ਅੰਮ੍ਰਿਤਸਰ 6 ਫਰਵਰੀ : ਦਿਹਾਤੀ ਪੁਲਸ ਵੱਲੋਂ ਪਾਕਿਸਤਾਨ ਵਿਖੇ ਖੁਫੀਆ ਦਸਤਾਵੇਜ਼ ਭੇਜਣ ਵਾਲੇ ਫੌਜੀ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਘਰਿੰਡਾ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਚੰਬਾ ਕਲਾਂ ਤਰਨਤਾਰਨ, ਰਾਜਬੀਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੱਟੀ, ਮਨਦੀਪ ਸਿੰਘ ਉਰਫ ਮੈਡੀ ਪੁੱਤਰ ਭੁਪਿੰਦਰ ਸਿੰਘ ਵਾਸੀ ਤਰਨਤਾਰਨ ਅਤੇ ਮਾਧਵ ਸ਼ਰਮਾ ਪੁੱਤਰ ਬ੍ਰਿਜ ਲਾਲ ਸਰਮਾ ਵਾਸੀ ਗੋਸਾਈਸਰ ਬੜਾ ਰਾਜਸਥਾਨ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਆਪਸ ’ਚ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਤੇ ਅਸਲਾ ਮੰਗਵਾ ਕੇ ਅੱਗੇ ਸਪਲਾਈ ਕਰਨ ਅਤੇ ਹੈਰੋਇਨ ਦੀ ਕਮਾਈ ਦੇ ਪੈਸੇ ਹਵਾਲੇ ਰਾਹੀਂ ਪਾਕਿਸਤਾਨੀ ਸਮੱਗਲਰਾਂ ਨੂੰ ਭੇਜਦੇ ਹਨ।
ਜ਼ਿਕਰਯੋਗ ਹੈ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਅਤੇ ਰਾਜਬੀਰ ਸਿੰਘ ਜੋ ਭਾਰਤੀ ਫੌਜ ’ਚ ਨੌਕਰੀ ਕਰਦੇ ਹਨ ਅਤੇ ਇਹ ਭਾਰਤੀ ਫੌਜ ਦੇ ਗੁਪਤ ਦਸਤਾਵੇਜ਼ ਅਤੇ ਹੋਰ ਜਾਣਕਾਰੀਆਂ ਵੀ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਭੇਜਦੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਘਰਿੰਡਾ ਵੱਲੋ ਪਿੰਡ ਰਣੀਕੇ ਤੋਂ ਨਾਕਾਬੰਦੀ ਕਰ ਕੇ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਮਨਦੀਪ ਸਿੰਘ ਉਰਫ ਮੈਡੀ ਅਤੇ ਮਾਧਵ ਸ਼ਰਮਾ ਨੂੰ ਇਕ ਵਰਨਾ ਗੱਡੀ ਸਮੇਤ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ, ਇਕ 30 ਬੋਰ ਪਿਸਤੌਲ ਸਮੇਤ ਮੈਗਜ਼ੀਨ, 10 ਲੱਖ ਰੁਪਏ ਡਰੱਗ ਮਨੀ ਅਤੇ ਇਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ। ਇਸ ਸਬੰਧ ’ਚ ਉਕਤ ਮੁਕਤ ਮੁਲਜ਼ਮਾਂ ਖਿਲਾਫ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਦੇ ਇਕ ਵੱਖਰੇ ਮਾਮਲੇ ਵਿਚ ਥਾਣਾ ਭਿੰਡੀਸੈਦਾਂ ਦੀ ਪੁਲਸ ਵੱਲੋਂ ਵੱਲੋਂ ਬੀਤੀ 3 ਫਰਵਰੀ ਨੂੰ ਦਰਜ ਇਕ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਲਖਬੀਰ ਸਿੰਘ ਪੁੱਤਰ ਸਵਿੰਦਰ ਸਿੰਘ, ਅਵਤਾਰ ਸਿੰਘ ਉਰਫ ਸੋਨੂੰ ਪੁੱਤਰ ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਹਰਦੇਵ ਸਿੰਘ ਅਤੇ ਮਨਜੀਤ ਸਿੰਘ ਉਰਫ ਕਾਕਾ ਪੁੱਤਰ ਬੀਰ ਸਿੰਘ ਵਾਸੀ ਪਿੰਡ ਸੈਦਪੁਰ ਕਲਾਂ ਨੂੰ ਪਟੜੀ ਸੂਆ ਪਿੰਡ ਭਿੰਡੀ ਔਲਖ ਕਲਾਂ ਤੋਂ 3 ਫਰਵਰੀ ਨੂੰ ਇਕ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਇਨ੍ਹਾਂ ਕੋਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਦੇ ਬੈਕਵਰਡ ਲਿੰਕਾਂ ਨੂੰ ਖੰਗਾਲਦਿਆਂ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਨਿਸ਼ਾਨਦੇਹੀ ’ਤੇ ਭਿੰਡੀਸੈਦਾਂ ਪੁਲਸ ਵੱਲੋਂ 2 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ।
ਇਸੇ ਲੜੀ ’ਚ ਮੁੱਖ ਅਫਸਰ ਥਾਣਾ ਰਾਜਾਸਾਂਸੀ ਵੱਲੋ ਕੀਤੀ ਨਾਕਾਬੰਦੀ ਦੌਰਾਨ 2 ਮੁਲਜ਼ਮਾਂ ਨੂੰ ਇਕ ਕਿਲੋ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਲਖਬੀਰ ਸਿੰਘ ਵਾਸੀ ਬੱਲ ਸਰਾਂ ਅਤੇ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਸੁਖਚੈਨ ਸਿੰਘ ਵਾਸੀ ਬੱਲ ਸਰਾਂ ਹਾਲ ਬਾਬਾ ਸਾਵਨ ਸਿੰਘ ਨਗਰ ਨੂੰ 1 ਕਿਲੋ 5 ਗ੍ਰਾਮ ਹੈਰੋਇਨ ਅਤੇ ਇਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਕੁੱਲ 4 ਕਿਲੋ 5 ਗ੍ਰਾਮ ਹੈਰੋਇਨ, 10 ਲੱਖ ਰੁਪਏ ਡਰੱਗ ਮਨੀ, ਇਕ 30 ਬੋਰ ਪਿਸਟਲ ਸਮੇਤ ਮੈਗਜ਼ੀਨ, ਨੋਟ ਗਿਣਨ ਵਾਲੀ ਮਸ਼ੀਨ, ਇਕ ਵਰਨਾ ਗੱਡੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









