Home » ਨਵੀਂ ਦਿੱਲੀ » ਨਿਊਯਾਰਕ ‘ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਖਾਲਸਾਈ ਰੋਸ਼-ਪ੍ਰਦਰਸ਼ਨ; ਮੈਨਹੈਟਨ ’ਚ ਲਹਿਰਾਏ ਖਾਲਿਸਤਾਨੀ ਝੰਡੇ

ਨਿਊਯਾਰਕ ‘ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਖਾਲਸਾਈ ਰੋਸ਼-ਪ੍ਰਦਰਸ਼ਨ; ਮੈਨਹੈਟਨ ’ਚ ਲਹਿਰਾਏ ਖਾਲਿਸਤਾਨੀ ਝੰਡੇ

SHARE ARTICLE

21 Views

👉 ਸਿੱਖ ਆਗੂਆਂ ਵੱਲੋਂ ਅਮਰੀਕਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਕੋਲੋਂ ਬਿਸ਼ਨੋਈ ਗੈਂਗ ਤੇ ਭਾਰਤ ਸਰਕਾਰ ਦੇ ਕਥਿਤ ਗਠਜੋੜ ਦੀ ਸੁਤੰਤਰ ਜਾਂਚ ਦੀ ਮੰਗ

ਨਵੀਂ ਦਿੱਲੀ 30 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਮੈਨਹੈਟਨ ਸਥਿਤ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਿੱਖ ਜਥੇਬੰਦੀਆਂ ਵੱਲੋਂ ਮੂੰਹ-ਤੋੜ ਜਵਾਬ ਦਿੰਦਿਆਂ ਪ੍ਰਚੰਡ ਵਿਰੋਧ ਕੀਤਾ ਗਿਆ। ‘ਲੈਂਡ ਆਫ਼ ਦ ਫ੍ਰੀ, ਹੋਮ ਆਫ਼ ਦ ਬ੍ਰੇਵ’ ਦੀ ਧਰਤੀ ‘ਤੇ ਸੰਘੀ ਫਾਸ਼ੀਵਾਦ ਅਤੇ ਨਫ਼ਰਤੀ ਏਜੰਡੇ ਦੀਆਂ ਧੱਜੀਆਂ ਉਡਾਉਂਦਿਆਂ ਹਜ਼ਾਰਾਂ ਸਿੱਖਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਆਜ਼ਾਦੀ ਦੇ ਨਾਅਰਿਆਂ ਨਾਲ ਪੂਰਾ ਮੈਨਹੈਟਨ ਗੁੰਜਾ ਦਿੱਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸੱਦੇ ‘ਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਸਿੱਖਾਂ ਨੇ ਆਰ.ਐੱਸ.ਐੱਸ. ਦੀ ਘੱਟਗਿਣਤੀ-ਵਿਰੋਧੀ ਵਿਚਾਰਧਾਰਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਬੁਲਾਰਿਆਂ ਨੇ ਆਰ.ਐੱਸ.ਐੱਸ. ਨੂੰ ਹਿੰਦੂਤਵੀ ਦਮਨ ਅਤੇ ਨਫ਼ਰਤ ਦੀ ਮੰਡੀ ਕਰਾਰ ਦਿੰਦਿਆਂ ਭਾਰਤ ਵਿੱਚ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਦੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ। ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਆਰ.ਐੱਸ.ਐੱਸ. ਦੇ ਜ਼ਹਿਰੀਲੇ ਏਜੰਡੇ ‘ਤੇ ਸਿੱਧਾ ਵਾਰ ਕਰਦਿਆਂ ਕਿਹਾ ਕਿ ਇਸ ਫਾਸ਼ੀਵਾਦੀ ਸੋਚ ਅਤੇ ਭਾਰਤੀ ਜਬਰ ਤੋਂ ਮੁਕਤੀ ਦਾ ਇੱਕੋ-ਇੱਕ ਰਸਤਾ ਪੰਜਾਬ ਦੀ ਪੂਰਨ ਰਾਜਨੀਤਕ ਆਜ਼ਾਦੀ ਅਤੇ ਸਵੈ-ਨਿਰਣਾ ਹੈ। ਉਨ੍ਹਾਂ ਭਾਰਤੀ ਹਕੂਮਤ ਅਤੇ ਆਰ.ਐੱਸ.ਐੱਸ. ਦੇ ਨਾਪਾਕ ਗਠਜੋੜ ਨੂੰ ਨੰਗਾ ਕਰਦਿਆਂ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਵਰਤੋਂ ਕਰਕੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਅਤੇ ਹਿੰਸਕ ਹਮਲੇ ਕਰਵਾਏ ਜਾ ਰਹੇ ਹਨ, ਜਿਸ ਦੀ ਅੰਤਰਰਾਸ਼ਟਰੀ ਪੱਧਰ ‘ਤੇ ਜਾਂਚ ਹੋਣੀ ਲਾਜ਼ਮੀ ਹੈ। ਡਾ. ਅਮਰਜੀਤ ਸਿੰਘ ਅਤੇ ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ ਨੇ ਆਰ.ਐੱਸ.ਐੱਸ. ਦੀ ਸਰਹੱਦ-ਪਾਰ ਦਹਿਸ਼ਤਗਰਦੀ ਅਤੇ ‘ਟਰਾਂਸਨੈਸ਼ਨਲ ਰਿਪਰੈਸ਼ਨ’ ਦਾ ਪੋਲ- ਖੋਲ੍ਹਦਿਆਂ ਕਿਹਾ ਕਿ ਸਿੱਖ ਡਾਇਸਪੋਰਾ ਅਮਰੀਕਾ ਵਰਗੇ ਲੋਕਤੰਤਰੀ ਮੁਲਕਾਂ ਦੀ ਧਰਤੀ ‘ਤੇ ਆਰ.ਐੱਸ.ਐੱਸ. ਦੇ ਗੁੰਡਾਗਰਦੀ ਵਾਲੇ ਚਿਹਰੇ ਨੂੰ ਸੰਸਾਰ ਸਾਹਮਣੇ ਬੇਨਕਾਬ ਕਰਦਾ ਰਹੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਕੌਮ ਆਪਣੇ ਮਨੁੱਖੀ ਅਤੇ ਰਾਜਨੀਤਕ ਹੱਕਾਂ ਲਈ ਆਰ.ਐੱਸ.ਐੱਸ. ਵਿਰੁੱਧ ਜੰਗ ਅੰਤਰਰਾਸ਼ਟਰੀ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਮੰਚਾਂ ‘ਤੇ ਹੋਰ ਤੇਜ਼ ਕਰੇਗੀ। ਅੰਤ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਰ.ਐੱਸ.ਐੱਸ. ਦੀਆਂ ਕੌਮ-ਵਿਰੋਧੀ ਨੀਤੀਆਂ ਖ਼ਿਲਾਫ਼ ਮੈਦਾਨ ‘ਚ ਨਿੱਤਰੀਆਂ ਸਮੂਹ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਨੌਜਵਾਨਾਂ ਦਾ ਧੰਨਵਾਦ ਕੀਤਾ। ਕਮੇਟੀ ਨੇ ਐਲਾਨ ਕੀਤਾ ਕਿ ਆਰ.ਐੱਸ.ਐੱਸ. ਦੇ ਫਾਸ਼ੀਵਾਦੀ ਏਜੰਡੇ ਦਾ ਹਰ ਗਲੋਬਲ ਮੰਚ ‘ਤੇ ਵਿਰੋਧ ਹੋਰ ਵੀ ਤਿੱਖੇ, ਸੰਗਠਿਤ ਅਤੇ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News