Home » ਨਵੀਂ ਦਿੱਲੀ » ਕੈਨੇਡੀਅਨ ਸਿੱਖ ਭਾਈ ਮਨਜਿੰਦਰ ਸਿੰਘ ਖਾਲਸਾ ਦੇ ਡਿਜ਼ਿਟਲ ਵੇਰਵੇ ਹਾਸਲ ਕਰਨ ਲਈ ਭਾਰਤੀ ਏਜੰਸੀਆਂ ਸਰਗਰਮ: ਟੀਮ ਸ਼ਹੀਦ ਨਿੱਝਰ

ਕੈਨੇਡੀਅਨ ਸਿੱਖ ਭਾਈ ਮਨਜਿੰਦਰ ਸਿੰਘ ਖਾਲਸਾ ਦੇ ਡਿਜ਼ਿਟਲ ਵੇਰਵੇ ਹਾਸਲ ਕਰਨ ਲਈ ਭਾਰਤੀ ਏਜੰਸੀਆਂ ਸਰਗਰਮ: ਟੀਮ ਸ਼ਹੀਦ ਨਿੱਝਰ

SHARE ARTICLE

17 Views

👉 ਨਿੱਝਰ ਕਤਲ ਤੋਂ ਬਾਅਦ ਨਵਾਂ ਘਟਨਾਕ੍ਰਮ ਅਤਿ ਗੰਭੀਰ; ਕੈਨੇਡਾ ਸਰਕਾਰ ਤੋਂ ਤੁਰੰਤ ਉੱਚ ਪੱਧਰੀ ਜਾਂਚ ਦੀ ਮੰਗ

ਨਵੀਂ ਦਿੱਲੀ, 5 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਨਜ਼ਦੀਕੀ ਸਾਥੀ ਅਤੇ “ਟੀਮ ਸ਼ਹੀਦ ਨਿੱਝਰ” ਦੇ ਸਰਗਰਮ ਮੈਂਬਰ ਭਾਈ ਮਨਜਿੰਦਰ ਸਿੰਘ ਖਾਲਸਾ ਨੂੰ ਨਿਸ਼ਾਨਾ ਬਣਾਉਣ ਸਬੰਧੀ ਚਿੰਤਾਵਾਂ ਉਸ ਵੇਲੇ ਹੋਰ ਗੰਭੀਰ ਹੋ ਗਈਆਂ ਜਦੋਂ ਸਪੈਸ਼ਲ ਸੈੱਲ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਭਾਈ ਮਨਜਿੰਦਰ ਸਿੰਘ ਖਾਲਸਾ ਦੇ ਖਾਤੇ ਨਾਲ ਸੰਬੰਧਤ ਜਾਣਕਾਰੀ ਅਤੇ ਹੋਰ ਵੇਰਵੇ ਮੰਗੇ ਜਾਣ ਦਾ ਦਸਤਾਵੇਜ਼ ਸਾਹਮਣੇ ਆਇਆ। ਇਹ ਦੋਸ਼ ਲਗਾਦਿਆਂ ਟੀਮ ਸ਼ਹੀਦ ਨਿੱਝਰ ਨੇ ਕਿਹਾ ਕਿ ਕਿਸੇ ਵੀ ਵਿਦੇਸ਼ੀ ਸਰਕਾਰ ਵਲੋਂ ਕਿਸੇ ਕੈਨੇਡਾ-ਅਧਾਰਿਤ ਸਿੱਖ ਕਾਰਕੁਨ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਦੇ ਪਿੱਛੇ ਦੀ ਮਨਸ਼ਾ ਅਤੇ ਮਕਸਦ ਦੀ ਕੈਨੇਡੀਅਨ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਟੀਮ ਨੇ ਕਿਹਾ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਕਈ ਸਿੱਖ ਕਾਰਕੁਨਾਂ ਨੂੰ ਸੰਭਾਵਿਤ ਖ਼ਤਰਿਆਂ ਸਬੰਧੀ ਚੇਤਾਵਨੀਆਂ ਜਾਰੀ ਕਰ ਚੁੱਕੀਆਂ ਹਨ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉੱਠੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦੇ ਮੱਦੇਨਜ਼ਰ ਇਹ ਤਾਜ਼ਾ ਘਟਨਾਕ੍ਰਮ ਹੋਰ ਵੀ ਗੰਭੀਰ ਹੋ ਜਾਂਦਾ ਹੈ। ਟੀਮ ਨੇ ਕਿਹਾ ਕਿ ਜੇਕਰ ਕਿਸੇ ਵਿਦੇਸ਼ੀ ਏਜੰਸੀ ਵੱਲੋਂ ਕੈਨੇਡਾ ਵਿੱਚ ਸ਼ਾਂਤਮਈ ਰਾਜਨੀਤਿਕ ਸਰਗਰਮੀਆਂ ਨਾਲ ਜੁੜੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਮਾਮਲਾ ਸਿਰਫ਼ ਪਰਦੇਦਾਰੀ ਦਾ ਨਹੀਂ, ਸਗੋਂ ਕੈਨੇਡਾ ਦੀ ਪ੍ਰਭੂਸੱਤਾ, ਲੋਕਤੰਤਰੀ ਅਧਿਕਾਰਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਇਸ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਟੀਮ ਸ਼ਹੀਦ ਨਿੱਝਰ ਨੇ ਕੈਨੇਡਾ ਦੀ ਸੰਘੀ ਸਰਕਾਰ ਨੂੰ ਅਪੀਲ ਕੀਤੀ ਕਿ ਭਾਈ ਮਨਜਿੰਦਰ ਸਿੰਘ ਖਾਲਸਾ ਸਮੇਤ ਸਾਰੇ ਸ਼ਾਂਤਮਈ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਹੱਦ ਪਾਰ ਦਖ਼ਲਅੰਦਾਜ਼ੀ ਜਾਂ ਦਬਾਅ ਦੇ ਭਰੋਸੇਯੋਗ ਸਬੂਤ ਮਿਲਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਟੀਮ ਨੇ ਕਿਹਾ ਕਿ ਭਾਈ ਨਿੱਝਰ ਕਤਲ ਮਾਮਲੇ ਤੋਂ ਬਾਅਦ ਅਜਿਹੀ ਹਰ ਨਵੀਂ ਜਾਣਕਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤਾਂ ਜੋ ਕੈਨੇਡਾ ਦੀ ਧਰਤੀ ‘ਤੇ ਕਿਸੇ ਵੀ ਵਿਅਕਤੀ ਦੇ ਲੋਕਤੰਤਰੀ ਅਤੇ ਸ਼ਾਂਤਮਈ ਅਧਿਕਾਰਾਂ ਨਾਲ ਸਮਝੌਤਾ ਨਾ ਹੋ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News