Home » ਜੀਵਨ ਸ਼ੈਲੀ » ਸ਼ੇਖ ਫਤੇ ਦੀ ਅਸਲੀਅਤ ਕੀ ਸ਼ੇਖ਼ ਫੱਤਾ ਗੁਰੂ ਘਰ ਦਾ ਸ਼ਰਧਾਲੂ ਸੀ?— ਸ਼ੇਖ਼ ਫਤਾ ਦੀ ਕਹਾਣੀ ਦੀ ਅਸਲੀਅਤ- ਡਾ: ਸੁਖਪ੍ਰੀਤ ਸਿੰਘ ਉਦੋਕੇ

ਸ਼ੇਖ ਫਤੇ ਦੀ ਅਸਲੀਅਤ ਕੀ ਸ਼ੇਖ਼ ਫੱਤਾ ਗੁਰੂ ਘਰ ਦਾ ਸ਼ਰਧਾਲੂ ਸੀ?— ਸ਼ੇਖ਼ ਫਤਾ ਦੀ ਕਹਾਣੀ ਦੀ ਅਸਲੀਅਤ- ਡਾ: ਸੁਖਪ੍ਰੀਤ ਸਿੰਘ ਉਦੋਕੇ

SHARE ARTICLE

31 Views

ਸਰਬ ਗੁਣ ਸੰਪੰਨ ਗੁਰਦੇਵ ਸ੍ਰੀ ਨਾਨਕ ਦੇਵ ਜੀ ਮਹਾਰਾਜ ਨੇ ਅੰਧ-ਵਿਸ਼ਵਾਸ, ਜਹਾਲਤ, ਕਰਮ-ਕਾਂਡਾਂ ਅਤੇ ਅਨਮਤਾਂ ਦੀ ਗੂੜ੍ਹੀ ਨੀਂਦ ਸੁੱਤੀ ਹੋਈ ਲੋਕਾਈ ਨੂੰ ਸੋਧਣ ਵਾਸਤੇ ਅਜਿਹੇ ਉਪਰਾਲੇ ਕੀਤੇ ਜਿਨਾਂ ਨੂੰ ਇਕ ਕਵੀ ਨੇ ਇਸ ਤਰਾਂ ਬਿਆਨ ਕੀਤਾ ਹੈ :

ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।
(ਮੁਹੰਮਦ ਇਕਬਾਲ)

ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਈ ਇਸ ਨਿਰੰਕਾਰੀ ਜੋਤਿ ਨੇ ਦਸ ਵੱਖ-ਵੱਖ ਜਾਮਿਆਂ ਵਿਚ ਵਿਚਰ ਕੇ ਇਕ ਬੇਅਣਖ ਇਨਸਾਨ ਤੋਂ ਅਣਖੀਲੇ ਖ਼ਾਲਸੇ ਨੂੰ ਵਜੂਦ ਵਿਚ ਲਿਆਂਦਾ ਜੋ ਅਕਾਲ ਪੁਰਖ ਦੀ ਫ਼ੌਜ ਹੈ, ਜੋ ਕਰਮ-ਕਾਂਡੀ ਬ੍ਰਾਹਮਣਵਾਦੀ ਬੰਧਨਾਂ ਤੋਂ ਮੁਕਤ ਹੈ, ਜੋ ਜਾਗਤ ਜੋਤ ਦਾ ਉਪਾਸ਼ਕ ਹੈ। ਪਰ ਜਦੋਂ ਤੋਂ ਹੀ ਇਸ ਨਿਆਰੇ ਖ਼ਾਲਸੇ ਨੇ ਸੰਸਾ ਮੰਚ ਉਪਰ ਕਦਮ ਧਰਿਆ, ਉਸ ਸਮੇਂ ਤੋਂ ਹੀ ਇਸ ਦੀ ਨਿਆਰੀ ਹਸਤੀ ਕਰਮ-ਕਾਂਡੀ ਲੋਕਾਂ ਨੂੰ ਰੜਕਦੀ ਹੈ ਅਤੇ ਹਰ ਮੱਤ ਇਹ ਚਾਹੁੰਦਾ ਹੈ ਕਿ ਇਸ ਦੀ ਵੱਖਰੀ ਹੋਂਦ ਨੂੰ ਖ਼ਤਮ ਕਰ ਕੇ ਆਪਣੀ ਆਗੋਸ਼ ਵਿਚ ਲਿਆ ਜਾਵੇ। ਇਸ ਦੀ ਹੋਂਦ ਨੂੰ ਖ਼ਤਮ ਕਰਨ ਲਈ ਕੋਈ ਰਾਜਨੀਤਕ ਸ਼ਕਤੀ ਦਾ ਸਹਾਰਾ ਲੈਂਦਾ ਹੈ ਅਤੇ ਕੋਈ ਇਸ ਨੂੰ ਆਪਣਾ ਅੰਗ ਦੱਸਦਾ ਹੈ। ਅੱਜ ਵੀ ਕਈ ਅਜਿਹੇ ਪ੍ਰਮੁੱਖ ਦੇਹਧਾਰੀ ਗੁਰੂਡੰਮ ਜਿਵੇਂ ਰਾਧਾ ਸੁਆਮੀ, ਨਿਰੰਕਾਰੀ, ਈਸਾਈ ਮੱਤ ਅਤੇ ਸਖੀ ਸਰਵਰ (ਮੁਸਲਿਮ) ਅਜਿਹੇ ਹਨ ਜੋ ਖ਼ਾਲਸੇ ਦੇ ਨਿੱਾਰੇਪਨ ਦੀ ਹੋਂਦ ਨੂੰ ਖ਼ਤਮ ਕਰਨ ਲਈ ਤਤਪਰ ਹਨ। ਸਖੀ ਸਰਵਰ ਅਜਿਹਾ ਮੱਤ ਹੈ ਜਿਸ ਦੀਆਂ ਸ਼ਾਖਾਵਾਂ ਤਾਂ ਭਾਵੇਂ ਪੰਜਾਬ ਵਿਚ ਘੱਟ ਹਨ ਪਰ ਪੁਰਾਤਨ ਬਹੁਤ ਹਨ ਅਤੇ ਕਈ ਭੋਲੇ ਭਾਲੇ ਸਿੱਖ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਨਾਂ ਦੇ ਉਪਾਸ਼ਕ ਹਨ।
ਗੁਰੂ ਨਾਨਕ ਦੇਵ ਜੀ ਦੇ ਸਮੇਂ 15ਵੀਂ 16ਵੀਂ ਸਦੀ ਵਿਚ ਲੋਕਾਂ ਨੂੰ ਆਪਣੇ ਦਾਇਰੇ ਵਿਚ ਲਿਆਉਣ ਲਈ ਇਸਲਾਮ ਮੱਤ ਸਰਗਰਮ ਸੀ। ਉਸ ਸਮੇਂ ਨਕਸ਼ਬੰਦੀਆਂ ਦੇ ਪ੍ਰਭਾਵ ਅਧੀਨ ਜਿਥੇ ਮੁਗ਼ਲ ਸ਼ਾਸਕ ਰਾਜਨੀਤਕ ਸ਼ਕਤੀ ਰਾਹੀਂ ਇਸਲਾਮ ਦੇ ਪਸਾਰੇ ਲਈ ਸਰਗਰਮ ਹਨ, ਉਥੇ ਸਖੀ=ਸਰਵਰ ਜਿਨਾਂ ਨੂੰ ਨਿਗਾਹੇ ਵਾਲਾ, ਲੱਖਾਂ ਦਾ ਦਾਤਾ ਆਦਿਕ ਨਾਮਾਂ ਨਾਲ ਵੀ ਜੋੜਦੇ ਹਨ, ਇਸਾਲਮ ਦੇ ਪ੍ਰਚਾਰ ਲਈ ਸਰਗਰਮ ਸਨ। ਇਹ ਲੋਕ ਹਿੰਦੂ ਜਨਤਾ ਅਤੇ ਮੁਸਲਮਾਨੀ ਮੱਤ ਵਿਚਕਾਰ ਕੜੀ ਦਾਕ ੰਮ ਕਰਦੇ ਸਨ। ਬਹੁਗਿਣਤੀ ਹਿੰਦੂ ਜਨਤਾ ਨੂੰ ਇਸਲਾਮ ਮੱਤ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਸਖੀ ਸਰਵਰਾਂ ਦੇ ਪ੍ਰਭਾਵ ਅਧੀਨ ਲਿਆਂਦਾ ਜਾਂਦਾ ਸੀ। ਸਖੀ-ਸਰਵਰਾਂ ਦੇ ਡੇਰਿਆਂ ਉਪਰ ਮੁਸਲਮਾਨੀ ਸ਼ਰਾ ਨਰਮ ਸੀ। ਕਿਸੇ ਵੀ ਮੱਤ ਦਾ ਔਰਤ-ਮਰਦ ਬੇ-ਰੋਕ ਟੋਕ ਆ ਸਕਦਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਵੀ ਅਜਿਹੇ ਕਈ ਅਸਥਾਨ ਹਨ ਜਿਥੇ ਸਖੀ ਸਰਵਰਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਭ ਤੋਂ ਵੱਧ ਅਫ਼ਸੋਸ ਇਸ ਗੱਲ ਦਾ ਹੈ ਕਿ ਹੁਣ ਇਨਾਂ ਡੇਰਿਆਂ ਦਾ ਸੰਬੰਧ ਗੁਰ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ।
ਅੰਨੀ ਸ਼ਰਧਾ ਵੱਸ ਹੋ ਕੇ ਭੋਲੇ ਭਾਲੇ ਲੋਕ ਗੁਰਮਤਿ ਦਾ ਤਿਆਗ ਕਰ ਕੇ ਇਨਾਂ ਪੀਰ ਖ਼ਾਨਿਆਂ ਨਾਲ ਜੁੜਦੇ ਆ ਰਹੇ ਹਨ। ਮਾਝੇ ਦੇ ਖਿੱਤੇ ਅੰਦਰ ‘ਸ਼ੇਖ ਫੱਤੇ’ ਦਾ ਪੀਰ ਖ਼ਾਨਾ ਸਭ ਤੋਂ ਮਸ਼ਹੂਰ ਹੈ, ਜਿਸ ਦਾ ਸੰਬੰਧ ਕੋਝੇ ਢੰਗ ਨਾਲ ਗੁਰੂ ਅਰਜਨ ਦੇਵ ਜੀ ਨਾਲ ਜੋੜਿਆ ਜਾਂਦਾ ਹੈ। ਇਹ ਅਸਥਾਨ ਅੱਜ ਵੀ ਸਖੀ ਸਰਵਰ ਮੱਤ ਦੇ ਪ੍ਰਚਾਰਕ ਦਾ ਮਰਕਜ਼ ਹੈ। ਅਜ ਵੱਡੀ ਗਿਣਤੀ ਵਿਚ ਇਸ ਖਿੱਤੇ ਦੇ ਸਿਖ ਇਸ ਦੇ ਪ੍ਰਭਾਵ ਅਧੀਨ ਹਨ। ਇਹ ਜਗਾ ਪਿੰਡ ਪੱਖੋਕੇ ਵਿਖੇ ਹੈ, ਜੋ ਤਰਨ ਤਾਰਨ ਤੋਂ 8 ਕਿਲੋਮੀਟਰ ਦੂਰ ਹੈ। ਇਸ ਜਗਾ ਇਕ ਪੁਰਾਤਨ ਕਬਰ ਹੈ ਜਿਸ ਨੂੰ ਸ਼ੇਖ਼ ਫ਼ਤੇ ਦੀ ਬਰ ਕਿਹਾ ਜਾਂਦਾ ਹੈ। ਇਥੇ ਦੁੱਧ ਦੀ ਖੀਰ ਚੜਾਈ ਜਾਂਦੀ ਹੈ (ਔਸਤਨ 80 ਤੋਂ 100 ਕਵਿੰਟਲ ਖੀਰ ਚੜਦੀ ਹੈ ਅਤੇ ਰੋਜ਼ਾਨਾ ਚੜਾਵਾ 10,000 ਦੇ ਕਰੀਬ ਹੈ। ਇਹ ਜਗਾ ਵਕਫ਼ ਬੋਰਡ ਅਧੀਨ ਹੈ ਅਤੇ ਧਨਾਢ ਲੋਕ ਠੇਕਾ ਦੇਂਦੇ ਹਨ।) ਇਥੋਂ ਦੇ ਉਪਾਸ਼ਕਾਂ ਵੱਲੋਂ ਇਸ ਪੀਰ ਦਾ ਮਿਥਿਹਾਸ ਜੋ ਛਪਾਇਆ ਗਿਆ ਹੈ ਉਸ ਵਿਚ ਸ਼ਰਾਰਤ ਨਾਲ ਜਾਣ ਕੁਝ ਕੇ ਇਸ ਪੀਰ ਦਾ ਸਬੰਧ ਗੁਰੂ ਅਰਜਨ ਦੇਵ ਜੀ ਨਾਲ ਜੋੜ ਦਿੱਤਾ ਗਿਆ, ਜਿਸ ਕਰਕੇ ਬਹੁਤੀ ਸਿੱਖ ਵੱਲੋਂ ਗੁਮਰਾਹ ਹੋ ਕੇ ਇਸ ਦੀ ਸ਼ਰਧਾਲੂ ਬਣਦੀ ਜਾ ਰਹੀ ਹੈ।
ਮਨਘੜਤ ਕਹਾਣੀ ਦੱਸਦੇ ਹਨ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ 1590 ਈ. ਵਿਚ ਤਰਨ ਤਾਰਨ ਸਾਹਿਬ ਵਿਖੇ ਪਾਵਨ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਉਸ ਵੇਲੇ ਸ਼ੇਖ਼ ਫੱਤਾ ਨਾਮਕ ਇਕ ਪੀਰ ਗੁਰੂ ਜੀ ਨਾਲ ਸੇਵਾ ਕਰਿਆ ਕਰਦਾ ਸੀ। ਉਹ ਮੱਝਾਂ ਗਾਵਾਂ ਚਰਾ ਕੇ ਸੰਗਤਾਂ ਵਾਸਤੇ ਦੁੱਧ ਦੀ ਸੇਵਾ ਕਰਿਆ ਕਰਦਾ ਸੀ। ਇਕ ਦਿਨ ਇਹ ਪੀਰ ਮੱਝਾਂ ਚਰਾਉਂਦਾ ਹੋਇਆ ਕਾਫ਼ੀ ਦੂਰ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਲੰਗਰ ਵਿਚੋਂ ਖੀਰ ਖ਼ਤਮ ਹੋ ਚੁੱਕੀ ਸੀ। ਇਹ ਪੀਰ ਇਹ ਸਮਝ ਦੇ ਰੁੱਸ ਗਿਆ ਕਿ ਸ਼ਾਇਦ ਮੁਸਲਮਾਨ ਹੋਣ ਕਰ ਕੇ ਗੁਰੂ ਜੀ ਨੇ ਉਸ ਨੂੰ ਖੀਰ ਨਹੀਂ ਦਿੱਤੀ ਤਾਂ ਇਹ ਤਰਨ ਤਾਰਨ ਛੱਡ ਕੇ ਪੱਖੋਕੇ ਆ ਕੇ ਰਹਿਣ ਲੱਗ ਪਿਆ। ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਚੱਲ ਕੇ ਇਸ ਪਾਸ ਆਏ ਤੇ ਵਰ ਦਿੱਤਾ ਕਿ ਤੇਰੇ ਦਰ ਉਪਰ ਹਮੇਸ਼ਾ ਖੀਰ ਦਾ ਚੜਾਵਾ ਚੜਿਆ ਕਰੇਗਾ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਦੂਰ ਹੋਣਗੀਆਂ। ਇਹ ਸ਼ਬਦ ਗੁਰੂ ਦੇ ਗਿਆਨ ਦੇ ਉਲਟ ਹੈ ਜਿਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਬਚਨ ਨਹੀਂ ਹੋ ਸਕਦੇ।
ਦੂਸਰੀ ਰੌਚਿਕ ਘਟਨਾ ਜੋ ਇਸ ਸਰਵਰ ਨਾਲ ਜੋੜੀ ਗਈ ਹੈ, ਉਹ ਇਸ ਤਰਾਂ ਹੈ ਕਿ ਜਿਸ ਸਮੇਂ ਅਕਬਰ ਪੰਜਾਬ ਆਇਆ ਤਾਂ ਉਸ ਦੀ ਪਤਨੀ ਨੂੰ ਛਾਤੀ ਦਾ ਜ਼ਹਿਰਬਾਦ (ਜ਼ਖ਼ਮ) ਹੋ ਗਿਆ। ਜਦ ਕੋਈ ਵੈਦ, ਹਕੀਮ ਠੀਕ ਨਾ ਕਰ ਸਕਿਆ ਤਾਂ ਅਕਬਰ ਜੰਡਿਆਲੇ ਵਿਖੇ ਭਾਈ ਹਿੰਦਾਲ ਕੋਲ ਆਇਆ ਅਤੇ ਪਤਨੀ ਦੇ ਇਲਾਜ ਲਈ ਬੇਨਤੀ ਕੀਤੀ। ਭਾਈ ਹਿੰਦਾਲ ਨੇ ਆਪਣੀ ਅਸਮਰੱਥਾ ਜ਼ਾਹਰ ਕੀਤੀ ਅਤੇ ਅਕਬਰ ਨੂੰ ਕਿਹਾ ਕਿ ਇਥੋ ਕੁਝ ਦੂਰੀ ਉਪਰ ਪੂਰਨ ਪੁਰਸ਼ ਪੀਰ ਸ਼ੇਖ਼ ਫ਼ੱਤਾ ਜੀ ਰਹਿੰਦੇ ਹਨ, ਉਹ ਆਪ ਦੀ ਬੇਗਮ ਦਾ ਇਲਾਜ ਕਰ ਸਕਦੇ ਹਨ ਤਾਂ ਅਕਬਰ ਬੇਗ਼ਮ ਨੂੰ ਲੈ ਕੇ ਪੀਰ ਦੇ ਪਾਸ ਗਿਆ ਤਾਂ ਪੀਰ ਨ ੇਉਸ ਨੂੰ ਅਰੋਗ ਕਰ ਦਿੱਤਾ।
ਬੜੇ ਅਫਸੋਸ ਦੀ ਗੱਲ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ 400 ਸਾਲ ਹੋ ਚੁੱਕੇ ਹਨ ਪਰ ਅੰਧ-ਵਿਸ਼ਵਾਸੀ ਲੋਕ ਬਿਨਾਂ ਇਤਿਹਾਸ ਦੀ ਪੜਚੋਲ ਕੀਤਿਆਂ ਹੀ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਹਨ।
ਜਿਸ ਸਮੇਂ ਪੰਜਾਬ ਅੰਦਰ ਗੁਰੂ ਅਰਜਨ ਦੇਵ ਜੀ ਸਿੱਖ ਮੱਤ ਦਾ ਪ੍ਰਚਾਰ ਕਰ ਰਹੇ ਸਨ ਉਸ ਸਮੇਂ ਸਖੀ ਸਰਵਰ ਵੀ ਇਸਲਾਮਿਕ ਪ੍ਰਚਾਰ ਲਈ ਸਰਗਰਮ ਸਨ। ਗੁਰੂ ਅਰਜਨ ਦੇਵ ਜੀ ਦੇ ਸਿੱਖੀ ਪ੍ਰਚਾਰ ਸਦਕਾ ਇਨਾਂ ਦੇ ਪ੍ਰਚਾਰ ਨੂੰ ਕਾਫ਼ੀ ਢਾਹ ਲੱਗੀ। ਇਸ ਮੱਤ ਦਾ ਮੋਢੀ ਸੁਲਤਾਨ ਸੱਯਦ ਅਹਿਮਦ ਸੀ। ਇਸ ਦਾ ਜਨਮ 1253 ਈ. ਨੂੰ ਸਿਆਲਕੋਟ ਵਿਖੇ ਹੋਇਆ। ਇਸ ਦੀ ਪਤਨੀ ਦਾ ਨਾਮ ਬੀਬੀ ਬਾਈ ਸੀ ਅਤੇ ਇਨਾਂ ਦੀ ਰਿਹਾਇਸ਼ ਨੂੰ ਪੀਰ-ਖ਼ਾਨਾ ਜਾਂ ਖ਼ਾਨਗਾਹ ਜਾਂ ਦਰਬਾਰ ਕਿਹਾ ਜਾਂਦਾ ਸੀ। ਸੰਨ 1291 ਈ. ਵਿਚ ਡੇਰਾ ਗ਼ਾਜ਼ੀ ਖ਼ਾਨ ਤੋਂ 222 ਕਿਲੋਮੀਟਰ ਦੂਰ ਪਿੰਡ ਨਿਗਾਹੇ ਵਿਚ ਇਸ ਦੀ ਮੌਤ ਹੋ ਗਈ। ਅੱਜ ਵੀ ਇਸ ਦੀ ਅਤੇ ਇਸ ਦੀ ਪਤਨੀ ਦੀ ਕਬਰ ਮੌਜੂਦ ਹੈ। ਇਸ ਦੀ ਖਬਰ ਉਪਰ ਵੀਰਵਾਰ ਨੂੰ ਤੇਲ ਤੇ ਖੀਰ ਚੜਾਈ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਪੰਜਾਬ ਵਿਚ ਤਿੰਨ ਪ੍ਰਮੁੱਖ ਪੀਰ ਖ਼ਾਨੇ ਸਨ ਜੋ ਨਿਗਾਹੇ ਧੌਂਕਲ (ਵਜ਼ੀਰਾਬਾਦ) ਅਤੇ ਪੱਖੋਕੇ (ਨੇੜੇ ਤਰਨ ਤਾਰਨ) ਸਨ। ਇਨਾਂ ਤੋਂ ਇਲਾਵਾ ਹੋਰ ਵੀ ਕਈ ਛੋਟੇ ਛੋਟੇ ਸਥਾਨਕ ਪੀਰ ਖ਼ਾਨੇ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਣ ਉਪਰੰਤ ਜਿਥੇ ਪ੍ਰਚਾਰ ਵਿਚ ਤੇਜ਼ੀ ਲਿਆਂਦੀ, ਉਸ ਭੋਲੀ ਭਾਲੀ ਜਨਤਾ ਦੀ ਕਰਮ-ਕਾਂਡੀ ਅਖੌਤੀ ਪੀਰਾਂ ਫ਼ਕੀਰਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਵਿਰੁੱਧ ਵੀ ਅਵਾਜ਼ ਉਠਾਈ। ਲੋਕਾਂ ਦਾ ਸ਼ੋਸ਼ਣ ਕਰ ਰਹੇ ਸਖੀ ਸਰਵਰਾਂ ਪ੍ਰਤੀ ਆਪ ਨੇ ਫੁਰਮਾਇਆ –

ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣ ਮਉਜੂਦ॥
ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ॥
(ਮਹਲਾ 5)

ਅਜਿਹੇ ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਗੁਰੂ ਜੀ ਨੇ ਗੁਰੂ ਤੋਂ ਹੀਣੇ ਬੇਮੁਖ ਕਿਹਾ। ਆਪ ਜੀ ਦੇ ਰੂਹਾਨੀ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਕਈ ਸਖੀ-ਸਰਵਰਾਂ ਦੇ ਉਪਾਸ਼ਕ ਵੀ ਗੁਰੂ ਜੀ ਦੇ ਪ੍ਰਭਾਵ ਅਧੀਨ ਗੁਰਮਤਿ ਦੇ ਧਾਰਨੀ ਹੋ ਗਏ। ਦੁਆਬੇ ਦੇ ਇਲਾਕੇ ਵਿਚ ਪਿੰਡ ਕੰਗ ਮਾਈ ਦੇ ਰਹਿਣ ਵਾਲੇ ਭਾਈ ਮੰਝ ਜੋ ਪਹਿਲਾਂ ਸਖੀ ਸਰਵਰ ਦੇ ਉਪਾਸ਼ਕ ਸਨ, ਗੁਰਸਿੱਖੀ ਦੇ ਧਾਰਨੀ ਹੋ ਗਏ। ਗੁਰੂ ਜੀ ਨੇ ਉਸ ਨੂੰ ਸਖੀ ਸਰਵਰ ਦੀ ਪੂਜਾ ਛੱਡ ਕੇ ਅਕਾਲ ਪੁਰਖ ਨਾਲ ਜੁੜਨ ਦੀ ਤਾਕੀਦ ਕੀਤੀ। ਭਾਈ ਸੰਤੋਖ ਸਿੰਘ ਜੀ ਅਨੁਸਾਰ ਗੁਰੂ ਜੀ ਨੇ ਭਾਈ ਮੰਝ ਨੂੰ ਕਿਹਾ :
ਸੁਨਿ ਕੈ ਸ੍ਰੀ ਅਰਜਨ ਫੁਰਮਾਯੋ।
ਅਪਨ ਪੀਰ ਤੈ ਤੁਰਕ ਬਨਾਯੋ।
ਸਰਵਰ ਕੇ ਮੁਰੀਦ ਤੁਮ ਰਹੈ।
ਇਤ ਗੁਰਸਿੱਖੀ ਦੁਰਲੱਭ ਅਹੈ।

ਭਾਈ ਮੰਝ ਦੇ ਗੁਰਸਿੱਖੀ ਧਾਰਨ ਕਰਨ ਨਲਾ ਜਿਥੇ ਮਾਲਵੇ ਦੁਆਬੇ ਅੰਦਰ ਸਖੀ ਸਰਵਰ ਮੱਤ ਨੂੰ ਢਾਹ ਲੱਗੀ ਉਥੇ ਗੁਰੂ ਜੀ ਵੱਲੋਂ 1590 ਈ. ਵਿਚ ਤਰਨ ਤਾਰਨ ਨੂੰ ਸਿੱਖੀ ਦਾ ਕੇਂਦਰ ਸਥਾਪਤਿ ਕਰਨ ਨਾਲ ਪ੍ਰਮੁੱਖ ਤੌਰ ‘ਤੇ ਸ਼ੇਖ਼ ਫੱਤੇ (ਸਖੀ ਸਰਵਰ) ਦੇ ਪੈਰੋਕਾਰ ਪ੍ਰਭਾਵਿਤ ਹੋਏ।
ਪ੍ਰਿੰਸੀਪਲ ਸਾਹਿਬ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ ਸਿਖੀ ਪ੍ਰਚਾਰ ਸਦਕਾ ਪੰਜਾਬ ਅੰਦਰ ਸਖੀ ਸਰਵਰਾਂ ਦੇ ਪ੍ਰਚਾਰ ਨੂੰ ਢਾਹ ਲੱਗੀ। ਇਸ ਤੋਂ ਪਹਿਲਾਂ ਕਈ ਪਿੰਡ ਪੂਰਨ ਤੌਰ ‘ਤੇ ਸਖੀ ਸਰਵਰਾਂ ਦੇ ਪ੍ਰਭਾਵ ਅਧੀਨ ਸਨ।
ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਖੁਨਸ ਖਾ ਕੇ ਸਖੀ ਸਰਵਰੀਆਂ ਨੇ ਗੁਰੂ ਜੀ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਮਾਝੇ ਦੇ ਪਿੰਡ ਖ਼ਾਨਪੁਰ ਵਿਖੇ ਗੁਰ ੂਜੀ ਜਦੋਂ ਭਾਈ ਹੇਮੇ ਦੇ ਘਰ ਗਏ ਤਾਂ ਸਖੀਰ ਸਰਵਰੀਆਂ (ਸ਼ੇਖ਼ ਫੱਤੇ ਦੇ ਉਪਾਸਕਾਂ) ਨੇ ਗੁਰੂ ਜੀ ਦੀ ਪਿੰਡ ਵਿਚ ਆਮਦ ਦੀ ਵਿਰੋਧਤਾ ਕੀਤੀ। (ਵੇਖਾ ਪਰਤਖਿ ਹਰਿ, ਪੰਨਾ 102)
ਜਿਸ ਤਰਾਂ ਅਜ ਵੀ ਸ਼ੇਖ ਫ਼ੱਤੇ ਦੇ ਉਪਾਸ਼ਕਾਂ ਵੱਲੋਂ ਉਸ ਦਾ ਗੁਰੂ ਜੀ ਦਾ ਉਪਾਸ਼ਖ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ, ਨਿਰਮੂਲ ਹੈ. ਕਿਉਂਕਿ ਪੰਚਮ ਪਾਤਸ਼ਾਹ ਵੇਲੇ ਇਤਿਹਾਸ ਵਿਚ ਕਿਸੇ ਵੀ ਐਸੇ ਗੁਰਸਿੱਖ (ਫੱਤੇ) ਦਾ ਜ਼ਿਕਰ ਨਹੀਂ ਮਿਲਦਾ ਜਿਸ ਨੂੰ ਗੁਰੂ ਜੀ ਨੇ ਕੋਈ ਵਰ ਦਿੱਤਾ ਹੋਵੇ। ਸਿੱਖ ਇਤਿਹਾਸ ਵਿਚ ਸਿਰਫ਼ ਕਨੇਰ ਵਾਸੀ ਫੱਤੇ ਦਾ ਜ਼ਿਕਰ ਮਿਲਦਾ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਘੋੜੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। (ਮਹਾਨ ਕੋਸ਼, ਪੰਨਾ 808)
ਸ਼ੇਖ਼ ਫੱਤੇ ਦੇ ਪ੍ਰਚਾਰਕਾਂ ਵੱਲੋਂ ਕੀਤਾ ਜਾਂਦਾ ਪ੍ਰਚਾਰ ਕਿ ਸ਼ੇਖ ਫੱਤਾ ਇਸ ਕਰਕੇ ਰੁਸ ਗਿਆ ਕਿ ਗੁਰੂ ਜੀ ਦੇ ਲੰਗਰ ਵਿਚ ਉਸ ਨੂੰ ਮੁਸਲਮਾਨ ਹੋਣ ਕਰਕੇ ਖੀਰ ਨਾ ਦਿੱਤੀ ਗਈ, ਨਿਰਮੂਲ ਹੈ ਕਿਉਂਕਿ ਗੁਰੂ ਜੀ ਦੇ ਚਹੁੰ ਵਰਨਾਂ ਦੇ ਸਾਂਝੇ ਉਪਦੇਸ਼ ਸਦਕਾ ਹਰ ਮਜ਼ਹਬ ਦੇ ਲੋਕ ਗੁਰੂ ਜੀ ਤੋਂ ਪ੍ਰਭਾਵਤ ਸਨ। ਸਾਈ ਮੀਆਂ ਮੀਰ, ਅਕਬਰ, ਵਜ਼ੀਰ ਖ਼ਾਨ ਇਸ ਦੀਆਂ ਮਿਸਾਲਾਂ ਹਨ।
ਦਰਅਸਲ ਅਸਲੀਅਤ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਸ਼ੇਖ਼ ਫੱਤੇ ਦੇ ਉਪਾਸ਼ਕਾਂ ਨੇ ਲਿਾਕੇ ਦੇ ਹਾਕਮ ਅਮਾਨਤ ਖ਼ਾਨ (ਕੁਝ ਲੇਖਕਾਂ ਅਨੁਸਾਰ ਅਮੀਰਦੀਨ) ਭੜਕਾਇਆ ਕਿ ਗੁਰੂ ਦੇ ਪ੍ਰਚਾਰ ਸਦਕਾ ਮੁਸਲਮਾਨੀ ਮੱਤ ਦੇ ਪ੍ਰਚਾਰ ਨੂੰ ਬਹੁਤ ਢਾਹ ਲੱਗ ਰਹੀ ਹੈ ਇਸ ਨੂੰ ਰੋਕਣਾ ਜ਼ਰੂਰੀ ਹੈ। ਇਸ ਗੱਲ ਨਾਲ ਤੈਸ਼ ਵਿਚ ਆ ਕੇ ਅਮਾਨਤ ਖ਼ਾਨ ਨੇ ਤਰਨ ਤਾਰਨ ਵਿਖੇ ਆਵਿਆਂ ਵਿਚ ਬਣ ਰਹੀਆਂ ਇੱਟਾਂ ਜ਼ੋਰ ਨਾਲ ਸੁਟਵਾ ਲਈਆਂ ਤੇ ਆਪਣੇ ਪਿਤਾ ਦੀ ਕਬਰ ‘ਤੇ ਲਵਾ ਦਿੱਤੀਆਂ। ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਨੇ ਸਿੱਖਾਂ ਨੂੰ ਸੰਜਮ ਵਰਤਣ ਲਈ ਕਿਹਾ ਤੇ ਫ਼ੁਰਮਾਇਆ, ‘‘ਆਪਣੇ ਆਪ ਹੀ ਵਾਪਸ ਆ ਜਾਣਗੀਆਂ।”
(ਸੰਨ 1766 ਈ. ਵਿਚ ਸ. ਖੁਸ਼ਹਾਲ ਸਿੰਘ ਫ਼ੈਜ਼ਲਪੁਰੀਏ ਦੇ ਪੁੱਤਰ ਬੁੱਧ ਸਿੰਘ ਤੇ ਜੱਸਾ ਸਿੰਘ ਰਾਮਗੜੀਏ ਨੇ ਇਹ ਇੱਟਾ ਕਬਰ ਤੋਂ ਪੁੱਟ ਕੇ ਤਰਨ ਤਾਰਨ ਸਰੋਵਰ ਦੁਆਲੇ ਪਰਿਕਰਮਾਂ ਵਿਚ ਲੁਆਈਆਂ।)
ਸੋ ਕੋਈ ਵੀ ਇਤਿਹਾਸਕ ਤੱਥ ਅਜਿਹਾ ਨਹੀਂ ਹੈ ਜੋ ਇਸ ਸਖੀ ਸਰਵਰ ਸ਼ੇਖ਼ ਫੱਤੇ ਨੂੰ ਗੁਰਸਿੱਖ ਹੋਣਾ ਪ੍ਰਗਟ ਕਰਦਾ ਹੋਵੇ।
ਦੂਸਰੀ ਮਨਘੜਤ ਘਟਨਾ ਜੋ ਅਕਬਰ ਬਾਰੇ ਘੜੀ ਗੀ ਹੈ ਕਿ ਭਾਈ ਹਿੰਦਾਲ ਨੇ ਅਕਬਰ ਨੂੰ ਸ਼ੇਖ ਫੱਤੇ ਪਾਸ ਭੇਜਿਆ, ਨਿਰਮੂਲ ਹੈ। ਭਾਈ ਹਿੰਦਾਲ ਦਾ ਜਨਮ ਮਾਤਾ ਸੁੱਖੀ ਅਤੇ ਪਿਤਾ ਗਾਜ਼ੀ ਦੇ ਘਰ ਜੰਡਿਆਲੇ ਵਿਖੇ ਹੋਇਆ। ਆਪ ਜੀ ਨੇ ਗੁਰੂ ਅਮਰਦਾਸ ਤੋਂ ਗੁਰਸਿੱਖੀ ਦੀ ਦਾਤ ਹਾਸਲ ਕੀਤੀ। ਸੰਪੂਰਨ ਸਿੱਖ ਇਤਿਹਾਸ ਅੰਦਰ ਅਕਬਰ ਦੇ ਭਾਈ ਹਿੰਦਾਲ ਨਾਲ ਮਿਲਾਪ ਜਾਂ ਸ਼ੇਖ ਫੱਤੇ ਦੇ ਭਾਈ ਹਿੰਦਾਲ ਨਾਲ ਸਬੰਧਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਕਿਸੇ ਵੀ ਇਤਿਹਾਸਕ ਹਵਾਲੇ ਵਿਚ ਕੋਈ ਅਜਿਹਾ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਸ਼ੇਖ਼ ਫੱਤੇ ਨਾਮਕ ਪੀਰ ਨੇ ਅਕਬਰ ਦੀ ਬੇਗਮ ਦਾ ਇਲਾਜ ਕੀਤਾ ਹੋਵੇ। ਪੁਰਾਤਨ ਖਰੜਿਆਂ ਤੇ ਇਤਿਹਾਸਕਾਰਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਮਿਲਾਪ ਦਾ ਜ਼ਿਕਰ ਮਿਲਦਾ ਹੈ ਪਰ ਕਿਸੇ ਸ਼ੇਖ ਫੱਤੇ ਨਾਮਕ ਪੀਰ ਦਾ ਕੋਈ ਜ਼ਿਕਰ ਨਹੀਂ ਮਿਲਦਾ। ਇਹ ਇਤਿਹਾਸਕ ਹਵਾਲੇ ਨਿਮਨ ਲਿਖਤ ਹਨ –
1. ਅਕਬਰ ਨਾਮਾ, ਅਬੂ ਉਲ ਫਜ਼ਲ ਅਨੁਸਾਰ ਬਿਆਸਾ ਨੂੰ ਪਾਰ ਕਰਨ ਸਮੇਂ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਗਿਆ।
2. ਖੁਲਾਸਤੁਤ ਤਵਾਰੀਖ਼ ਅਨੁਸਾਰ ਬਟਾਲਾ ਤੋਂ ਅਕਬਰ ਦਰਿਆ ਬਿਆਸ ਪਾਰ ਕਰਨ ਈ ਗੋਇੰਦਵਾਲ ਗੁਰੂ ਅਰਜਨ ਦੇ ਸਥਾਨ ‘ਤੇ ਪੁੱਜਾ ਜੋ ਬਾਬਾ ਨਾਨਕ ਦੇ ਗੱਦੀ ਨਸ਼ੀਨ ਸਨ।
3. ਬਦਾਯੂਨੀ ਅਨੁਸਾਰ ਅਕਬਰ ਗੁਰੂ ਅਰਜਨ ਦੀ ਰੂਹਾਨੀਅਤ ਦਾ ਪ੍ਰਸ਼ੰਸਕ ਸੀ ਤੇ ਗੁਰੂ ਅਰਜਨ ਨੂੰ ਗੋਇੰਦਵਾਲ ਮਿਲ ਕੇ ਖੁਸ਼ ਹੋਇਆ। ਵਾਪਸ ਆ ਰਿਹਾ ਸੀ ਅਤੇ 24 ਨਵੰਬਰ 1598 ਨੂੰ ਗੁਰੂ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਆਇਆ।
ਸੋ ਉਪਰ ਦਿੱਤੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਅਕਬਰ ਕਿਸੇ ਸ਼ੇਖ਼ ਫੱਤੇ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਸ਼ੇਖ਼ ਫੱਤਾ ਨਾਮਕ ਫ਼ਕੀਰ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਸਗੋਂ ਸਖੀ ਸਰਵਰਾਂ ਨੇ ਤਾਂ ਗੁਰੂ ਜੀ ਦੀ ਵਿਰੋਧਤਾ ਕੀਤੀ।
ਅੱਜ ਦੇ ਸਮੇਂ ਵੀ ਕੁਝ ਚਾਤਰ ਲੋਕ ਕਈ ਤਰਾਂ ਦੇ ਪ੍ਰਪੰਚ ਰਚ ਕੇ ਗੁਰੂ ਪਾਤਸ਼ਾਹ ਦਾ ਨਾਮ ਜੋੜ ਕੇ ਲੋਕਾਂ ਨੂੰ ਮੜੀ ਮਸਾਣਾਂ ਨਾਲ ਜੋੜ ਰਹੇ ਹਨ। ਪਰ ਸਾਨੂੰ ਸਾਨੂੰ ਗੁਰ ਉਪਦੇਸ਼ ਯਾਦ ਰੱਕਣ ਦੀ ਲੋੜ ਹੈ –
ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨਾ ਜਾਇ॥

ਡਾ.ਸੁਖਪ੍ਰੀਤ ਸਿੰਘ ਉਦੋਕੇ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News