ਜਲੰਧਰ, 10 ਦਸੰਬਰ ( ਖਿੜਿਆ ਪੰਜਾਬ): ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜਲੰਧਰ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਨੂੰ ਨਹੀਂ, ਬਲਕਿ ਪੰਥ ਦੇ ਗ਼ਦਾਰ ਅਤੇ ਤਨਖਾਹੀਏ ਸੁਖਬੀਰ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ।
ਪ੍ਰੈਸ ਕਾਨਫਰੰਸ ਵਿੱਚ ਆਵਾਜ਼ ਏ ਕੌਮ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਨੀਲੀਆਂ ਫੌਜਾਂ ਦੇ ਭਾਈ ਹਰਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਕੌਮੀ ਇਨਸਾਫ ਮੋਰਚਾ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਯੂਨਾਈਟਡ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਭਾਈ ਸੁਖਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਈ ਮਨਜੀਤ ਸਿੰਘ ਰੇਰੂ, ਸਿੱਖ ਸਦਭਾਵਨਾ ਦਲ ਤੋਂ ਗੁਰਵਤਨ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਦੇ ਆਗੂ ਭਾਈ ਬਲਦੇਵ ਸਿੰਘ ਗਤਕਾ ਮਾਸਟਰ, ਭਾਈ ਜਤਿੰਦਰ ਪਾਲ ਸਿੰਘ ਤੇ ਐਡਵੋਕੇਟ ਪਰਮਿੰਦਰ ਸਿੰਘ ਵਿੱਜ, ਜਸਵੰਤ ਸਿੰਘ ਸੁਭਾਨਾ, ਪਰਤਾਪ ਸਿੰਘ ਨਿਹੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਚਾਪਲੂਸੀ ਅਤੇ ਪੰਥਕ ਸਿਧਾਂਤਾਂ ਦੀ ਅਵੱਗਿਆ ਕਰ ਰਹੀ ਹੈ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਹੈ ਜਿਸ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ।
ਉਹਨਾਂ ਕਿਹਾ ਕਿ ਜਦੋਂ ਬਾਦਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਦੋਸ਼ੀਆਂ ਦੀ ਪੁਸ਼ਤਪਨਾਹੀ, ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ, ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਹੋਇਆ ਉਦੋਂ ਸ਼੍ਰੋਮਣੀ ਕਮੇਟੀ ਕਿੱਥੇ ਸੁੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਿਉਂ ਨਾ ਕੀਤੀ ?
ਉਹਨਾਂ ਕਿਹਾ ਕਿ ਪੰਥ ਵਿਰੁੱਧ ਭੁਗਤਣ ਕਾਰਨ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਉੱਤੇ ਹਮਲੇ ਹੋਏ ਪਰ ਕਦੇ ਵੀ ਕਿਸੇ ਨੂੰ ਛੇਕਣ ਦੀ ਗੱਲ ਨਹੀਂ ਹੋਈ, ਪਰ ਹੁਣ ਗਲਤ ਪਿਰਤ ਅਤੇ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲੇ ਭਾਈ ਨਰਾਇਣ ਸਿੰਘ ਚੌੜਾ ਨੂੰ ਤਾਂ ਪੰਥਕ ਯੋਧੇ ਦੇ ਖ਼ਿਤਾਬ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖੀ ਅਤੇ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤੀ, ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲੇ ਤੇ ਸਾਹਿਤ ਰਚਿਆ ਤੇ ਬਜ਼ੁਰਗ ਉਮਰ ਵਿੱਚ ਵੀ ਪੰਥ ਦੋਖੀ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਗੁਨਾਹਾਂ ਦੀ ਬਣਦੀ ਸਜ਼ਾ ਦੇਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਗੁਨਾਹਗਾਰ ਨੂੰ ਬਣਦੀ ਸਜ਼ਾ ਨਾ ਦੇਣ ਤਾਂ ਇਨਸਾਫ਼ ਲਈ ਖ਼ੁਦ ਨਿੱਤਰਨਾ ਪੈਂਦਾ ਹੈ। ਭਾਈ ਨਰਾਇਣ ਸਿੰਘ ਚੌੜੇ ਵੱਲੋਂ ਕੀਤੇ ਖੜਾਕੇ ਨੇ ਪੰਥ ਨੂੰ ਦੁਬਾਰਾ ਜਗਾ ਦਿੱਤਾ। ਬਾਦਲ ਦਲੀਆਂ ਨੇ ਜਥੇਦਾਰਾਂ ਉੱਤੇ ਦਬਾਅ ਪਵਾ ਕੇ ਪਹਿਲਾਂ ਵੀ ਕਈ ਪੰਥ ਵਿਰੋਧੀ ਫੈਸਲੇ ਕਰਵਾਏ ਸਨ ਜੋ ਪੰਥ ਨੇ ਕਦੇ ਵੀ ਨਹੀਂ ਮੰਨੇ, ਤੇ ਜਥੇਦਾਰਾਂ ਦਾ ਪੰਥ ਵਿੱਚ ਭਾਰੀ ਵਿਰੋਧ ਹੋਇਆ ਤੇ ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪਏ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰੇ ਕੌਮ ਅਵਾਰਡ ਵਾਪਸ ਲੈਣਾ ਇਸ ਗੱਲ ਦਾ ਗਵਾਹ ਹੈ ਪਰ ਜੇ ਹੁਣ ਵੀ ਜਥੇਦਾਰ, ਬਾਦਲਾਂ ਦੇ ਆਖੇ ਲੱਗ ਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਦੇ ਹਨ ਤਾਂ ਜਥੇਦਾਰਾਂ ਦਾ ਹਾਲ ਵੀ ਜਥੇਦਾਰ ਅਰੂੜ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਾਲਾ ਹੋਵੇਗਾ ਤੇ ਪੰਥ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੱਡੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਬੂਲੇ ਹਨ ਉਸ ਨੂੰ ਤਾਂ ਤੁਰੰਤ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਸੀ, ਪਰ ਜਥੇਦਾਰਾਂ ਨੇ ਮਮੂਲੀ ਤਨਖਾਹ ਲਗਾ ਕੇ ਉਸ ਨਾਲ ਨਰਮਾਈ ਵਰਤੀ ਤੇ ਹਮਦਰਦੀ ਵਿਖਾਈ ਜਿਸ ਨਾਲ ਪੰਥ ਦੀਆਂ ਭਾਵਨਾਵਾਂ ਨੂੰ ਸੰਤੁਸ਼ਟੀ ਨਹੀਂ ਮਿਲੀ। ਸੁਖਬੀਰ ਸਿੰਘ ਬਾਦਲ ਕੋਈ ਸੇਵਾਦਾਰ ਨਹੀਂ ਉਹ ਪੰਥ ਦਾ ਮੁਜਰਿਮ ਅਤੇ ਗੁਨਾਹਗਾਰ ਸੀ। ਉਹਨਾਂ ਕਿਹਾ ਕਿ ਇਹ ਬੰਦੇ ਇਹ ਵੀ ਜਵਾਬ ਦੇਣ ਕਿ ਤੁਸੀਂ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਲਈ ਜਥੇਦਾਰ ਨੂੰ ਮੰਗ ਪੱਤਰ ਕਿਉਂ ਨਹੀਂ ਦਿੱਤਾ ? ਪੰਥ ਨੂੰ ਇਸ ਸਾਰੀ ਗੱਲ ਦੀ ਸਮਝ ਹੈ ਕਿਉਂਕਿ ਇਹ ਸਾਰੇ ਬੰਦੇ ਜਿਸ ਵੀ ਪਦਵੀ ‘ਤੇ ਬੈਠੇ ਹੋਏ ਹਨ, ਉਹ ਸੁਖਬੀਰ ਬਾਦਲ ਦੇ ਹੀ ਬਿਠਾਏ ਹੋਏ ਹਨ, ਜਿਸ ਕਰਕੇ ਇਨ੍ਹਾਂ ਨੂੰ ਸੁਖਬੀਰ ਬਾਦਲ ‘ਤੇ ਗੋਲ਼ੀ ਚੱਲਣ ਦਾ ਇੰਨਾ ਜ਼ਿਆਦਾ ਦੁੱਖ ਲੱਗਾ ਕਿ ਇਹ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਤੁਰ ਪਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।