ਜਰਮਨੀ (13 ਅਪ੍ਰੈਲ ) ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਭਾਈ ਜੋਗਾ ਸਿੰਘ , ਭਾਈ ਮਨਪ੍ਰੀਤ ਸਿੰਘ ਇੰਗਲੈਂਡ ,ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ, ਭਾਈ ਗੁਰਪਾਲ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ , ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸ਼ਿੰਗਾਰਾ ਸਿੰਘ ਮਾਨ ,ਭਾਈ ਸਤਨਾਮ ਸਿੰਘ ਫਰਾਂਸ ਅਤੇ ਭਾਈ ਕੁਲਦੀਪ ਸਿੰਘ ਬੈਲਜੀਅਮ ਨੇ ਕਿਹਾ ਅਦਾਲਤ ਦਾ ਇਹ ਪੁੱਛਣਾ ਕਿ ‘‘ਇਹ ਲੋਕ ਪਿਛਲੇ ਇਕ ਸਾਲ ਤੋਂ ਇੱਥੇ ਬੈਠੇ ਹਨ, ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ? ’’ ਇਸ ਗੱਲ ਦਾ ਇਸ਼ਾਰਾ ਹੈ ਕਿ ਅਦਾਲਤ ਪ੍ਰਸ਼ਾਸਨ ਨੂੰ ਮੋਰਚੇ ਵਿੱਚ ਬੈਠੇ ਸਿੱਖਾਂ ਉੱਤੇ ਜ਼ਾਲਮਾਨਾ ਕਾਰਵਾਈ ਕਰ ਕੇ ਉਠਾਉਣ ਲਈ ਉਕਸਾ ਰਹੀ ਹੈ । ਇਹ ਅਦਾਲਤੀ ਅੱਤਵਾਦ ਹੈ ਅਤੇ ਗੈਰਜਮਹੂਰੀ ਅਤੇ ਮਨੁੱਖੀ ਅਧਿਕਾਰ ਵਿਰੋਧੀ ਹੈ ।
ਭਾਰਤ ਸਰਕਾਰ ਵੱਲੋਂ ਤਕਰੀਬਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਕੈਦ ਕੀਤੇ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਮੋਹਾਲੀ ਵਿੱਚ ਸ਼ਾਂਤਮਈ ਮੋਰਚਾ ਲਾਇਆ ਹੋਇਆ ਹੈ । ਕਿਸੇ ਵੀ ਜਮਹੂਰੀ ਰਾਜ ਪ੍ਰਬੰਧ ਵਿੱਚ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਅਵਾਜ਼ ਉਠਾਉਣ, ਧਰਨੇ ਲਾਉਣ ਜਾਂ ਪ੍ਰਦਰਸ਼ਨ ਕਰਨ ਦਾ ਹੱਕ ਹੁੰਦਾ ਹੈ । ਅਦਾਲਤ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਬੰਦੀ ਸਿੰਘਾਂ ਨੂੰ ਰਿਹਾਈ ਦਾ ਆਦੇਸ਼ ਦਿੰਦੀ ਇਸ ਦੇ ਉਲਟ ਉਸ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਸਿੱਖਾਂ ਉੱਤੇ ਹੀ ਸਖਤੀ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ । ਸਿੱਖਾਂ ਦਾ ਭਾਰਤ ਅੰਦਰ ਇਹ ਤਜਰਬਾ ਹੈ ਕਿ ਅਦਾਲਤਾਂ ਹਮੇਸ਼ਾਂ ਬਹੁਗਿਣਤੀ ਹਿੰਦੂਆਂ ਦਾ ਹੀ ਪੱਖ ਪੂਰਦੀਆਂ ਹਨ । ਬਲਾਤਕਾਰੀਆਂ ਨੂੰ ਪੈਰੋਲਾਂ ਦਿੰਦੀਆਂ ਹਨ, ਹਿੰਦੂ ਅੱਤਵਾਦੀਆਂ ਨੂੰ ਬਰੀ ਕਰਦੀਆਂ ਹਨ ਅਤੇ ਉੱਚ ਜਾਤੀ ਭ੍ਰਿਸ਼ਟਾਚਾਰੀਆਂ ਨੂੰ ਖੁੱਲ੍ਹਾਂ ਦਿੰਦੀਆਂ ਹਨ ਅਤੇ ਇਸ ਦੇ ਉਲਟ ਬੇਗੁਨਾਹ ਸਿੱਖਾਂ ਨੂੰ ਉਮਰ ਕੈਦਾਂ ਅਤੇ ਪੈਰੋਲਾਂ ਵੀ ਨਾ ਦੇਣਾ ਇਨ੍ਹਾਂ ਅਦਾਲਤਾਂ ਲਈ ਆਮ ਹੈ ।
ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਉੱਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਤਾਂ ਅਦਾਲਤਾਂ ਨੂੰ ਨਹੀਂ ਦਿਸਦੇ ਪਰ ਸੜਕਾਂ ਬੰਦ ਹੋਣ ਨਾਲ ਆਮ ਲੋਕਾਂ ਨੂੰ ਆ ਰਹੀ ਮੁਸ਼ਕਲ ਨੂੰ ਲੈ ਕੇ ਸਿੱਖਾਂ ਉੱਤੇ ਦਮਨ ਚੱਕਰ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਪਣੇ ਰੁਤਬੇ ਦਾ ਇਸਤੇਮਾਲ ਕਰਨ ਲਈ ਤਤਪਰ ਹੈ । ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਦੀ ਪੰਜਾਬ ਦੀਆਂ ਸਮੁੱਚੀਆਂ ਸਿੱਖ ਹਿਤੈਸ਼ੀ ਪੰਥਕ ਅਤੇ ਸਮਾਜੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਅਦਾਲਤੀ ਅੱਤਵਾਦ ਦਾ ਡਟ ਕੇ ਵਿਰੋਧ ਕਰਨ । ਅਖਾਣ ‘ਗੱਲ ਸਹੇ ਦੀ ਨਹੀਂ ਬਲਕਿ ਪਹੇ ਦੀ ਹੈ’ ਅਨੁਸਾਰ ਜੇ ਇਕ ਵਾਰ ਅਦਾਲਤੀ ਹੁਕਮਾਂ ਰਾਹੀਂ ਮੋਰਚੇ ਚੁੱਕਣ ਦਾ ਦਸਤੂਰ ਕਾਇਮ ਹੋ ਗਿਆ ਤਾਂ ਪੁਲਿਸ ਵੱਲੋਂ ਆਪਣੇ ਹੱਕ ਲੈਣ ਲਈ ਅਵਾਜ਼ ਉਠਾਉਣ ਵਾਲੀ ਹਰ ਧਿਰ ਉੱਤੇ ਜ਼ੁਲਮ ਦਾ ਸਖਤ ਦੌਰ ਸ਼ੁਰੂ ਹੋ ਜਾਵੇਗਾ । ਭਾਰਤ ਦੀ ਮੌਜੂਦਾ ਸਥਿਤੀ ਵਿੱਚ ਹਿੰਦੂਵਾਦੀ ਪਾਰਟੀ ਬੀ ਜੇ ਪੀ ਦੇ ਸ਼ਾਸਨਕਾਲ ਵਿੱਚ ਇਹ ਵਰਤਾਰਾ ਆਮ ਹੁੰਦਾ ਜਾ ਰਿਹਾ ਹੈ ਅਤੇ ਜੇ ਇਸ ਨੂੰ ਠੱਲ੍ਹ ਨਾ ਪਾਈ ਤਾਂ ਇਹ ਅੱਗੇ ਵਧਦਾ ਹੀ ਜਾਵੇਗਾ । ਇਸ ਲਈ ਬੇਨਤੀ ਹੈ ਕਿ ਆਪਣੇ ਨਿੱਜੀ ਵਖਰੇਵਿਆਂ ਨੂੰ ਅੱਖੋਂ ਪਰੋਖੇ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਹਿਤ ਲੱਗੇ ਮੋਰਚੇ ਦੇ ਹੱਕ ਵਿੱਚ ਖੜਿਆ ਜਾਵੇ ਤੇ ਅਦਾਲਤੀ ਤੇ ਸਰਕਾਰੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਜਾਵੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।