ਜਿਹੜੀਆਂ ਚ ਜਾਨ ਨੀ ਹੁੰਦੀ ਸਾਹ ਨੀ ਲੈਂਦੀਆਂ, ਵਾਧਾ ਵਿਕਾਸ ਨੀ ਹੁੰਦਾ |
ਸਜੀਵ ਵਸਤਾਂ ਚ ਅਸੀਂ ਹੁੱਬ ਕੇ ਬੰਦੇ ਦੀ ਉਦਾਹਰਣ ਦਿੰਦੇ |
ਉਦੋਂ ਨਿਰਜੀਵ ਵਸਤਾਂ ਵਿਚਾਰੀਆਂ ਜੀਆਂ ਲੱਗਦੀਆਂ ਤੇ ਸਜੀਵ ਵਸਤਾਂ ਦੀ ਬੜੀ ਟੌਹਰ ਜੀ ਲੱਗਦੀ |
ਹੁਣ ਜਦੋਂ ਜ਼ਿੰਦਗੀ ਨੇ ਨਵੇਂ ਪਾਠ ਪੜ੍ਹਾਏ ਤਾਂ ਪਤਾ ਲੱਗਿਆ ਬੀ ਹੁਣ ਤਾਂ ਨਿਰਜੀਵ ਵਸਤਾਂ ਦੀ ਸਰਦਾਰੀ ਆ ਭਾਈ ..|
ਸਜੀਵ ਚੀਜ਼ਾਂ ਤਾਂ ਹੁਣ ਵਿਚਾਰੀਆਂ ਜੀਆਂ ਬਣ ਗਈਆਂ, ਸਜੀਵ ਵਸਤਾਂ ਚ ਜਿਹੜੀ ਜਾਨ ਹੁੰਦੀ ਆ , ਉਹ ਹੁਣ ਨਿਰਜੀਵ ਵਸਤਾਂ ਤੋਂ ਕੁਰਬਾਨ ਹੋ ਜਾਂਦੀ ਆ |
ਪਹਿਲਾ ਬੰਦਿਆਂ ਨੂੰ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ |
ਹੁਣ ਚੀਜ਼ਾਂ ਨੂੰ ਪਿਆਰ ਕਰਦੇ ਆ ਤੇ ਬੰਦਿਆਂ ਨੂੰ ਵਰਤਦੇ ਆ |
ਸਵੀਜ ਚੀਜ਼ਾ ਨੂੰ ਪ੍ਰਧਾਨਗੀ ਪਿਆਰੀ ਏ , ਪ੍ਰਧਾਨਗੀ ਲਈ ਬੰਦਿਆ ਨੂੰ ਵਰਤਦੇ ,, ਮੋਢੇ ਭਾਲਦੈ, ਜੋ ਸਦਾ ਨ ਰਹਿਣੀ ਓਦੇ ਪਿੱਛੈ ਵੱਜਦੇ,,
ਨਰਜੀਵ ਚੀਜਾਂ ਐ ,, ਬੰਦਿਆ ।
ਏਹ ਔਹੁਦੇ ,,
ਵਿਖਾਵੇ ਨੇ ਸਭ ,, ਗੁਰੂ ਪਿਆਰ ਕੋ ਨਾ,,
ਅਸਲ ਕੋ ਨਾ,,
ਅਸਲ ਬੰਦਾ ਕਿਥੇ ਭਾਲਣਾਂ,,
ਅਸੀਂ ਸਬਜ਼ੀਆਂ ਤਾਂ ਆੱਰਗੈਨਿਕ ਉਗਾਉਣ ਲੱਗ ਪਏ ਆ, ਹੁਣ ਆੱਰਗੈਨਿਕ ਬੰਦੇ ਵੀ ਲੱਭਣੇ ਪਿਆ ਕਰਨਗੇ !
ਜ੍ਹੇੜੈ ਸਚ ਨਾ ਖੜ੍ਹੈ ਕਰਨ,,
ਸਾਰੰਗੀ ਦੀ ਟੁੱਟੀ ਤਾਰ ਬਾਈ,
ਦੱਸ ਕਿਵੇਂ ਸੁਣਾਵਾਂ ਵਾਰ ਬਾਈ,
ਨਰ ਬੰਦੇ ਕਿੱਥੋਂ ਲੱਭ ਲਿਆਵਾਂ
ਗੱਲਾਂ ‘ਚ ਬੁਲਟ ਤੇ ਥਾਰ ਬਾਈ
ਜਸਵਿੰਦਰ ਸਿੰਘ ਚਾਹਲ

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।