ਜਰਮਨੀ 16 ਦਸੰਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਵਿਖੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀਂ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 117 ਬੱਚਿਆਂ ਤੇ ਨੌਜਵਾਨਾਂ ਦੀ ਸਾਂਝੀ ਦਸਤਾਰਬੰਦੀ ਕੀਤੀ ਗਈ, ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੱਖ ਸੈਂਟਰ ਵੱਲੋਂ ਬੱਚਿਆਂ ਨੂੰ ਦਸਤਾਰਾਂ ਦਿੱਤੀਆਂ ਗਈਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੱਚਿਆਂ ਨੂੰ ਦਸਤਾਰਾਂ ਸਜਾਈਆਂ , ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਅਪਣੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਇਸ ਉਪਰਾਲੇ ਵਿੱਚ ਹਿੱਸਾ ਲੈਕੇ ਇਸ ਨੂੰ ਸਫਲ ਬਣਾਇਆ, ਬਹੁਤ ਸਾਰੇ ਮਾਪੇ ਆਪਣੇ ਲਾਡਲਿਆਂ ਦੇ ਸਿਰ ਤੇ ਪਹਿਲੀ ਵਾਰ ਸੱਜੀ ਹੋਈ ਦਸਤਾਰ ਵੇਖ ਕੇ ਬਹੁਤ ਭਾਵੁਕ ਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ, ਸਮਾਗਮ ਦੌਰਾਨ ਉੱਘੇ ਸਿੱਖ ਚਿੰਤਕ ਭਾਈ ਪਰਮਪਾਲ ਸਿੰਘ ਸਭਰਾ ਨੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦਸਤਾਰ ਦੀ ਮਹਾਨਤਾ, ਇਤਿਹਾਸਕ ਵਿਰਾਸਤ ਬਾਰੇ ਜਾਣਕਾਰੀ ਸਾਂਝੀ ਕੀਤੀ । ਉਹਨਾਂ ਦੱਸਿਆ ਕਿ ਸਾਡੀ ਦਸਤਾਰ ਕੁਝ ਗਜ਼ ਦਾ ਕੱਪੜਾ ਨਹੀਂ ਬਲਕਿ ਇਹ ਲੱਖਾਂ ਸ਼ਹੀਦਾਂ ਦੇ ਲਹੂ ਭਿੱਜੇ ਇਤਿਹਾਸ ਦੀ ਸ਼ਾਨਾਂਮੱਤੀ ਵਿਰਾਸਤ ਦੀ ਲਖਾਇਕ ਹੈ, ਗੁਰੂ ਸਾਹਿਬ ਨੇ ਸਾਨੂੰ ਤਾਜ ਦੇ ਰੂਪ ਵਿੱਚ ਦਸਤਾਰ ਦਾ ਮਾਣ ਬਖਸ਼ਿਆ ਹੈ ਦਸਤਾਰ ਸਾਡੀ ਆਣ ਸ਼ਾਨ ਤੇ ਪਹਿਚਾਣ ਦੇ ਨਾਲ ਨਾਲ ਸਾਡੇ ਮਾਣ ਦਾ ਵੀ ਪ੍ਰਤੀਕ ਹੈ , ਉਹਨਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਛੇ ਪੋਹ ਤੋਂ ਤੇਰਾਂ ਪੋਹ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਕੇਸਾਂ ਦੀ ਬੇਅਦਬੀ ਨਾ ਕਰੋ ਦਸਤਾਰਾਂ ਸਜਾਕੇ ਸ਼ਹੀਦਾਂ ਨੂੰ ਯਾਦ ਕਰੋ ਗੈਰ ਸਿੱਖਾਂ ਨੂੰ ਇਹਨਾਂ ਸ਼ਹਾਦਤਾਂ ਦੇ ਇਤਿਹਾਸ ਅਤੇ ਮਕਸਦ ਤੋਂ ਜਾਣੂ ਕਰਵਾਉ ਘਰਾਂ ਵਿੱਚ ਵੀ ਸ਼ਹੀਦਾਂ ਦੀ ਯਾਦ ਵਿੱਚ ਚੜਦੀਕਲਾ ਦਾ ਮਹੌਲ ਸਿਰਜੋ। ਇਸ ਮੋਕੇ ਭਾਈ ਗੁਰਨਿਸ਼ਾਨ ਸਿੰਘ ਅਤੇ ਭਾਈ ਬਲਦੇਵ ਸਿੰਘ, ਭਾਈ ਲਖਬੀਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਭਾਈ ਚਮਕੌਰ ਸਿੰਘ ਸਭਰਾ ਨੇ ਅਰਦਾਸ ਕੀਤੀ ਸਟੇਜ ਦੀ ਸੇਵਾ ਭਾਈ ਹੀਰਾ ਸਿੰਘ ਨੇ ਨਿਭਾਈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਸਿੱਖੀ ਪ੍ਰਚਾਰ ਪ੍ਰਸਾਰ ਦੇ ਇਹ ਉਪਰਾਲੇ ਜਾਰੀ ਰੱਖੇ ਜਾਣਗੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।