ਜਰਮਨੀ 10 ਫਰਵਰੀ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ ,ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ , ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ, ਇੰਗਲੈਂਡ ,ਭਾਈ ਗੁਰਪਾਲ ਸਿੰਘ , ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਂਸ ਅਤੇ ਭਾਈ ਕੁਲਦੀਪ ਸਿੰਘ ਬੈਲਜੀਅਮ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇੰਡੀਆਂ ਦੀ ਸਤਾ ਤੇ ਕਾਬਜ਼ ਬ੍ਰਾਹਮਣਵਾਦੀ ਸੋਚ ਦੀ ਧਾਰਨੀ ਮੋਦੀ ਸਰਕਾਰ ਸਿਧਾਂਤਕ ਤੌਰ ਤੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਸਮਝਦੀ ਹੈ ਅਤੇ ਉਹ ਸਿੱਖ ਕੌਮ ਦੀ ਨਿਆਰੀ ਹੋਂਦ ਹਸਤੀ ਨੂੰ ਬਰਦਾਸ਼ਤ ਨਹੀਂ ਕਰਦੀ । ਗੁਰਦੁਆਰਾ ਸਾਹਿਬਾਨ ਸਿੱਖੀ ਦੇ ਕੇਂਦਰ ਹਨ ਅਤੇ ਮੌਜੂਦਾ ਸਰਕਾਰ ਸਿੱਖੀ ਦੇ ਇਹਨਾਂ ਕੇਂਦਰਾਂ ਉੱਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਕਬਜ਼ੇ ਲਈ ਬਜ਼ਿੱਦ ਹੈ ਜਦਕਿ ਅਜ਼ਾਦੀ ਪਸੰਦ ਸਿੱਖਾਂ ਦਾ ਮੰਨਣਾ ਹੈ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿਰਫ ਸੁਹਿਰਦ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਸਿੱਖਾ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਾ ਪ੍ਰਬੰਧ ਅੰਦਰ ਵੋਟ ਪ੍ਰਣਾਲੀ ਸਿੱਖਾਂ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ । ਮੌਜੂਦਾ ਮੋਦੀ ਸਰਕਾਰ ਵੱਲੋਂ ਸਿੱਖਾਂ ਨੂੰ ਆਪਣੇ ਹੱਕ ਵਿੱਚ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਅੰਦਰ ਕੁਝ ਸਿੱਖ ਚਿਹਰਿਆਂ ਨੂੰ ਚੋਗਾ ਪਾ ਕੇ ਆਪਣੇ ਹੱਕ ਵਿੱਚ ਸਿੱਖਾਂ ਨੂੰ ਭੁਗਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਕਵਾਇਦ ਦੀ ਨਾਕਾਮੀ ਤੋਂ ਬਾਅਦ ਹੁਣ ਇਹ ਮੌਜੂਦਾ ਸਰਕਾਰ ਸਿੱਖਾਂ ਦੇ ਗੁਰਧਾਮਾਂ ਉੱਤੇ ਸਿੱਧੇ ਕਬਜ਼ਾ ਕਰਨ ਤੇ ਉੱਤਰ ਆਈ ਹੈ । ਯਾਦ ਰਹੇ ਕਿ ਇਹ ਉਹ ਹੀ ਸਰਕਾਰ ਹੈ ਜਿਸਨੇ ਪਿਛਲੇ ਦਿਨਾਂ ਵਿੱਚ ਸਿੱਖ ਵਿਰੋਧੀ ਅਤੇ ਕਾਤਲ ਐਲ ਕੇ ਅਡਵਾਨੀ ਅਤੇ ਪੀ ਵੀ ਨਰਸਿਮ੍ਹਾਂ ਰਾਓ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ । ਐਲ ਕੇ ਅਡਵਾਨੀ ਇੰਡੀਆਂ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਜ਼ੋਰ ਪਾਉਣ ਵਾਲਾ ਅਤੇ ਹਮਲਾ ਕਰਨ ਤੋਂ ਬਾਅਦ ਖੁਸ਼ੀਆਂ ਮਨਾਉਣ ਵਾਲਾ ਵਿਅਕਤੀ ਹੈ । 1984 ਵਿੱਚ ਸਿੱਖ ਨਸਲਕੁਸ਼ੀ ਵੇਲੇ ਹੋਮ ਮਨਿਸਟਰ ਨਰਸਿੰਮਹਾ ਰਾਓ ਜਿਸ ਨੇ 1990ਵਿਆਂ ਵਿੱਚ ਸਿੱਖ ਨੌਜਵਾਨੀ ਦਾ ਬੇਦਰੇਗ ਹੋ ਕੇ ਘਾਣ ਕੀਤਾ ਸੀ । ਇਹੋ ਜਿਹੇ ਦਰਿੰਦਿਆਂ ਨੂੰ ਭਾਰਤ ਰਤਨ ਦੇਣ ਵਾਲੀ ਸਰਕਾਰ ਸਿੱਖਾਂ ਦੀ ਹਿਤੈਸ਼ੀ ਕਦੇ ਨਹੀਂ ਹੋ ਸਕਦੀ ਅਤੇ ਸਿੱਖਾਂ ਨੂੰ ਇਸ ਸਰਕਾਰ ਨੂੰ ਹਮੇਸ਼ਾਂ ਆਪਣੀ ਦੁਸ਼ਮਣ ਸਰਕਾਰ ਹੀ ਸਮਝਣਾ ਚਾਹੀਦਾ ਹੈ । ਸਿੱਖਾਂ ਦੇ ਗੁਰਧਾਮਾਂ ਉੱਤੇ ਕਬਜ਼ਾ ਕਰਨ ਦੀ ਸੋਚ ਰੱਖਣ ਵਾਲੀ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ।ਪਹਿਲਾਂ ਹੀ ਦਿੱਲੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਿੰਦੁਤਵੀ ਤਾਕਤਾਂ ਦੇ ਹਥ ਠੋਕਿਆ ਦਾ ਕਬਜ਼ਾ ਹੋ ਚੁੱਕਾ ਹੈ । ਸਿੱਖਾਂ ਦੇ ਗੁਰਧਾਮ ਕਿਸੇ ਸਰਕਾਰ ਦੀ ਮਲਕੀਅਤ ਨਹੀਂ ਹਨ ਬਲਕਿ ਸਿੱਖਾਂ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਹਨ । ਇਹਨਾਂ ਨੂੰ ਅਜ਼ਾਦ ਰੱਖਣ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਣਾ ਚਾਹੀਦਾ ਹੈ । ਸਿੱਖ ਕੌਮ ਦੀ ਮੌਜੂਦਾ ਸਿਆਸੀ ਲੀਡਰ ਜੋ ਕਿ ਇੰਡੀਆਂ ਦੇ ਸੰਵਿਧਾਨ ਉੱਤੇ ਨਿਸਚਾ ਰੱਖਦੀ ਹੈ ਉਹ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਸਿੱਖ ਧਰਮ ਦੀ ਹਾਨੀ ਸਹਿਜੇ ਹੀ ਬਰਦਾਸ਼ਤ ਕਰ ਲੈਂਦੀ ਹੈ । ਹਿੰਦੁਤਵੀ ਤਾਕਤਾਂ ਵਲੋਂ ਤਖ਼ਤ ਸੱਚਖੰਡ ਸ੍ਰੀ ਅਬਿਚਲ ਨਗਰ, ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਉੱਤੇ ਕਬਜ਼ੇ ਨੂੰ ਵੀ ਇਹ ਲੀਡਰਸ਼ਿਪ ਗੱਲਬਾਤ ਨਾਲ ਅਤੇ ਝੂਠੇ ਸਰਕਾਰੀ ਵਾਅਦਿਆਂ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰੇਗੀ ਸਾਡੀ ਬੇਨਤੀ ਹੈ ਕਿ ਸੁਹਿਰਦ ਸਿੱਖਾਂ ਨੂੰ ਚੇਤੰਨ ਰਹਿਣਾ ਚਾਹੀਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਅੰਦਰ ਕਿਸੇ ਰੂਪ ਵਿੱਚ ਵੀ ਸਰਕਾਰ ਦਾ ਦਖਲ ਨਾ ਹੋਵੇ । ਵਰਲਡ ਸਿੱਖ ਪਾਰਲੀਮੈਂਟ ਇਸ ਧਾਰਨਾ ਦੀ ਹਾਮੀ ਹੈ ਕਿ ਜਦੋਂ ਤੱਕ ਸਿੱਖ ਅਜ਼ਾਦ ਨਹੀਂ ਹੋ ਜਾਂਦੇ ਉਦੋਂ ਤੱਕ ਗੈਰ ਸਰਕਾਰਾਂ ਸਿੱਖਾਂ ਨੂੰ ਗੁਲਾਮ ਬਣਾਈ ਰੱਖਣ ਲਈ ਸਿੱਖਾਂ ਉੱਤੇ ਜ਼ਾਹਰਾ ਅਤੇ ਲੁਕਵੇਂ ਹਮਲੇ ਕਰਦੀਆਂ ਰਹਿਣਗੀਆਂ । ਜਿੱਥੇ ਆਓ ਅੱਜ ਅਸੀਂ ਤਖਤ ਹਜ਼ੂਰ ਸਾਹਿਬ ਨੂੰ ਸਰਕਾਰੀ ਕਬਜ਼ੇ ਤੋਂ ਅਜ਼ਾਦ ਕਰਵਾਉਣ ਲਈ ਸੰਘਰਸ਼ ਕਰੀਏ ਉੱਥੇ ਸਾਡਾ ਮੁੱਖ ਨਿਸ਼ਾਨ ਆਪਣੇ ਅਜ਼ਾਦ ਘਰ ਦੀ ਪ੍ਰਾਪਤੀ ਹੋਣਾ ਚਾਹੀਦਾ ਹੈ ਜਿੱਥੇ ਬਿਨਾਂ ਕਿਸੇ ਰੋਕ ਟੋਕ ਤੋਂ ਸਿੱਖ ਅਜ਼ਾਦੀ ਨਾਲ ਆਪਣੇ ਧਰਮ ਅਨੁਸਾਰ ਵਿਚਰ ਸਕਣਗੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।