ਫਰੈਂਕਫੋਰਟ 14 ਜੁਲਾਈ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਦਲ ਖਾਲਸਾ ਮਿਸਲ ਦੇ ਮੋਢੀ ਸਰਪ੍ਰਸਤ ਤੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਤੇ ਜੰਗ-ਏ-ਅਜ਼ਾਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਲ ਖਾਲਸਾ ਜਰਮਨੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਏ ਗਏ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਜਤਿੰਦਰ ਸਿੰਘ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ । ਦੇਸ ਪੰਜਾਬ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਦੇ ਜਥੇ ਨੇ ਰਸ ਭਿੰਨੇ ਕੀਰਤਨ ਤੇ ਗੁਰਬਾਣੀ ਦੀ ਲੋਅ ਵਿੱਚ ਭਾਈ ਗਜਿੰਦਰ ਸਿੰਘ ਜੀ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵੀਚਾਰ ਸਾਂਝੇ ਕੀਤੇ । ਭਾਈ ਚਮਕੌਰ ਸਿੰਘ ਸਭਰਾ ਅਤੇ ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਰਾਹੀਂ ਸ਼ਰਧਾ ਦੇ ਫੁੱਲ ਅਰਪਣ ਕੀਤੇ ।
ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆਂ ਨੇ ਭਾਈ ਗਜਿੰਦਰ ਸਿੰਘ ਜੀ ਦੇ ਸ਼ਬਦ “ਸਭ ਮੇਰੇ ਹਨ ਤੇ ਗਜਿੰਦਰ ਸਿੰਘ ਸਭਨਾ ਦਾ ਹੈ” ਸਾਂਝੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖੇ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਾਮਲ ਹੋਈਆਂ ਸਮੂਹ ਪੰਥਕ ਜਥੇਬੰਦੀਆਂ ਤੇ ਭਾਈ ਰਘਬੀਰ ਸਿੰਘ ਵੱਲੋਂ ਸ਼ਰਧਾਂਜਲੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਜਲਾਵਤਨੀ ਯੋਧੇ ਦਾ ਖ਼ਿਤਾਬ ਦੇਣਾ ਇਤਿਹਾਸਕ ਹੋ ਨਿਬੜਿਆ ਤੇ ਅਜਾਇਬ ਘਰ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ, ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਗਜਿੰਦਰ ਸਿੰਘ ਜੀ ਦੀ ਤਸਵੀਰਾਂ ਲਗਾਉਣ ਦੀ ਗੱਲ ਹਾਂ ਪੱਖੀ ਕਦਮ ਹੈ । ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਸਰੀਰਕ ਤੌਰ ਤੇ ਵਿੱਛੜ ਗਏ ਹਨ ਪਰ ਉਹਨਾਂ ਦਾ ਜੀਵਨ ਸਿੱਖ ਇਤਿਹਾਸ ਵਿੱਚ ਦਰਜ ਹੋ ਗਿਆ ਹੈ ਤੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਹਮੇਸ਼ਾਂ ਚਮਕਦਾ ਰਹੇਗਾ । ਉਹਨਾਂ ਆਪਣੀ ਕਲਮ ਨਾਲ ਲਿਖੀਆਂ ਜੁਝਾਰੂ ਕਵਿਤਾਵਾਂ ਹਮੇਸ਼ਾ ਆਉਣ ਵਾਲੀ ਪੀੜੀ ਲਈ ਪ੍ਰੇਰਣਾ ਦਿੰਦੀਆਂ ਰਹਿਣਗੀਆਂ ।
ਇਸ ਮੌਕੇ ਤੇ ਭਾਈ ਗਜਿੰਦਰ ਸਿੰਘ ਤੇ ਪਰਿਵਾਰ ਵੱਲੋਂ ਸੰਘਰਸ਼ ਨੂੰ ਸਾਥ ਦੇਣ ਨੂੰ ਯਾਦ ਕੀਤਾ ਗਿਆ । ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪੰਹੁਚੀਆਂ ਸੰਗਤਾਂ ਦਾ ਇਕੱਠ ਵਿੱਚ ਬੁਲਾਰਿਆਂ ਨੇ ਭਾਈ ਗਜਿੰਦਰ ਸਿੰਘ ਤੇ ਜੰਗ ਏ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਅਰਪਣ ਕੀਤੇ । ਬੁਲਾਰਿਆਂ ਵਿੱਚ ਦਲ ਖਾਲਸਾ ਬੈਲਜੀਅਮ ਦੇ ਪ੍ਰਧਾਨ ਭਾਈ ਜਗਮੋਹਨ ਦਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਫਰੈਂਕਫਰਟ ਦੀ ਵਿਦੇਸ਼ੀ ਕੌਂਸਲ ਦੇ ਮੈਬਰ ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਬਲਕਾਰ ਸਿੰਘ, ਭਾਈ ਨਿਰਮਲ ਸਿੰਘ ਹੰਸਪਾਲ, ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ ਲੇਹਲ, ਦਲ ਖਾਲਸਾ ਸਵਿਟਜ਼ਰਲੈਂਡ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਭਾਈ ਪ੍ਰਿਤਪਾਲ ਸਿੰਘ ਖਾਲਸਾ ਸ਼ਾਮਲ ਸਨ । ਬੁਲਾਰਿਆਂ ਨੇ ਭਾਈ ਗਜਿੰਦਰ ਸਿੰਘ ਨਾਲ ਬਿਤਾਏ ਪਲ਼ਾਂ ਨੂੰ ਯਾਦ ਕੀਤਾ ਤੇ ਭਾਈ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ 73 ਸਾਲਾਂ ਵਿੱਚੋਂ 53 ਸਾਲ ਆਪਣੇ ਆਖ਼ਰੀ ਸਵਾਸਾਂ ਤੱਕ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ । ਉਸੇ ਸੰਘਰਸ਼ ਨੂੰ ਜਾਰੀ ਰੱਖਣਾ ਹੀ ਭਾਈ ਗਜਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਇਸ ਮੌਕੇ ਤੇ ਤਿਹਾੜ ਜੇਲ ਵਿੱਚ ਬੰਦ ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਤੇ ਬੱਬਰ ਖਾਲਸਾ ਮਿਸਲ ਦੇ ਜਥੇਦਾਰ ਵਧਾਵਾ ਸਿੰਘ ਬੱਬਰ ਦਾ ਸ਼ਰਧਾਂਜਲੀ ਸੰਦੇਸ਼ ਸੰਗਤਾਂ ਨਾਲ ਸਾਂਝੇ ਕੀਤੇ ਗਏ । ਭਾਈ ਅੰਗਰੇਜ ਸਿੰਘ ਤੇ ਭਾਈ ਹਰਮੀਤ ਸਿੰਘ ਲੇਹਲ ਵੱਲੋ ਸਮਾਗਮ ਦੀਆਂ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਿੰਦਰ ਸਿੰਘ ਢਿੱਲੋਂ ਪੰਜਵੜ੍ਹ ਤੇ ਰਾਜ ਸਿੰਘ ਗਿੱਲ ਵੀ ਸ਼ਾਮਲ ਹੋਏ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।