Home » Blog » ਕਿਰਪਾਨ, ਨੀਲਾ ਬਾਣਾ ਤੇ ਖਾਲਸਾਈ ਅਣਖ ਭੁੱਲ ਕੇ ਹਿੰਦੂਤਵ ਤਾਕਤਾਂ ਦੀ ਗੁਲਾਮੀ ਕਿਉਂ..?—ਮਾਨ

ਕਿਰਪਾਨ, ਨੀਲਾ ਬਾਣਾ ਤੇ ਖਾਲਸਾਈ ਅਣਖ ਭੁੱਲ ਕੇ ਹਿੰਦੂਤਵ ਤਾਕਤਾਂ ਦੀ ਗੁਲਾਮੀ ਕਿਉਂ..?—ਮਾਨ

SHARE ARTICLE

8 Views

ਨਵੀਂ ਦਿੱਲੀ, 4 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਕਿਰਪਾਨ, ਨੀਲਾ ਬਾਣਾ, ਘੋੜਸਵਾਰੀ, ਬਾਜ਼ ਅਤੇ ਅਕਾਲ ਪੁਰਖ ਵਿੱਚ ਅਟੁੱਟ ਵਿਸ਼ਵਾਸ ਵਾਲੀ ਅਣਖੀਲੀ ਤੇ ਆਜ਼ਾਦ ਸਿੱਖ ਪਹਿਚਾਣ ਬਖ਼ਸ਼ੀ, ਪਰ ਅਫ਼ਸੋਸ ਅੱਜ ਸਿੱਖਾਂ ਦਾ ਵੱਡਾ ਹਿੱਸਾ ਆਪਣੀ ਨਿਰਾਲੀ ਪਹਿਚਾਣ ਅਤੇ ਸੋਚ ਤੋਂ ਦੂਰ ਹੋ ਕੇ ਬੀਜੇਪੀ-ਆਰ.ਐਸ.ਐਸ., ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਗੀਆਂ ਸਿਆਸੀ ਤਾਕਤਾਂ ਦੇ ਪਿੱਛੇ ਤੁਰ ਰਿਹਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਦੀ ਬਰਸੀ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਪੰਜਾਬ ਦੇ ਪਾਣੀਆਂ ਅਤੇ ਕੌਮੀ ਹੱਕਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਜ਼ੁਲਮ ਅੱਗੇ ਨਾ ਝੁਕਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਲੀਡਰਸ਼ਿਪ ਦਾ ਇੱਕ ਹਿੱਸਾ ਵੀ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਲਈ ਤਾਕਤਵਰ ਧਿਰਾਂ ਅੱਗੇ ਝੁਕ ਰਿਹਾ ਹੈ, ਜਦਕਿ ਗੁਰੂ ਸਾਹਿਬਾਨ ਦੀ ਬਾਣੀ ਤੇ ਬਾਣਾ ਸਾਨੂੰ ਅਣਖ, ਆਜ਼ਾਦੀ ਅਤੇ ਸਰਬੱਤ ਦੇ ਭਲੇ ਦੀ ਸੋਚ ਨਾਲ ਜਿਊਣ ਦਾ ਮਾਰਗ ਦਿਖਾਉਂਦੇ ਹਨ। ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਉੱਤੇ ਜਨ-ਗਣ-ਮਨ, ਵੰਦੇ ਮਾਤਰਮ ਜਾਂ ਕਿਸੇ ਵੀ ਧਾਰਮਿਕ ਅਡੰਬਰ ਨੂੰ ਜਬਰੀ ਥੋਪਣਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਸਿੱਖ ਆਪਣੇ ਗੁਰੂ ਸਾਹਿਬ ਦੇ “ਦੇਹ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ” ਦੇ ਸਿਧਾਂਤ ’ਤੇ ਹੀ ਪਹਿਰਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਾਖੀ ਲਈ ਜ਼ਬਰ ਅੱਗੇ ਨਾ ਝੁਕਣ ਦਾ ਪ੍ਰਣ ਕਰਨਾ ਹੋਵੇਗਾ ਅਤੇ ਅਜਿਹਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਯਤਨ ਕਰਨਾ ਹੋਵੇਗਾ, ਜਿਸ ਵਿੱਚ ਹਿੰਦੂ, ਮੁਸਲਿਮ, ਇਸਾਈ, ਸਿੱਖ ਅਤੇ ਹਰ ਵਰਗ ਨੂੰ ਬਰਾਬਰਤਾ, ਇਨਸਾਫ਼ ਤੇ ਸੁਰੱਖਿਆ ਮਿਲੇ। ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਆਪਣੇ ਹੱਕਾਂ, ਪਾਣੀਆਂ ਅਤੇ ਕੌਮੀ ਪਹਿਚਾਣ ਨਾਲ ਜੁੜੇ ਮੁੱਦਿਆਂ ਨੂੰ ਮੁੱਖ ਰੱਖ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣਾ ਚਾਹੀਦਾ ਹੈ ਜੋ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਗੁਰੂ ਸਾਹਿਬ ਦੀ ਬਰਾਬਰੀ, ਇਨਸਾਫ਼, ਆਜ਼ਾਦੀ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਅਮਲ ਵਿੱਚ ਲਿਆਉਣਾ ਹੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News