ਜਰਮਨੀ 19 ਸਤੰਬਰ ( ਖਿੜਿਆ ਪੰਜਾਬ) ਬੀਤੇ ਦਿਨੀਂ 15 ਸਤੰਬਰ,2024 ਨੂੰ ਗਲੋਬਲ ਸਿੱਖ ਕੌਂਸਲ(ਜੀਐਸਸੀ) ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਇੱਕ ਆਨਲਾਈਨ ਸਮਿਟ ਸੈਮੀਨਾਰ ਕਰਵਾਇਆ ਗਿਆ ਜੋ ਕਿ ਬਹੁਤ ਹੀ ਸਫਲਤਾ ਪੂਰਵਕ ਰਿਹਾ।
ਇਸ ਸੈਮੀਨਾਰ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ।
ਇਸ ਸੈਮੀਨਾਰ ਦੀ ਆਰੰਭਤਾ ਜੀਐਸਸੀ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਜੀ ਨੇ ਸਾਰਿਆਂ ਦੇ ਸਵਾਗਤ ਨਾਲ ਕੀਤੀ।
ਫਿਰ ਵੀਰ ਸੰਦੀਪ ਸਿੰਘ ਖਾਲੜਾ ਜਰਮਨੀ ਦੀ ਅਰਦਾਸ ਨਾਲ ਸੈਮੀਨਾਰ ਸ਼ੁਰੂ ਹੋਇਆ।
ਉਪਰੰਤ ਜੀਐਸਸੀ ਦੇ ਫਾਊਂਡਿੰਗ ਪ੍ਰਧਾਨ ਸ੍ਰ. ਗੁਲਬਰਗ ਸਿੰਘ ਬਾਸੀ ਜੀ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਜੀਐਸਸੀ ਦੇ ਚੱਲਦੇ ਕਾਰਜਾਂ ਬਾਰੇ ਸਭ ਨੂੰ ਦੱਸਿਆ।
ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਬੀਬੀ ਕਿਰਨਜੋਤ ਕੌਰ ਜੀ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ।ਮੁੱਖ ਬੁਲਾਰਿਆਂ ਵਿੱਚ ਗਿਆਨੀ ਕੇਵਲ ਜੀ, ਭੈਣ ਕੁਲਦੀਪ ਕੌਰ, ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ, ਗਿਆਨੀ ਅੰਮ੍ਰਿਤਪਾਲ ਸਿੰਘ ਅਤੇ ਸ੍ਰ. ਅਤਿੰਦਰਪਾਲ ਸਿੰਘ ਖਾਲਸਾ ਹਾਜਰ ਹੋਏ। ਇਹਨਾਂ ਸਭ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੁਲੰਦ ਆਵਾਜ਼ ਚੁੱਕੀ।
ਸਭ ਤੋਂ ਪਹਿਲਾਂ ਤਾਂ ਜਥੇਦਾਰ ਭੌਰ ਜੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ ਲੈਕੇ ਇਸ ਦੇ ਖਤਮ ਹੋਣ ਤੱਕ ਹਰ ਜਾਣਕਾਰੀ ਸਾਂਝੀ ਕੀਤੀ।ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਬੀਬੀ ਕਿਰਨਜੋਤ ਕੌਰ ਜੀ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਧਰਮ ਦਾ ਮੁੱਦਾ ਬਣਾ ਲਿਆ ਗਿਆ ਅਤੇ ਜਿਸ ਧਿਰ ਦਾ ਜੋਰ ਚੱਲਿਆ ਉਨ੍ਹਾਂ ਨੇ ਆਪਣਾ ਜੋਰ ਚਲਾ ਲਿਆ।
ਗਿਆਨੀ ਕੇਵਲ ਸਿੰਘ ਜੀ ਨੇ ਦੱਸਿਆ ਕਿ ਜਦੋਂ ਦਾ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ ਗਿਆ ਉਦੋਂ ਦਾ ਹਰ ਬੰਦਾ ਇਥੋਂ ਤੱਕ ਕਿ ਬੱਚੇ ਬਹੁਤ ਪ੍ਰੇਸ਼ਾਨ ਹਨ ਕਿ ਕਿਹੜਾ ਦਿਹਾੜਾ ਕਦੋਂ ਹੈ, ਕੁੱਝ ਸਮਝ ਹੀ ਨਹੀਂ ਆਉਂਦੀ।
ਭੈਣ ਕੁਲਦੀਪ ਕੌਰ ਨੇ ਕਿਹਾ ਕਿ ਇਹ ਮੁੰਹਿਮ ਪਿੰਡਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਪ੍ਰਚਾਰਕਾਂ ਦਾ ਫਰਜ ਬਣਦਾ ਹੈ ਕਿ ਜਿਥੇ ਵੀ ਜਾਣ ਉਥੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਜਰੂਰ ਆਵਾਜ਼ ਚੁੱਕਣ।
ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੈਲੰਡਰ ਦੇ ਲਾਭਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਾਡੀ ਆਜਾਦ ਧਾਰਮਿਕ ਹਸਤੀ ਦਾ ਪ੍ਰਤੀਕ ਹੈ।
ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ ਜੀ ਨੇ ਵੀ ਪਹਿਲੇ ਬੁਲਾਰਿਆਂ ਦੀ ਹਮਾਇਤ ਕੀਤੀ ਅਤੇ ਜੀਐਸਸੀ ਨੂੰ ਕਿਹਾ ਹੈ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇੱਕ ਸਾਂਝਾ ਕੈਲੰਡਰ ਛਾਪਿਆ ਕਰਨ ਜਿਸ ਨਾਲ ਕਿ ਸਾਰੀ ਕੌਮ ਨੂੰ ਇਕ ਵਧੀਆ ਸੁਨੇਹਾ ਜਾਵੇਗਾ।
ਸ੍ਰ. ਅਤਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਇਸ ਕਾਰਜ ਲਈ ਇੱਕ ਪ੍ਰੈਕਟੀਕਲ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ, ਜਦੋਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੋਈ ਗੁਰਪੁਰਬ ਹੋਵੇ ਤਾਂ ਆਪਣੇ ਘਰਾਂ ਅਤੇ ਗੁਰਦਆਰੇ ਵਿੱਚ ਰੌਸ਼ਨੀਆ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਅੱਜ ਗੁਰਪੁਰਬ ਹੈ।
ਇਸ ਤੋਂ ਇਲਾਵਾ ਸ੍ਰ. ਪਰਮਜੀਤ ਸਿੰਘ ਸਰਨਾ ਨੇ ਖਾਸ ਤੌਰ ਤੇ ਇਸ ਸੈਮੀਨਾਰ ਵਿਚ ਹਾਜਰ ਹੋ ਕੇ ਕੈਲੰਡਰ ਬਾਰੇ ਆਪਣੇ ਵੀਚਾਰ ਦਿੱਤੇ।
ਇਥੇ ਇਹ ਵੀ ਜਿਕਰਯੋਗ ਹੈ ਕਿ ਪਾਕਿਸਤਾਨ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਜੀ ਵੀ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਅਤੇ ਆਪਣੇ ਕੀਮਤੀ ਵੀਚਾਰ ਸਾਂਝੇ ਕੀਤੇ।
ਇਨ੍ਹਾਂ ਤੋਂ ਇਲਾਵਾ ਸ੍ਰ. ਵਰਿੰਦਰ ਸਿੰਘ ਮਾਨ ਜੀ ਨੇ ਆਪਣੇ ਵੀਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਉਹ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਦੇ ਹਰ ਕਾਰਜ ਵਿੱਚ ਜੀਐਸਸੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
ਇਸ ਤੋਂ ਬਿਨਾਂ ਜਰਮਨੀ ਤੋਂ ਸ੍ਰ. ਨਰਿੰਦਰ ਸਿੰਘ ਜੀ, ਜੰਮੂ ਕਮੇਟੀ ਦੇ ਪ੍ਰਧਾਨ ਸ੍ਰ. ਰਣਜੀਤ ਸਿੰਘ ਟੌਹੜਾ, ਕੇਂਦਰੀ ਸਿੰਘ ਸਭਾ ਤੋਂ ਸ੍ਰ. ਗੁਰਪ੍ਰੀਤ ਸਿੰਘ ਜੀ, ਸ੍ਰ. ਪ੍ਰੀਤਮੋਹਨ ਸਿੰਘ ਅਤੇ ਹੋਰ ਬਹੁਤ ਜਥੇਬੰਦੀਆਂ ਤੋਂ ਮੁੱਖ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ।
ਬਾਅਦ ਵਿੱਚ ਜੀਐਸਸੀ ਦੇ ਪ੍ਰਧਾਨ ਸ੍ਰ.ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਕੈਲੰਡਰ ਮਾਹਿਰਾਂ ਕੋਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸੰਗਤਾਂ ਦੇ ਸੁਆਲ ਪੁੱਛੇ ਜਿਨ੍ਹਾਂ ਦਾ ਜੁਆਬ ਕੈਲੰਡਰ ਮਾਹਿਰਾਂ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਕਿਰਪਾਲ ਸਿੰਘ ਬਠਿੰਡਾ, ਸ੍ਰ. ਇਰਵਿਨਪ੍ਰੀਤ ਸਿੰਘ, ਡਾਕਟਰ ਸਰਬਜੀਤ ਸਿੰਘ ਅਤੇ ਸ੍ਰ. ਹਰਿੰਦਰ ਸਿੰਘ ਨੇ ਬਹਤ ਹੀ ਵਿਸਥਾਰ ਸਹਿਤ ਦਿੱਤੇ।
ਉਪਰੰਤ ਜੀਐਸਸੀ ਦੇ ਫਾਊਂਡਿੰਗ ਪ੍ਰਧਾਨ ਸ੍ਰ. ਗੁਲਬਰਗ ਸਿੰਘ ਬਾਸੀ ਜੀ ਨੇ ਕੈਲੰਡਰ ਦੇ ਪ੍ਰਚਾਰ ਲਈ ਜੀਐਸਸੀ ਵਲੋਂ ਬਣਾਈਆਂ ਕਮੇਟੀਆਂ ਦੀ ਸਾਂਝ ਸੰਗਤਾਂ ਨਾਲ ਪਾਈ ਅਤੇ ਬਹੁਤ ਵੀਰ ਇਸ ਵਾਸਤੇ ਆਪਣੀ ਸੇਵਾ ਕਰਨ ਲਈ ਅੱਗੇ ਆਏ।
ਅਖੀਰ ਵਿੱਚ ਜੀਐਸਸੀ ਦੀ ਮੀਤ ਪ੍ਰਧਾਨ ਸਰਦਾਰਨੀ ਮਨਦੀਪ ਕੌਰ ਦੁਬਈ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੈਮੀਨਾਰ ਦੀ ਸਮੀਖਿਆ ਸਾਂਝੀ ਕੀਤੀ ਗਈ ਅਤੇ ਸਭ ਦਾ ਧੰਨਵਾਦ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।