ਅੰਮ੍ਰਿਤਸਰ, 8 ਜਨਵਰੀ (ਖਿੜਿਆ ਪੰਜਾਬ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਮੋਦੀ-ਅਮਿਤ ਸ਼ਾਹ ਅਤੇ ਬਾਦਲ-ਕੈਪਟਨ ਵਾਂਗ ਭਗਵੰਤ ਮਾਨ ਵੀ ਬੰਦੀ ਸਿੰਘਾਂ ਦਾ ਵੈਰੀ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪੁਲਿਸ ਅਤੇ ਸਰਕਾਰ ਵੱਲੋਂ ਕੌਮੀ ਇਨਸਾਫ਼ ਮੋਰਚੇ (ਮੋਹਾਲੀ) ਉੱਤੇ ਹਮਲਾ ਕੀਤੇ ਜਾਣਾ ਖ਼ਾਲਸਾ ਪੰਥ ਲਈ ਬਰਦਾਸ਼ਤਯੋਗ ਨਹੀਂ ਹੈ। ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਪ੍ਰਕਾਸ਼ ਸੀ ਅਤੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਅਤੇ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰ ਰਹੇ ਸਨ। ਪਰ ਸਰਕਾਰ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣੇ, ਜਬਰੀ ਸਿੰਘਾਂ ਨੂੰ ਗ੍ਰਿਫ਼ਤਾਰ ਕਰਨਾ, ਮੋਰਚੇ ਨੂੰ ਨੁਕਸਾਨ ਪਹੁੰਚਾਉਣਾ ਇਹ ਇੱਕ ਬੇਅਦਬੀ ਦੇ ਤੁੱਲ ਕਾਰਵਾਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਚੰਡੀਗੜ੍ਹ ਵੱਲ ਮਾਰਚ ਕਰ ਰਹੇ ਸਿੰਘਾਂ ਉੱਤੇ ਲਾਠੀਚਾਰਜ ਕਰਕੇ ਬੇਤਹਾਸ਼ਾ ਤਸ਼ੱਦਦ ਕਰਨਾ, ਪੰਥਕ ਆਗੂਆਂ ਦੀਆਂ ਦਸਤਾਰਾਂ ਲਾਹੁਣੀਆਂ, ਕਕਾਰਾਂ ਨੂੰ ਰੋਲਣਾ, ਸਿੰਘਾਂ-ਸਿੰਘਣੀਆਂ ਉੱਤੇ ਡਾਂਗਾਂ ਵਰ੍ਹਾਉਣੀਆਂ ਅਤੇ ਆਗੂਆਂ ਤੇ ਸੰਗਤਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਬੰਦ ਕਰਨਾ ਇਹ ਗੈਰ-ਸੰਵਿਧਾਨਿਕ ਅਤੇ ਗੈਰ-ਕਾਨੂੰਨੀ ਕਾਰਵਾਈ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਸਿੱਖਾਂ ਉੱਤੇ ਹਮਲੇ ਕਰ ਰਿਹਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਪਿਆਦਾ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕੀ ਰੱਖੀ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਉਹ ਦਿਨ ਯਾਦ ਕਰਨ ਜਦੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਭੁੱਖ ਹੜਤਾਲ ਵਾਲੇ ਮੋਰਚੇ ਗੁਰਦੁਆਰਾ ਅੰਬ ਸਾਹਿਬ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੁੰਦੇ ਸਨ ਪਰ ਅੱਜ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਉਲਟਾ ਬੰਦੀ ਸਿੰਘਾਂ ਨਾਲ ਵੈਰ ਕਮਾ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਰੋਹ ਵਿੱਚ ਆ ਕੇ ਕਿਹਾ ਕਿ ਨਰਿੰਦਰ ਮੋਦੀ ਵਿੱਚ ਔਰੰਗਜ਼ੇਬ ਅਤੇ ਭਗਵੰਤ ਮਾਨ ਵਿੱਚ ਜ਼ਕਰੀਆ ਖਾਂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲ-ਕੈਪਟਨ ਦੇ ਰਾਜ ‘ਚ ਵੀ ਇਹੀ ਕੁਝ ਝੱਲਿਆ ਤੇ ਅੱਜ ਭਗਵੰਤ ਮਾਨ ਦੇ ਰਾਜ ‘ਚ ਵੀ ਉਹੀ ਕੁਝ ਝੱਲ ਰਹੇ ਹਾਂ, ਮੈਂ ਆਪਣੇ ਘਰ ਅੰਮ੍ਰਿਤਸਰ ਨਹੀਂ ਸੀ ਤੇ ਮੈਨੂੰ ਗ੍ਰਿਫ਼ਤਾਰ ਕਰਨ ਲਈ ਮੇਰੇ ਸਹੁਰੇ ਘਰ ਪਿੰਡ ਖੁੱਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੀ ਥਾਣੇਦਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ‘ਚ ਪੁਲਸੀਏ ਆਏ ਤੇ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਤੁਹਾਨੂੰ ਮੋਹਾਲੀ ਨਹੀਂ ਜਾਣ ਦੇਣਾ ਤੇ ਕਈ ਹੋਰ ਵੀ ਪੰਥਪ੍ਰਸਤ ਗੁਰਸਿੱਖਾਂ, ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਅਨੇਕਾਂ ਸਰਗਰਮ ਸਿੱਖਾਂ ਦੇ ਘਰਾਂ ‘ਚ ਪੁਲਿਸ ਗਈ, ਕਿਸੇ ਨੂੰ ਥਾਣੇ ਲੈ ਗਏ, ਕਿਸੇ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਕਿਸੇ ਨੂੰ ਰਾਹ ਵਿੱਚ ਰੋਕ ਲਿਆ। ਸਰਕਾਰ ਦੀ ਨੀਤੀ ਹੈ ਕਿ ਬੰਦੀ ਸਿੰਘ ਛੱਡਣੇ ਨਹੀਂ, ਤੇ ਜੇ ਸਿੱਖਾਂ ਨੇ ਸੰਘਰਸ਼ ਕੀਤਾ ਤਾਂ ਹੋਰ ਸਿੰਘਾਂ ਨੂੰ ਵੀ ਫੜ-ਫੜ ਕੇ ਬੰਦੀ ਬਣਾ ਦੇਵਾਂਗੇ। ਇਹ ਭਾਰਤੀ ਸਟੇਟ ਸਿੱਖਾਂ ਦੀ ਆਵਾਜ਼ ਨੂੰ ਦਬਾ ਰਹੀ ਹੈ, ਇਹ ਸਿੱਖਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ ਨਹੀਂ ਤਾਂ ਹੋਰ ਕੀ ਹੈ। ਸਿੱਖਾਂ ਦਾ ਆਪਣੇ ਵੱਖਰੇ ਰਾਜ ਤੋਂ ਬਿਨਾਂ ਗੁਜ਼ਾਰਾ ਨਹੀਂ। ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਹੁਣ ਮਾਰਚ-ਪ੍ਰਦਰਸ਼ਨ ਕਰਕੇ ਆਵਾਜ਼ ਬੁਲੰਦ ਕਰਨਾ ਵੀ ਜੁਰਮ ਹੈ ? ਉਹਨਾਂ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਆਦਿ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ, ਦੇਸ਼ ਵਿਦੇਸ਼ ਦੀਆਂ ਸੰਗਤਾਂ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰਨ। ਉਹਨਾਂ ਕਿਹਾ ਕਿ ਮੋਰਚੇ ਨੂੰ ਦੋ ਸਾਲ ਪੂਰੇ ਹੋ ਗਏ ਹਨ ਤੇ ਮੋਦੀ ਸਰਕਾਰ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ, ਪਰ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਜ਼ਰੂਰ ਕਰਦੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।