ਇੰਗਲੈਂਡ 27 ਅਗਸਤ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਵਲੋਂ ਸਤੰਬਰ ਮਹੀਨੇ ਦੀ 15 ਤਰੀਕ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਲਈ ਭਵਿੱਖ ਵਿੱਚ ਕੀ ਯੋਜਨਾਵਾਂ ਹੋਣੀਆਂ ਚਾਹੀਦੀਆਂ ਹਨ,ਇਸ ਵਿਸ਼ੇ ਤੇ ਇੱਕ ਬਹੁਤ ਵੱਡਾ ਆਨਲਾਈਨ ਸਮਿਟ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਇਸ ਸੈਮੀਨਾਰ ਦਾ ਮੁੱਖ ਮਕਸਦ ਹੈ ਕਿ ਸਾਰੀ ਸਿੱਖ ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਸਮਝਾਈ ਜਾਵੇ । ਸਭ ਨੂੰ ਪ੍ਰੇਮ ਸਹਿਤ ਅਤੇ ਬਾ-ਦਲੀਲ ਇਹ ਸਮਝਾਇਆ ਜਾਏ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਉਣ ਦੇ ਕੀ ਫਾਇਦੇ ਹਨ ਅਤੇ ਨਾ ਅਪਨਾਉਣ ਦੇ ਕੀ ਨੁਕਸਾਨ ਹਨ।
ਇਸ ਸੈਮੀਨਾਰ ਵਿੱਚ ਜੀਐਸਸੀ ਵਲੋਂ ਸਾਰੇ ਕੈਲੰਡਰ ਮਾਹਿਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਅਤੇ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਆਉ ਸਾਰੇ ਕੈਲੰਡਰ ਮਾਹਿਰ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਅਤੇ ਆਪਣੀ ਭਵਿੱਖ ਦੀ ਪੀੜ੍ਹੀ ਲਈ ਮਿਲ ਕੇ ਕੋਈ ਸੁਚੱਜਾ ਫੈਸਲਾ ਕਰੀਏ।
ਇਸ ਸੈਮੀਨਾਰ ਦਾ ਇਹ ਵੀ ਮਕਸਦ ਰਹੇਗਾ ਕਿ ਪੂਰੀ ਦੁਨੀਆਂ ਵਿੱਚੋਂ ਕੋਈ ਵੀ ਵੀਰ ਭੈਣ ਅੱਗੇ ਆਉਣ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਕਿਵੇਂ ਹਰ ਜਗ੍ਹਾ ਲਾਗੂ ਕੀਤਾ ਜਾਵੇ ਇਸ ਲਈ ਆਪਣੇ ਸੁਝਾਅ ਦੇਣ । ਜੇਕਰ ਕਿਸੇ ਵੀ ਸਿੱਖ ਮਾਈ ਭਾਈ ਨੂੰ ਇਸ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਵੀ ਅੱਗੇ ਆਕੇ ਆਪਣੇ ਸੁਝਾਅ ਦੇਵੇ ਕਿਉਂਕਿ ਸੁਚੱਜੀ ਵੀਚਾਰ ਚਰਚਾ ਨਾਲ ਹਰ ਮੁਸ਼ਕਿਲ ਦਾ ਹੱਲ ਨਿਕਲ ਸਕਦਾ ਹੈ।
ਜੀਐਸਸੀ ਵਲੋਂ ਇਸ ਦੇ ਪ੍ਰਚਾਰ ਲਈ ਵੱਖ ਵੱਖ ਟੀਮਾਂ ਦਾ ਗਠਨ ਵੀ ਕੀਤਾ ਜਾ ਰਿਹਾ ਹੈ ਸੋ ਸਭ ਸਿੱਖ ਸੰਗਤਾਂ ਨੂੰ ਬੇਨਤੀ ਰੂਪੀ ਅਪੀਲ ਹੈ ਕਿ ਇਸ ਸੇਵਾ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦਿਉ।
ਜੀਐਸਸੀ ਵਲੋਂ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ, ਡੀਐਸਜੀਐਮਸੀ ਅਤੇ ਪਾਕਿਸਤਾਨ ਸਿੱਖ ਪ੍ਰਬੰਧਕ ਕਮੇਟੀ ਨੂੰ ਵੀ ਇਸ ਸੈਮੀਨਾਰ ਲਈ ਖੁੱਲ੍ਹਾ ਅਤੇ ਨਿੱਘਾ ਸੱਦਾ ਹੈ।ਜਦੋਂ ਸਾਡੀਆਂ ਸਿਰਮੌਰ ਸੰਸਥਾਵਾਂ ਅੱਗੇ ਆਉਣਗੀਆਂ ਤਾਂ ਅਸੀਂ ਸਾਰੇ ਮਿਲ ਕੇ ਹਰ ਗੱਲ ਦਾ ਹੱਲ ਬਹੁਤ ਹੀ ਸੌਖੇ ਤਰੀਕੇ ਨਾਲ ਕੱਢ ਸਕਾਂਗੇ।
ਜੀਐਸਸੀ ਵਲੋਂ ਦੁਨੀਆਂ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਹਰ ਸਿੱਖ ਨੂੰ ਅਪੀਲ ਹੈ ਕਿ ਇਸ ਸੈਮੀਨਾਰ ਵਿਚ ਜਰੂਰ ਹਿੱਸਾ ਲਵੋ ਅਤੇ ਆਪਣੀ ਪੀੜ੍ਹੀ ਦੇ ਸੁਨਹਿਰੇ ਲਈ ਆਪਣਾ ਸਹਿਯੋਗ ਦਿਉ, ਕਿਉਂਕਿ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਤਰੀਕਾਂ ਵਿੱਚ ਹੀ ਨਾ ਉਲਝੀ ਰਹੇ ਸੋ ਆਉ ਹਾਲੇ ਵੀ ਸਮਾਂ ਹੈ ਇਕੱਠੇ ਹੋਈਏ ਅਤੇ ਸਰਬ ਸਾਂਝੇ ਫੈਸਲੇ ਲਈਏ।
ਜੀਐਸਸੀ ਦੀ ਦਿਲੋਂ ਕੋਸ਼ਿਸ਼ ਹੈ ਕਿ ਸਾਰੀਆਂ ਸਿੱਖ ਸੰਗਤਾਂ ਇੱਕ ਗ੍ਰੰਥ, ਇੱਕ ਪੰਥ, ਇੱਕ ਰਹਿਤ ਮਰਯਾਦਾ ਅਤੇ ਇੱਕ ਕੈਲੰਡਰ ਦੇ ਝੰਡੇ ਹੇਠਾਂ ਇਕੱਠੀਆਂ ਹੋਣ ।
ਜੀਐਸਸੀ ਸਾਰੀ ਸੰਗਤ ਨੂੰ ਸਨਿਮਰ ਬੇਨਤੀ ਕਰਦੀ ਹੈ ਕਿ ਇਸ ਸੈਮੀਨਾਰ ਵਿੱਚ ਹੁੰਮ ਹੁੰਮਾ ਕੇ ਹਿੱਸਾ ਲਵੋ ਅਤੇ ਆਪਣੇ ਵੀਚਾਰ ਖੁੱਲ੍ਹੇ ਦਿਲ ਨਾਲ ਦਿਉ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।